
ਮਾਸਕੋ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਰੂਸ ਦੇ ਪੰਜ ਦਿਨਾਂ ਦੇ ਦੌਰੇ ’ਤੇ ਮਾਸਕੋ ਪਹੁੰਚ ਗਏ ਹਨ। ਇਸ ਦੌਰਾਨ ਉਹ ਆਪਣੇ ਹਮਰੁਤਬਾ ਨਾਲ ਵੱਖ-ਵੱਖ ਦੁਵੱਲੇ ਤੇ ਆਲਮੀ ਮੁੱਦਿਆਂ ’ਤੇ ਚਰਚਾ ਕਰਨਗੇ। ਜੈਸ਼ੰਕਰ ਦੌਰੇ ਦੌਰਾਨ ਸੇਂਟ ਪੀਟਰਜ਼ਬਰਗ ਵੀ ਜਾਣਗੇ। ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ, ‘ਸਮਿਆਂ ਦੇ ਪਰਖੇ ਹੋਏ ਭਾਰਤ-ਰੂਸ ਦੇ ਰਿਸ਼ਤੇ ਸਥਿਰ ਹਨ। ਵਿਸ਼ੇਸ਼ ਰਣਨੀਤਕ ਭਾਈਵਾਲੀ ਦੀ ਭਾਵਨਾ ਭਵਿੱਖ ਵਿਚ ਵੀ ਇਨ੍ਹਾਂ ਦਾ ਕਿਰਦਾਰ ਤੈਅ ਕਰਦੀ ਰਹੇਗੀ।’ ਭਾਰਤੀ ਵਿਦੇਸ਼ ਮੰਤਰੀ ਰੂਸ ਦੇ ਉਪ ਪ੍ਰਧਾਨ ਮੰਤਰੀ ਅਤੇ ਉਦਯੋਗ ਤੇ ਵਪਾਰ ਮੰਤਰੀ ਡੇਨਿਸ ਮੰਟੁਰੋਵ ਨੂੰ ਵੀ ਮਿਲਣਗੇ। ਦੋਵੇਂ ਆਗੂ ਆਰਥਿਕ ਰਾਬਤੇ ਨਾਲ ਜੁੜੇ ਮਾਮਲਿਆਂ ’ਤੇ ਚਰਚਾ ਕਰਨਗੇ। ਉਹ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਵੀ ਦੁਵੱਲੇ, ਬਹੁਪਰਤੀ ਤੇ ਆਲਮੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੌਰਾਨ ਦੋਵਾਂ ਮੁਲਕਾਂ ਦੇ ਲੋਕਾਂ ਦੇ ਆਪਸੀ ਰਾਬਤੇ ਅਤੇ ਸਭਿਆਚਾਰਕ ਸਬੰਧਾਂ ਉਤੇ ਵੀ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਮਾਸਕੋ ਤੇ ਸੇਂਟ ਪੀਟਰਜ਼ਬਰਗ ਵਿਚ ਕਈ ਮੀਟਿੰਗਾਂ ਕਰਨਗੇ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦਰਮਿਆਨ ਵਪਾਰ, ਊਰਜਾ, ਰੱਖਿਆ ਤੇ ਸੰਪਰਕ ਜਿਹੇ ਦੁਵੱਲੇ ਸਬੰਧਾਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਉਤੇ ਹਮਲਾ ਕਰਨ ਦੇ ਬਾਵਜੂਦ ਨਵੀਂ ਦਿੱਲੀ ਤੇ ਮਾਸਕੋ ਦੇ ਰਿਸ਼ਤੇ ਮਜ਼ਬੂਤ ਬਣੇ ਹੋਏ ਹਨ। ਪੱਛਮੀ ਮੁਲਕਾਂ ਦੇ ਇਤਰਾਜ਼ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਕਾਫ਼ੀ ਕੱਚਾ ਤੇਲ ਦਰਾਮਦ ਕੀਤਾ ਹੈ। ਭਾਰਤ ਨੇ ਹਾਲੇ ਤੱਕ ਯੂਕਰੇਨ ਮਾਮਲੇ ’ਤੇ ਰੂਸ ਦੀ ਨਿਖੇਧੀ ਵੀ ਨਹੀਂ ਕੀਤੀ ਹੈ, ਤੇ ਸੰਕਟ ਦਾ ਹੱਲ ਕੂਟਨੀਤੀ ਤੇ ਸੰਵਾਦ ਰਾਹੀਂ ਕੱਢਣ ਦਾ ਪੱਖ ਪੂਰਿਆ ਹੈ।