ਗਰਮੀ ਦਾ ਕਹਿਰ: ਬਠਿੰਡਾ ਤੇ ਮਾਨਸਾ ਦਾ ਤਾਪਮਾਨ 42 ਡਿਗਰੀ ਤੋਂ ਟੱਪਿਆ

ਗਰਮੀ ਦਾ ਕਹਿਰ: ਬਠਿੰਡਾ ਤੇ ਮਾਨਸਾ ਦਾ ਤਾਪਮਾਨ 42 ਡਿਗਰੀ ਤੋਂ ਟੱਪਿਆ

ਤਪਸ਼ ਕਾਰਨ ਫ਼ਸਲਾਂ ਮੁਰਝਾਈਆਂ; ਗਰਮੀ ਵਧਣ ਦੇ ਅਸਾਰ

ਮਾਨਸਾ,(ਪੰਜਾਬੀ ਰਾਈਟਰ)- ਪੰਜਾਬ ਵਿੱਚ ਵੈਸਾਖ ਮਹੀਨੇ ਹੀ ਗਰਮੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਗਰਮੀ ਕਾਰਨ ਛੋਟੀਆਂ ਫ਼ਸਲਾਂ ਮੁਰਝਾਉਣ ਲੱਗੀਆਂ ਹਨ। ਅੱਜ ਇਸ ਖੇਤਰ ਵਿੱਚ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਆਉਂਦੇ ਦਿਨੀਂ ਗਰਮੀ ਦਾ ਕਹਿਰ ਜਾਰੀ ਰਹਿ ਸਕਦਾ ਹੈ। ਗਰਮੀ ਕਾਰਨ ਬਾਜ਼ਾਰਾਂ ’ਚ ਰੌਣਕਾਂ ਘਟ ਗਈਆਂ ਹਨ ਤੇ ਲੋਕ ਗਰਮੀ ਤੋਂ ਬਚਣ ਲਈ ਸਿਰ-ਮੂੰਹ ਢਕ ਕੇ ਜਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਬਜ਼ੀਆਂ, ਪਸ਼ੂਆਂ ਦੇ ਚਾਰੇ ਨੂੰ ਪਾਣੀ ਲਾਉਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਬਠਿੰਡਾ ’ਚ ਤਾਪਮਾਨ 42 ਡਿਗਰੀ ਸੈਲਸੀਅਸ, ਮਾਨਸਾ ਵਿੱਚ 42.23, ਪਟਿਆਲਾ ’ਚ 41.06, ਅੰਮ੍ਰਿਤਸਰ ’ਚ 40.1, ਲੁਧਿਆਣਾ ’ਚ 40.2 ਸਣੇ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ 30 ਅਪਰੈਲ ਤੱਕ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਰਹਿਣ ਦਾ ਅਨੁਮਾਨ ਹੈ। ਵਧੇ ਤਾਪਮਾਨ ਕਾਰਨ ਸ਼ਿਮਲਾ ਮਿਰਚ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਬੂਟੇ ਸੁੱਕਣੇ ਸ਼ੁਰੂ ਹੋ ਗਏ ਹਨ।