ਮਨੀਪੁਰ ਮਾਮਲੇ ’ਤੇ ਨਿਊਯਾਰਕ ਦੇ ਭਾਈਚਾਰੇ ਨੇ ਸੰਯੁਕਤ ਰਾਸ਼ਟਰ ਦੇ ਦਫਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ

ਮਨੀਪੁਰ ਮਾਮਲੇ ’ਤੇ ਨਿਊਯਾਰਕ ਦੇ ਭਾਈਚਾਰੇ ਨੇ ਸੰਯੁਕਤ ਰਾਸ਼ਟਰ ਦੇ ਦਫਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ

* ਵੱਡੀ ਗਿਣਤੀ ’ਚ ਸ਼ਾਮਿਲ ਲੋਕਾਂ ਨੇ ਮਨੁੱਖਤਾ ਦੇ ਘਾਣ ਦੇ ਖਿਲਾਫ ਪ੍ਰਗਟਾਇਆ ਰੋਸ

ਨਿਊਯਾਰਕ (ਅਰਜਨ ਰਿਆੜ/ਨਿਮਰਤਾ ਰਿਆੜ)  ਬੀਤੇ ਕੁਝ ਮਹੀਨਿਆਂ ਤੋਂ ਭਾਰਤ ਦੇ ਉੱਤਰ ਪੂਰਬੀ ਰਾਜ ਵਿਚ ਕੁੱਕੀ ਅਤੇ ਮੈਤਈ ਭਾਈਚਾਰਿਆਂ ਵਿਚਕਾਰ ਰਾਖਵਾਂਕਰਨ ਦੇ ਮੱੁਦੇ ’ਤੇ ਪੈਦਾ ਹੋਇਆ ਵਿਵਾਦ ਕਤਲੋਗਾਰਤ ਤੱਕ ਪਹੁੰਚ ਚੱੁਕਾ ਹੈ। ਬੀਤੇ ਦਿਨੀਂ ਦੋ ਔਰਤਾਂ ਨੂੰ ਨੰਗਿਆਂ ਪਰੇਡ ਕਰਵਾਉਣ ਅਤੇ ਉਹਨਾਂ ਵਿਚੋਂ ਇਕ ਔਰਤ ਨਾਲ ਬਲਾਤਕਾਰ ਕੀਤੇ ਜਾਣ ਦੀ ਖਬਰ ਸਮੱੁਚੀ ਦੁਨੀਆਂ ’ਚ ਅੱਗ ਵਾਂਗ ਫੈਲ ਗਈ ਜਿਸ ਕਾਰਨ ਮਨੀਪੁਰ ਮਸਲੇ ਉੱਤੇ ਲਗਾਤਾਰ ਚੱੁਪੀ ਵੱਟੀ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਬੋਲਣਾ ਪਿਆ ਅਤੇ ਅਮਰੀਕਾ ਦੇ ਮੇਨਸਟਰੀ ਮੀਡੀਆ ਨੇ ਜਿੱਥੇ ਇਸ ਮਸਲੇ ’ਤੇ ਖਬਰਾਂ ਲਗਾਈਆਂ ਉੱਥੇ ਸੰਪਾਦਕੀਆਂ ’ਚ ਵੀ ਜਗਾ ਦਿੱਤੀ। ਇਸੇ ਮਸਲੇ ’ਤੇ ਅੱਜ ਨਿਊਯਾਰਕ ਦੇ ਮਨੱੁਖਤਾ ਪਸੰਦ ਭਾਈਚਾਰੇ ਵਲੋਂ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਸਾਹਮਣੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮਨੀਪੁਰ ਦੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਭਾਰਤ ਦੀ ਕੇਂਦਰ ਸਰਕਾਰ ਤੇ ਪ੍ਰਸਾਸ਼ਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਵੀ ਗੱਲ ਵੀ ਕੀਤੀ। ਬੁਲਾਰਿਆਂ ਨੇ ਹਾਲਾਤ ਸੁਧਾਰਨ ਲਈ ਫੌਰੀ ਕਦਮ ਚੁੱਕੇ ਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ। ਇੱਥੇ ਦੱਸਣਯੋਗ ਹੈ ਕਿ ਇਸ ਰੋਸ ਪ੍ਰਦਰਸ਼ਨ ਵਿਚ ਹਰ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।