ਨਕਾਬੀ ਚਿਹਰੇ

ਨਕਾਬੀ ਚਿਹਰੇ

ਗੁਰਿੰਦਰ ਅੱਜ ਡਿਊਟੀ ਤੋਂ ਕਾਫੀ ਦੇਰ ਨਾਲ ਘਰ ਆਇਆ। ਪਰਿਵਾਰ ਉਸਦੀ ਉਡੀਕ ਕਰ ਰਿਹਾ ਸੀ। ਗੁਰਿੰਦਰ ਦੇ ਘਰ ਵੜਨ ਤੇ ਉਸ ਦੇ ਪਿਤਾ ਨੇ ਉਸਦੇ ਚਿਹਰੇ ਤੇ ਤਨਾਅ ਤੇ ਗੁੱਸੇ ਨੂੰ ਭਾਂਪ ਲਿਆ ਸੀ। ਮੌਕੇ ਦੀ ਨਜ਼ਾਕਤ ਅਨੁਸਾਰ ਪਿਤਾ ਜੀ ਨੇ ਉਸ ਲਈ ਜਲਦੀ ਪਾਣੀ ਮੰਗਵਾਇਆ ਤੇ ਚਾਹ ਬਣਾਉਣ ਲਈ ਕਹਿ ਦਿੱਤਾ। ਪਿਤਾ ਜੀ, "ਪੁੱਤਰ, ਕੀ ਗੱਲ ਅੱਜ ਲੇਟ ਹੋ ਗਏ ਕੋਈ ਮੁਸ਼ਕਿਲ ਸੀ ??"। ਗੁਰਿੰਦਰ ਨੇ ਕਾਹਲੀ ਨਾਲ ਪਾਣੀ ਪੀਤਾ ਤੇ ਥੋੜਾ ਰੁੱਕ ਕੇ, "ਪਿਤਾ ਜੀ, ਰਵਿੰਦਰ ਨੇ ਮੇਰੀਆਂ ਮੁਸ਼ਕਿਲਾਂ ਬਹੁਤ ਵਧਾ ਦਿੱਤੀਆਂ ਨੇ। ਉਸਨੇ ਆਪਣੀ ਔਖੀ ਜ਼ਿੰਮੇਵਾਰੀ ਚਲਾਕੀ ਨਾਲ ਮੇਰੇ ਸਿਰ ਮੜ੍ਹ ਦਿੱਤੀ ਹੈ। ਹੁਣ ਮਜ਼ਬੂਰੀ ਵੱਸ ਮੈਨੂੰ ਹੀ ਨਿਭਾਉਣੀ ਪਵੇਗੀ"। ਪਿਤਾ ਜੀ, "ਤੂੰ ਤੇਂ ਉਸਦੀਆਂ ਤਾਰੀਫਾਂ ਕਰਦਾ ਨਹੀ ਸੀ ਥੱਕਦਾ। ਉਸ ਤੇ ਲੋੜ ਤੋਂ ਵੱਧ ਵਿਸ਼ਵਾਸ ਤੇ ਉਸਦੀ ਮਿੱਠੀ ਬੋਲਬਾਣੀ ਦੀ ਤਾਰੀਫ ਕਰਦਾ ਰਹਿੰਦਾ ਸੀ। ਸਗੋਂ ਅਸੀਂ ਕਹਿੰਦੇ ਸਾਂ ਕਿਸੇ ਤੇ ਲੋੜ ਤੋਂ ਜਿਆਦਾ ਵਿਸ਼ਵਾਸ ਮਾਰੂ ਹੁੰਦਾ ਵਾ। ਤੂੰ ਇੱਕ ਨਹੀ ਮੰਨੀ"। ਗੁਰਿੰਦਰ, "ਪਿਤਾ ਜੀ, ਉਸਨੇ ਕਦੇ ਮੈਨੂੰ ਮਹਿਸੂਸ ਹੀ ਨਹੀ ਹੋਣ ਦਿੱਤਾ ਕਿ ਉਹ ਇਵੇਂ ਕਰ ਸਕਦਾ। ਇਸਤੋਂ ਇਲਾਵਾ ਵੀ ਉਸਨੇ ਮੇਰੇ ਨਾਲ ਕਈ ਵਾਰ ਧੋਖਾ ਕੀਤਾ ਪਰ ਮੈ ਕਿਸੇ ਨਾਲ ਗੱਲ ਨਹੀ ਕੀਤੀ। ਮੈਨੂੰ ਹਾਲੇ ਤੱਕ ਵਿਸ਼ਵਾਸ ਨਹੀ ਆ ਰਿਹਾ। ਪਰ ਪਿਤਾ ਜੀ ਤੁਸੀ ਠੀਕ ਸੀ। ਮੈਂ ਉਸ ਨੂੰ ਪਛਾਨਣ ਚ ਗਲਤੀ ਕੀਤੀ। ਹੁਣ ਮੈਨੂੰ ਗੁੱਸੇ ਨਾਲ ਅੰਦਰੋਂ ਘੁੱਟਣ ਵੀ ਹੋ ਰਹੀ ਹੈ। ਆਪਣਾ ਕੰਮ ਬੰਦਾ ਹੱਸ ਕੇ ਕਰ ਲੈਂਦਾ ਹੈ, ਪਰ ਕਿਸੇ ਹੋਰ ਦਾ ਬੋਝ ਮਜ਼ਬੂਰੀ ਵਿੱਚ ਝੱਲਣਾ ਵੱਖਰਾ ਹੀ ਸੰਤਾਪ ਹੁੰਦਾ ਹੈ"। ਪਿਤਾ ਜੀ, "ਪੁੱਤਰ ਜੋ ਹੁੰਦਾ ਠੀਕ ਹੁੰਦਾ ਹੈ। ਤੈਨੂੰ ਹਾਲੇ ਵੀ ਸਹੀ ਸਮੇਂ ਤੇ ਪਤਾ ਲੱਗ ਗਿਆ ਸਹੀ ਗਲਤ ਦਾ। ਮੈ ਕੱਲ ਹੀ ਤੁਹਾਡੇ ਸੋਸ਼ਲ ਮੀਡੀਆ ਤੇ ਇੱਕ ਅਗਿਆਤ ਵੱਲੋਂ ਦਿੱਤੀ ਕਹਾਣੀ ਪੜੀ ਜਿਸ ਚ ਇੱਕ ਬੜੀ ਵੱਡੀ ਸਿੱਖਿਆ ਸੀ"। ਗੁਰਿੰਦਰ ਦਾ ਆਪਣੇ ਨਾਲ ਬੀਤੀ ਤੋਂ ਧਿਆਨ ਹੱਟ ਗਿਆ ਤੇ ਪਿਤਾ ਜੀ ਦੀ ਗੱਲ ਵੱਲ ਹੋ ਗਿਆ, "ਪਿਤਾ ਜੀ, "ਕਿਹੜੀ ਕਹਾਣੀ"। ਪਿਤਾ ਜੀ, "ਸੁਣ ਫਿਰ, ਇਕ ਔਰਤ ਇੱਕ ਛੋਟਾ ਜਿਹਾ ਸੱਪ (ਅਜਗਰ) ਪਾਲਤੂ ਵਜੋਂ ਆਪਣੇ ਘਰ ਲੈ ਆਈ। ਉਹ ਸੱਪ ਦੇ ਨਾਲ ਬਹੁਤ ਪਿਆਰ ਕਰਦੀ ਸੀ। ਉਸਦੇ ਵਧੀਆ ਖਾਣ-ਪੀਣ ਦੀ ਚਿੰਤਾ ਕਰਦੀ, ਪਿਆਰ ਨਾਲ ਉਸਨੂੰ ਪਾਲਦੀ, ਤੇ ਹਮੇਸ਼ਾ ਆਪਣੇ ਕੋਲ ਰੱਖਦੀ। ਸਮਾਂ ਲੰਘਦਾ ਗਿਆ, ਸੱਪ ਵੱਡਾ ਹੋ ਕੇ ਇੱਕ ਅਜਗਰ ਬਣ ਗਿਆ ਸੀ। ਫਿਰ ਵੀ, ਔਰਤ ਦੇ ਨਾਲ ਉਸਦਾ ਰਿਸ਼ਤਾ ਬੜਾ ਨੇੜਲਾ ਲੱਗਦਾ ਸੀ। ਉਹ ਸੱਪ ਵੀ ਇਸ ਤਰ੍ਹਾਂ ਰਲ ਮਿਲ ਕੇ ਰਹਿੰਦਾ ਜਿਵੇਂ ਉਹਨਾਂ ਦੇ ਵਿਚਕਾਰ ਕੋਈ ਰੂਹਾਨੀ ਰਿਸ਼ਤਾ ਹੋਵੇ। ਪਰ ਇਕ ਦਿਨ ਸੱਪ ਨੇ ਖਾਣਾ ਛੱਡ ਦਿੱਤਾ। ਜੋ ਕੁਝ ਵੀ ਔਰਤ ਉਸਨੂੰ ਖਾਣ ਲਈ ਦਿੰਦੀ, ਉਹ ਸੱਪ ਨਕਾਰ ਦਿੰਦਾ। ਉਹ ਭੁੱਖਾ ਰਹਿਣ ਲੱਗ ਪਿਆ, ਪਰ ਇੱਕ ਹੋਰ ਗੱਲ ਵੀ ਵਧਣ ਲੱਗੀ ਉਹ ਇਹ ਕਿ ਸੱਪ ਰੋਜ਼ ਔਰਤ ਦੇ ਸਰੀਰ ਦੁਆਲੇ ਲੰਮੇ ਲੰਮੇ ਕੁੰਡਲ ਪਾ ਕੇ ਲੇਟ ਜਾਂਦਾ। ਔਰਤ ਪਹਿਲਾਂ ਤਾਂ ਇਹਨੂੰ ਪਿਆਰ ਦਾ ਇਜ਼ਹਾਰ ਸਮਝੀ। ਪਰ ਜਦ ਸੱਪ ਨੇ ਕਈ ਦਿਨ ਭੁੱਖਾ ਰਹਿਣ ਦੇ ਬਾਵਜੂਦ ਵੀ ਕੁਝ ਨਹੀਂ ਖਾਧਾ, ਤਾਂ ਉਹ ਚਿੰਤਤ ਹੋਈ। ਆਖਰ ਉਹ ਉਸਨੂੰ ਜਾਨਵਰਾਂ ਦੇ ਹਸਪਤਾਲ ਲੈ ਗਈ। ਜਦ ਡਾਕਟਰ ਨੇ ਜਾਂਚ ਕੀਤੀ। ਡਾਕਟਰ ਨੇ ਕਿਹਾ, "ਇਹ ਸੱਪ ਤੁਹਾਨੂੰ ਖਾਣ ਦੀ ਤਿਆਰੀ ਕਰ ਰਿਹਾ ਸੀ। ਇਹ ਆਪਣੇ ਆਪ ਨੂੰ ਭੁੱਖਾ ਰੱਖ ਕੇ ਤੁਹਾਡੇ ਆਕਾਰ ਨੂੰ ਮਾਪ ਰਿਹਾ ਸੀ, ਤੇ ਤੁਹਾਡੇ ਦੁਆਲੇ ਆਪਣਾ ਜਾਲ ਫੈਲਾ ਰਿਹਾ ਸੀ, ਤਾਂ ਜੋ ਜਦ ਸਮਾਂ ਆਵੇ, ਤੁਹਾਨੂੰ ਪਚਾ ਸਕੇ। ਇਹ ਸੁਣ ਕੇ ਔਰਤ ਦੀ ਰੂਹ ਕੰਬ ਗਈ। ਇਹ ਸੁਣ ਕੇ ਔਰਤ ਨੇ ਤੁਰੰਤ ਫ਼ੈਸਲਾ ਲਿਆ ਅਤੇ ਉਸ ਨੇ ਸੱਪ ਦਾ ਮੋਹ ਤਿਆਗ ਦਿੱਤਾ ਤੇ ਸੱਪ ਨੂੰ ਜੰਗਲ ਵਿਭਾਗ ਦੇ ਕਰਮਚਾਰੀਆਂ ਨੂੰ ਸੌੰਪ ਦਿੱਤਾ"। ਗੁਰਿੰਦਰ, "ਬੜੀ ਦਿਲਚਸਪ ਤੇ ਸਿੱਖਿਆਦਾਇਕ ਕਹਾਣੀ ਹੈ ਇਹ"। ਪਿਤਾ ਜੀ, "ਹਾਂ ਪੁੱਤਰ, ਇਸ ਲਈ ਸਾਵਧਾਨ ਰਹੋ, ਕਈ ਵਾਰ ਜੋ ਸਾਡੇ ਨਾਲ ਨੇੜੇ ਰਹਿੰਦੇ ਹਨ, ਮਿੱਠਾ ਬੋਲਦੇ ਹਨ, ਪਿਆਰ ਦਾ ਨਾਟਕ ਕਰਦੇ ਹਨ, ਪਰ ਅੰਦਰੋਂ ਸਾਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਕਰ ਰਹੇ ਹੁੰਦੇ ਹਨ"। ਗੁਰਿੰਦਰ, "ਪਿਤਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ"। ਹੁਣ ਗੁਰਿੰਦਰ ਸਮਝ ਚੁੱਕਿਆ ਸੀ ਕਿ ਹਰ ਮੁਸਕਰਾਉਂਦਾ ਚਿਹਰਾ ਆਪਣਾ ਨਹੀਂ ਹੁੰਦਾ। ਕੁਝ ਚਿਹਰੇ ਸਿਰਫ਼ ਨਕਾਬ ਹੁੰਦੇ ਹਨ। ਇਹ ਵੀ ਕਿ ਤਜਰਬੇਕਾਰਾਂ ਦੀ ਨਸੀਹਤ ਸਮਾਂ ਆਉਣ ਤੇ ਹੀ ਸੱਚ ਸਾਬਤ ਹੁੰਦੀ ਹੈ।

ਜਸਬੀਰ ਸਿੰਘ ਥਿੰਦ