
-ਅਰਜਨ ਰਿਆੜ (ਮੁੱਖ ਸੰਪਾਦਕ)
ਮਨਪ੍ਰੀਤ ਸਿੰਘ ਬਾਦਲ ਇਕ ਅਜਿਹਾ ਸਿਆਸਤਦਾਨ ਹੈ ਜੋ ਹਮੇਸ਼ਾ ਹੀ ਤਾਨਾਸ਼ਾਹੀ ਵਾਲਾ ਸੁਭਾਅ ਚੱੁਕੀ ਫਿਰਦਾ ਰਿਹਾ ਹੈ। ਉਹ ਚਾਹੇ ਅਕਾਲੀ ਦਲ ਵਿਚ ਖਜ਼ਾਨਾ ਮੰਤਰੀ ਰਿਹਾ ਹੋਵੇ ਅਤੇ ਜਾਂ ਫਿਰ ਕਾਂਗਰਸ ਵਿਚ ਉਹ ਕਦੇ ਵੀ ਜਵਾਬਦੇਹੀ ਲਈ ਵਚਨਬੱਧ ਨਹੀਂ ਹੋਇਆ। ਉਸਦਾ ਇਕੋ ਇਕ ਬਿਆਨ ਮਸ਼ਹੂਰ ਹੋਇਆ ਜੋ ਲੋਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ ‘ਸੂਬੇ ਦਾ ਖ਼ਜ਼ਾਨਾ ਖਾਲੀ ਹੈ’। ਉਸਦੇ ਇਸ ਬਿਆਨ ਨੇ ਸੂਬੇ ਨੂੰ ਹਮੇਸ਼ਾ ਹੀ ਤੰਗੀਆਂ ਤੁਰਸ਼ੀਆਂ ਨਾਲ ਜਕੜੀ ਰੱਖਿਆ। ਉਹਨਾਂ ਡਰਾਮੇ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ। ਆਪਣੀ ਜੀਪ ਆਪ ਚਲਾ ਕੇ ਤਸਵੀਰਾਂ ਵਾਇਰਲ ਕਰਨਾ ਜਾਂ ਖਬਰਾਂ ਲੁਆਉਣੀਆਂ ਉਸ ਦਾ ਕਿਸਬ ਬਣ ਗਿਆ ਸੀ ਕਿ ਉਹ ਬਹੁਤ ਹੀ ਸਰਫ਼ਾ ਕਰਨ ਵਾਲੇ ਸਿਆਸਦਾਨ ਹਨ ਅਤੇ ਡਰਾਈਵਰ ਵੀ ਨਹੀਂ ਰੱਖਿਆ ਹੋਇਆ। ਸਿਆਸੀ ਲਾਹਾ ਲੈਣ ਲਈ ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਅਤੇ ਹੁਣ ਭਾਜਪਾ ਵਿਚ ਸ਼ਾਮਿਲ ਹੋਏ ਮਨਪ੍ਰੀਤ ਸਿੰਘ ਬਾਦਲ ਦੇ ਮਗਰ ਵਿਜੀਲੈਂਸ ਦਾ ਭੂਤ ਲੱਗਾ ਹੋਇਆ ਹੈ। ਹੁਣ ਜਦੋਂ ਸਰਕਾਰ ਬਦਲੀ ’ਤੇ ਪਰਤਾਂ ਖੁੱਲ੍ਹਣ ਲੱਗੀਆਂ ਤਾਂ ਪਤਾ ਲੱਗਾ ਕਿ ਸੂਬੇ ਦਾ ‘ਖ਼ਜ਼ਾਨਾ ਖਾਲੀ’ ਕਹਿਣ ਵਾਲੇ ਦੇ ਆਪਣੇ ਖਜ਼ਾਨੇ ਭਰੇ ਹੋਏ ਹਨ। ਅੱਜ ਜਿਸ ਮਾਮਲੇ ਵਿਚ ਉਹ ਘਰੋਂ ਬੇਘਰ ਹੋਇਆ ਪਿਆ ਹੈ ਉਸ ਉੱਤੇ ਨਜ਼ਰ ਮਾਰਨੀ ਵੀ ਬਣਦੀ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ’ਚ ਆਪਣੀ ਰਿਹਾਇਸ਼ ਬਣਾਉਣ ਲਈ ਸ਼ਹਿਰ ਦੇ ਪਾਸ ਇਕ ਇਲਾਕੇ ’ਚ ਮਾਡਲ ਟਾਊਨ ਫੇਸ ਵਨ ਵਿੱਚ ਬਠਿੰਡਾ ਵਿਕਾਸ ਅਥਾਰਟੀ ਦੇ ਦੋ ਪਲਾਟ ਖਰੀਦੇ ਸਨ। ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਸ਼ਿਕਾਇਤ ਕੀਤੀ ਸੀ ਕਿ ਪਲਾਟਾਂ ਦੀ ਖਰੀਦੋ ਫਰੋਖ਼ਤ ਮੌਕੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਵਿਜੀਲੈਂਸ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਪਲਾਟ ਖਰੀਦਣ ਵੇਲੇ ਨਿਯਮਾਂ ਦੀਆਂ ਵੱਡੀ ਪੱਧਰ ’ਤੇ ਧੱਜੀਆਂ ਉਡਾਈਆਂ ਗਈਆਂ ਹਨ। ਮਾਮਲੇ ਦੀ ਪੜਤਾਲ ਤੋਂ ਬਾਅਦ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ, ਬਠਿੰਡਾ ਵਿਕਾਸ ਅਥਾਰਟੀ ਦੇ ਸੁਪਰਡੈਂਟ ਪੰਕਜ ਕਾਲੀਆ, ਸ਼ਹਿਰ ਦੇ ਨਾਮੀ ਹੋਟਲ ਦੇ ਮਾਲਕ ਰਾਜੀਵ ਕੁਮਾਰ, ਵਿਕਾਸ ਕੁਮਾਰ ਤੇ ਸ਼ਰਾਬ ਦੇ ਇੱਕ ਵਪਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।
ਜਦੋਂ ਭਗਵੰਤ ਮਾਨ ਸਰਕਾਰ ਵਲੋਂ ਖਾਲੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖ਼ਿਲਾਫ਼ ਵਿਜੀਲੈਂਸ ਜਾਂਚ ਅਰੰਭੀ ਗਈ ਤਾਂ ਭਾਜਪਾਈ ਸਾਥੀਆਂ ਨੂੰ ਨਾਲ ਲੈ ਕੇ ਮੋਦੀ ਦੇ ਸਿਰ ’ਤੇ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਅਯੋਜਤ ਕਰ ਕੇ ਖੂਬ ਦਮਗਜ਼ੇ ਮਾਰੇ। ਉਸਨੇ ਇਸ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਭਗਵੰਤ ਮਾਨਾ ਤੂੰ ਹੁਣ ਮੇਰੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ, ਕੋਈ ਕਸਰ ਨਾ ਛੱਡੀਂ। ਤੇਰੇ ਦਿਲ ਵਿਚ ਨਾ ਰਹਿ ਜਾਵੇ ਕਿ ਮੈਂ ਮੁੱਖ ਮੰਤਰੀ ਬਣਿਆ ਸੀ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਕੁਝ ਵਿਗਾੜ ਨਹੀਂ ਸਕਿਆ। ਸੋ ਹੁਣ ਜੋ ਤੇਰੇ ਕੋਲੋਂ ਹੁੰਦਾ ਹੈ ਕਰ ਲੈ।’ ਸਰਕਾਰਾਂ ਕੋਲ ਬਹੁਤ ਸਰੋਤ ਹੁੰਦੇ ਹਨ, ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਜਾਂਚ ਹੋਰ ਵੀ ਤੇਜ਼ ਕਰ ਦਿੱਤੀ ਅਤੇ ਆਖਰ ਇਕ ਨੁਕਤਾ ਲੱਭ ਕੇ ਉਸਦੀ ਪੂਛ ਉੱਤੇ ਪੈਰ ਰੱਖ ਦਿੱਤਾ। ਉਹ ਪੂਛ ਤੁੜਾ ਕੇ ਭੱਜਾ ਅਤੇ ਅਜੇ ਤੱਕ ਹੱਥ ਨਹੀਂ ਆਇਆ। ਖਬਰਾਂ ਹਨ ਕਿ ਉਸਨੂੰ ਮੋਦੀ ਸਰਕਾਰ ਨੇ ਪਨਾਹ ਦਿੱਤੀ ਹੋਈ ਹੈ ਅਤੇ ਉਹ ਉਸ ਥਾਂ ਛਿਪਿਆ ਹੋਇਆ ਹੈ ਜਿੱਥੇ ਵਿਜੀਲੈਂਸ ਪਹੁੰਚ ਨਹੀਂ ਸਕਦੀ।
ਪਰਚਾ ਦਰਜ ਹੋਣ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਅਗਾਊਂ ਜ਼ਮਾਨਤ ਦਾਇਰ ਕੀਤੀ ਹੋਈ ਸੀ ਪਰ ਕਿਸੇ ਰਣਨੀਤੀ ਤਹਿਤ ਵਾਪਸ ਲੈ ਲਈ ਸੀ ਅਤੇ ਹੁਣ ਫਿਰ ਜ਼ਮਾਨਤ ਲਾਈ ਹੋਈ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀ.ਪੀ.ਪੀ. ਪਾਰਟੀ ਬਣਾਈ ਸੀ ਉਸ ਵੇਲੇ ਭਗਵੰਤ ਮਾਨ ਉਸ ਦੇ ਨਾਲ ਸੀ। ਮਨਪ੍ਰੀਤ ਸਿੰਘ ਦੇ ਤਾਨਾਸ਼ਾਹੀ ਵਾਲੇ ਵਰਤਾਰੇ ਕਾਰਨ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿਚ ਜਾਣਾ ਬਿਹਤਰ ਸਮਝਿਆ ਅਤੇ ਉਹ ਕਾਮਯਾਬ ਵੀ ਹੋਇਆ। ਹੁਣ ਲੱਗਦਾ ਹੈ ਕਿ ਉਹਨਾਂ ਦਿਨਾਂ ਵਿਚ ਮਨਪ੍ਰੀਤ ਸਿੰਘ ਬਾਦਲ ਦੇ ਵਰਤਾਓ ਦਾ ਉਹ ਬਦਲਾ ਲੈ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ ਦੀ ਤ੍ਰਾਸਦੀ ਇਹ ਵੀ ਹੈ ਕਿ ਲੋਕ ਉਸ ਨਾਲ ਨਹੀਂ ਖੜ੍ਹ ਰਹੇ। ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਉਹ ਹੁਣ ਆਗੂ ਹੈ ਅਤੇ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਪਸੰਦ ਨਹੀਂ ਕਰਦੇ। ਖ਼ੈਰ! ਲੋਕਾਂ ਨੂੰ ‘ਪੰਜਾਬ ਦਾ ਖਜ਼ਾਨਾ ਖਾਲੀ ਖਾਲੀ’ ਕਹਿ ਕੇ ਪ੍ਰੇਸ਼ਾਨੀ ’ਚ ਪਾਉਣ ਵਾਲਾ ਆਪਣੇ ਭਰੇ ਹੋਈ ਖਜ਼ਾਨੇ ਕਰ ਕੇ ਪ੍ਰੇਸ਼ਾਨੀ ਵਿਚ ਨੱਠਾ ਭਜਾ ਫ਼ਿਰ ਰਿਹਾ ਹੈ। ਆਉਣ ਵਾਲੇ ਸਮੇਂ ’ਚ ਕੀ ਬਣਦਾ ਹੈ ਇਹ ਵੇਖਣਾ ਬਹੁਤ ਹੀ ਰੌਚਕ ਹੋਵਗਾ। ਆਮੀਨ!