ਮਿਸ ਇੰਟਰਨੈਸ਼ਨਲ ਕਨੇਡਾ 2026: ਬਰੈਂਪਟਨ ਦੀ ਅਮਨਪ੍ਰੀਤ ਮਠਾੜੂ ਨੇ ਚੋਟੀ ਦੇ 12 ਫ਼ਾਈਨਲਿਸਟਾਂ ’ਚ ਬਣਾਈ ਜਗ੍ਹਾ

ਮਿਸ ਇੰਟਰਨੈਸ਼ਨਲ ਕਨੇਡਾ 2026: ਬਰੈਂਪਟਨ ਦੀ ਅਮਨਪ੍ਰੀਤ ਮਠਾੜੂ ਨੇ ਚੋਟੀ ਦੇ 12 ਫ਼ਾਈਨਲਿਸਟਾਂ ’ਚ ਬਣਾਈ ਜਗ੍ਹਾ

ਟੋਰਾਂਟੋ- ਕਨੇਡਾ ਦੇ ਓਨਟਾਰੀਓ ਸੂਬੇ ਵਿੱਚ ਸਥਿਤ ਬਰੈਂਪਟਨ ਸ਼ਹਿਰ ਦੀ ਭਾਰਤੀ-ਕਨੇਡੀਅਨ ਮੁਟਿਆਰ ਅਮਨਪ੍ਰੀਤ ਮਠਾੜੂ ਨੇ ‘ਮਿਸ ਇੰਟਰਨੈਸ਼ਨਲ ਕਨੇਡਾ 2026’ ਸੁੰਦਰਤਾ ਮੁਕਾਬਲੇ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਅਮਨਪ੍ਰੀਤ ਨੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਦਿ੍ਰੜਤਾ ਦੀ ਬਦੌਲਤ ਦੇਸ਼ ਭਰ ਦੀਆਂ ਪ੍ਰਤੀਯੋਗੀ ਕੁੜੀਆਂ ਨੂੰ ਪਛਾੜਦੇ ਹੋਏ ਚੋਟੀ ਦੇ 12 ਫ਼ਾਈਨਲਿਸਟਾਂ (ਟੌਪ 12) ਵਿੱਚ ਅਧਿਕਾਰਤ ਤੌਰ ’ਤੇ ਆਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ। ਇਸ ਇਤਿਹਾਸਕ ਸਫ਼ਲਤਾ ਨਾਲ ਉਹ ਰਾਸ਼ਟਰੀ ਖ਼ਿਤਾਬ ਜਿੱਤਣ ਦੇ ਬਹੁਤ ਨਜ਼ਦੀਕ ਪਹੁੰਚ ਗਈ ਹੈ, ਜਿਸ ਕਾਰਨ ਪੂਰੇ ਬਰੈਂਪਟਨ ਸ਼ਹਿਰ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਵਿੱਚ ਖ਼ੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ ਹੈ।
ਬਰੈਂਪਟਨ ਵਿੱਚ ਜੰਮੀ-ਪਲੀ ਅਮਨਪ੍ਰੀਤ ਮਾਠਾਰੂ ਸਿਰਫ਼ ਸੁੰਦਰਤਾ ਦੇ ਮੰਚ ਤੱਕ ਹੀ ਸੀਮਤ ਨਹੀਂ ਹੈ, ਬਲਕਿ ਉਹ ਸਮਾਜ ਵਿੱਚ ਔਰਤਾਂ ਦੇ ਸਸ਼ਕਤੀਕਰਨ ਅਤੇ ਮਾਨਸਿਕ ਤੰਦਰੁਸਤੀ ਲਈ ਲਗਾਤਾਰ ਆਵਾਜ਼ ਬੁਲੰਦ ਕਰ ਰਹੀ ਹੈ। ਆਪਣੀ ਵਿਸ਼ੇਸ਼ ਮੁਹਿੰਮ ਰਾਹੀਂ ਉਹ ਨੌਜਵਾਨ ਲੜਕੀਆਂ ਨੂੰ ਕਲਾਤਮਕ ਪ੍ਰਗਟਾਵੇ ਦੀ ਮਦਦ ਨਾਲ ਆਤਮ-ਵਿਸ਼ਵਾਸ ਵਧਾਉਣ ਅਤੇ ਆਪਣੀ ਵਿਲੱਖਣ ਪਛਾਣ ਬਣਾਉਣ ਲਈ ਪ੍ਰੇਰਿਤ ਕਰਦੀ ਆ ਰਹੀ ਹੈ। ਇਸ ਵੱਕਾਰੀ ਮੁਕਾਬਲੇ ਤਹਿਤ ‘ਚੋਟੀ ਦੇ 12’ ਗੇੜ ਵਿੱਚ ਚੁਣੇ ਜਾਣ ਤੋਂ ਬਾਅਦ ਅਮਨਪ੍ਰੀਤ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਮੰਚ ਉਨ੍ਹਾਂ ਔਰਤਾਂ ਦੀ ਨੁਮਾਇੰਦਗੀ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ ਜੋ ਸਮਾਜ ਵਿੱਚ ਆਪਣੀ ਪਛਾਣ ਅਤੇ ਕਦਰ ਪਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸਲ ਆਤਮ-ਵਿਸ਼ਵਾਸ ਸੰਪੂਰਨਤਾ ਵਿੱਚ ਨਹੀਂ, ਬਲਕਿ ਸੱਚਾਈ ਅਤੇ ਹਿੰਮਤ ਵਿੱਚ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ‘ਮਿਸ ਇੰਟਰਨੈਸ਼ਨਲ ਕੈਨੇਡਾ 2026’ ਮੁਕਾਬਲੇ ਵਿੱਚ ਮੁਟਿਆਰਾਂ ਦੀ ਕੇਵਲ ਬਾਹਰੀ ਸੁੰਦਰਤਾ ਹੀ ਨਹੀਂ, ਬਲਕਿ ਉਨ੍ਹਾਂ ਦੀ ਬੁੱਧੀਮਾਨੀ, ਲੀਡਰਸ਼ਿਪ (ਕੁਸ਼ਲਤਾ) ਅਤੇ ਸਮਾਜਿਕ ਸਰੋਕਾਰਾਂ ਪ੍ਰਤੀ ਵਚਨਬੱਧਤਾ ਨੂੰ ਮੁੱਖ ਰੱਖਿਆ ਗਿਆ ਹੈ। ਅਮਨਪ੍ਰੀਤ ਇਸ ਆਧੁਨਿਕ ਮਿਆਰ ’ਤੇ ਪੂਰੀ ਤਰ੍ਹਾਂ ਖਰੀ ਉੱਤਰੀ ਹੈ। ਮੁਕਾਬਲੇ ਦੇ ਅਗਲੇ ਪੜਾਅ ਵੱਲ ਵਧਦਿਆਂ ਅਮਨਪ੍ਰੀਤ ਨੂੰ ਉਸ ਦੇ ਪਰਿਵਾਰ, ਦੋਸਤਾਂ ਅਤੇ ਸਥਾਨਕ ਭਾਈਚਾਰੇ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਉਸ ਨੂੰ ਨਵੀਂ ਪੀੜ੍ਹੀ ਲਈ ਇੱਕ ਮਿਸਾਲੀ ਰੋਲ ਮਾਡਲ ਵਜੋਂ ਦੇਖ ਰਹੇ ਹਨ।