ਅੰਧ-ਵਿਸ਼ਵਾਸ ਫੈਲਾਅ ਕੇ ਕਿਰਤੀਆਂ ਦੇ ‘ਦਾਣੇ ਚੁਗਣੇ’ ਸ਼ੁਰੂ

ਅੰਧ-ਵਿਸ਼ਵਾਸ ਫੈਲਾਅ ਕੇ ਕਿਰਤੀਆਂ ਦੇ ‘ਦਾਣੇ ਚੁਗਣੇ’ ਸ਼ੁਰੂ

ਕਣਕ ਦੇ ਸੀਜ਼ਨ ਦੌਰਾਨ ਸਾਧੂਆਂ ਦੇ ਭੇਸ ’ਚ ਰਹਿਣ ਵਾਲੇ ਅਚਾਨਕ ਸਰਗਰਮ

ਮਾਨਸਾ,(ਪੰਜਾਬੀ ਰਾਈਟਰ)- ਮਾਲਵਾ ਪੱਟੀ ਵਿੱਚ ਕਣਕ ਦੇ ਸੀਜ਼ਨ ਦਾ ਲਾਹਾ ਲੈਣ ਲਈ ਹੁਣ ਸਾਧੂਆਂ ਦੇ ਭੇਸ ’ਚ ਰਹਿੰਦੇ ਲੋਕ ਅਚਾਨਕ ਹੀ ਸਰਗਰਮ ਹੋ ਗਏ ਹਨ। ਪਿੰਡਾਂ ਵਿੱਚ ਸੈਂਕੜੇ ਤਾਂਤਰਿਕ, ਜੋਤਸ਼ੀ, ਸਾਧੂ, ਟੂਣੇ-ਤਵੀਤ ਅਤੇ ਪੁੱਛਾਂ ਦੇਣ ਵਾਲਿਆਂ ਨੇ ਹਾੜ੍ਹੀ ਦੇ ਇਸ ਸੀਜ਼ਨ ਵਿਚ ਆਪਣਾ ‘ਕੰਮ’ ਛੱਡ ਕੇ ਹੁਣ ਵਹਿਮਾਂ-ਭਰਮਾਂ ਆਸਰੇ ਕਿਰਤੀਆਂ ਨੂੰ ਲੁੱਟਣ ਦਾ ਜੁਗਾੜ ਤੋਰ ਲਿਆ ਹੈ। ਤਰਕਸ਼ੀਲ ਸੁਸਾਇਟੀ ਮਾਨਸਾ ਵੱਲੋਂ ਪੰਜਾਬ ਸਰਕਾਰ ਤੋਂ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸੁਸਾਇਟੀ ਦਾ ਤਰਕ ਹੈ ਕਿ ਇਹ ਵਿਅਕਤੀ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ। ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਇਹ ਵਿਅਕਤੀ ਲੋਕਾਂ ਨੂੰ ਵਹਿਮਾਂ-ਭਰਮਾਂ ਦਾ ਸ਼ਿਕਾਰ ਬਣਾ ਰਹੇ ਹਨ। ਜ਼ਿਲ੍ਹੇ ਦੇ ਮਾਨਸਾ, ਜੋਗਾ, ਭੀਖੀ, ਬੋਹਾ, ਬਰੇਟਾ, ਬੁਢਲਾਡਾ, ਝੁਨੀਰ ਅਤੇ ਸਰਦੂਲਗੜ੍ਹ ਖੇਤਰ ਵਿਚਲੇ ਡੇਰਿਆਂ ਦੇ ਤਾਂਤਰਿਕਾਂ ਨੂੰ ਅੱਜ ਇੱਥੇ ਤਰਕਸ਼ੀਲ ਸੁਸਾਇਟੀ ਦੇ ਅਹੁਦੇਦਾਰਾਂ ਨੇ ਚੁਣੌਤੀ ਦਿੱਤੀ ਹੈ ਕਿ ਜੇ ਇਨ੍ਹਾਂ ਵਿੱਚੋਂ ਕਿਸੇ ਕੋਲ ਕੋਈ ਗੈਬੀ ਜਾਂ ਚਮਤਕਾਰੀ ਸ਼ਕਤੀ ਹੈ, ਤਾਂ ਇਸ ਨੂੰ ਲੋਕਾਂ ਦੇ ਇਕੱਠ ਵਿੱਚ ਦਿਖਾਉਣ ਅਤੇ ਸੁਸਾਇਟੀ ਤੋਂ ਵੀਹ ਲੱਖ ਰੁਪਏ ਦਾ ਇਨਾਮ ਜਿੱਤਣ ਪਰ ਲੋਕਾਂ ਦੀ ਲੁੱਟ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅੰਧ-ਵਿਸ਼ਵਾਸ ਵਿੱਚ ਪਾ ਕੇ ਲੁੱਟਣਾ ਗ਼ੈਰਕਾਨੂੰਨੀ ਹੈ।

ਸੱਭਿਆਚਾਰਕ ਤੇ ਸਮਾਜ ਸੇਵਾ ਮੰਚ ਦੇ ਆਗੂਆਂ ਕੁਲਦੀਪ ਸਿੰਘ ਧਾਲੀਵਾਲ ਤੇ ਰਾਕੇਸ਼ ਗਰਗ ਨੇ ਕਿਹਾ ਕਿ ਪਖੰਡੀਆਂ ਤੇ ਤਾਂਤਰਿਕਾਂ ਦੀਆਂ ਗ਼ੈਰ-ਵਿਗਿਆਨਕ ਕਾਰਵਾਈਆਂ ਲੋਕਾਂ ਦੀ ਉਸਾਰੂ ਸੋਚ ਨੂੰ ਖੁੰਡਾ ਕਰਨ ਸਣੇ ਮਾਨਸਿਕ ਵਿਗਾੜ ਪੈਦਾ ਕਰਦੀਆਂ ਹਨ। ਉਨ੍ਹਾਂ ਟੈਲੀਵਿਜ਼ਨ ’ਤੇ ਅੰਧ ਵਿਸ਼ਵਾਸੀ ਪ੍ਰੋਗਰਾਮ ਬੰਦ ਕਰਨ ਅਤੇ ਜੋਤਿਸ਼ ਸ਼ਾਸ਼ਤਰੀਆਂ ਦੀ ਇਸ਼ਤਿਹਾਰਬਾਜ਼ੀ ’ਤੇ ਪਾਬੰਦੀ ਦੀ ਵੀ ਮੰਗ ਕੀਤੀ। ਉਧਰ, ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਆਗੂ ਗੁਰਤੇਜ ਸਿੰਘ ਜਗਰੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੈਲੀਵਿਜ਼ਨ ਉੱਪਰ ਦੱਸੇ ਜਾਂਦੇ ਰਾਸ਼ੀਫਲ ਤੇ ਜਨਮ ਕੁੰਡਲੀਆਂ ਦੇ ਪ੍ਰੋਗਰਾਮ ਵੀ ਤੁਰੰਤ ਬੰਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਨਾਲ ਛੋਟੇ ਬੱਚਿਆਂ ਅਤੇ ਔਰਤਾਂ ਦੀ ਸੋਚ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ।