ਮੈਂ ਮੁੱਖ ਮੰਤਰੀ ਅਹੁਦੇ ਲਈ ਕਦੇ ਵੀ ਦਾਅਵੇਦਾਰ ਨਹੀਂ ਸੀ: ਚੌਹਾਨ

ਮੈਂ ਮੁੱਖ ਮੰਤਰੀ ਅਹੁਦੇ ਲਈ ਕਦੇ ਵੀ ਦਾਅਵੇਦਾਰ ਨਹੀਂ ਸੀ: ਚੌਹਾਨ

ਨਵੀਂ ਦਿੱਲੀ-ਮੱਧ ਪ੍ਰਦੇਸ਼ ਦੇ ਕਾਰਜਕਾਰੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਜਾਰੀ ਇੱਕ ਵੀਡੀਓ ਬਿਆਨ ਕਿਹਾ ਹੈ ਕਿ ਉਹ ਕਦੇ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਨਹੀਂ ਸਨ, ਪਹਿਲਾਂ ਵੀ ਨਹੀਂ ਅਤੇ ਅੱਜ ਵੀ ਨਹੀਂ। ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਨਿਭਾਇਆ ਹੈ। ਉਨ੍ਹਾਂ ਨੇ ਇਹ ਗੱਲ ਭੋਪਾਲ ਵਿੱਚ ਆਪਣੀ ਰਿਹਾਇਸ਼ ’ਤੇ ਰਾਮ ਰਥ ਯਾਤਰਾ ਦਾ ਸਵਾਗਤ ਕਰਨ ਦੇ ਕੁਝ ਪਲਾਂ ਬਾਅਦ ਆਖੀ।ਚੌਹਾਨ ਨੇ ਕਿਹਾ, ‘‘ਮੈਂ ਇੱਕ ਸਾਧਾਰਨ ਪਾਰਟੀ ਵਰਕਰ ਹਾਂ। ਮੈਂ ਕਦੇ ਵੀ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰ ਨਹੀਂ ਸੀ। ਮੈਂ ਪਹਿਲਾਂ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਨਹੀਂ ਸੀ। ਮੈਂ ਅੱਜ ਵੀ ਦਾਅਵੇਦਾਰ ਨਹੀਂ ਹਾਂ। ਇੱਕ ਪਾਰਟੀ ਵਰਕਰ ਵਜੋਂ ਮੈਨੂੰ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਗਈ ਮੈਂ ਉਸ ਨੂੰ ਪੂਰੀ ਸਮਰੱਥਾ ਨਾਲ ਨਿਭਾਵਾਂਗਾ।’’ ਚੌਹਾਨ ਨੇ ਕਿਹਾ ਕਿ ਉਹ ਇਨ੍ਹਾਂ ਅਟਕਲਾਂ ਦੌਰਾਨ ਕਿ ਸੂਬੇ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਦਿੱਲੀ ਨਹੀਂ ਜਾ ਰਹੇ। ਚੌਹਾਨ ਨੇ ਆਖਿਆ, ‘‘ਮੇਰਾ ਮਨੋਰਥ ਹੁਣ ਸਾਰੀਆਂ 29 ਲੋਕ ਸਭਾ ਸੀਟਾਂ ਜਿੱਤਣਾ ਹੈ ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਜਿੱਤ ਸਕਣ।’’ ਉਨ੍ਹਾਂ ਕਿਹਾ ਕਿ ਉਹ ਭਲਕੇ ਛਿੰਦਵਾੜਾ ਹਲਕੇ ’ਚ ਜਾਣਗੇ ਜਿਥੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਾਰੀਆਂ 7 ਸੀਟਾਂ ’ਤੇ ਹਾਰ ਮਿਲੀ ਹੈ। ਭਾਜਪਾ ਦੇ ਬਹੁਤੇ ਸੂਤਰਾਂ ਦਾ ਅੰਦਾਜ਼ਾ ਹੈ ਕਿ ਚੌਹਾਨ ਮੁੱਖ ਮੰਤਰੀ ਬਣੇ ਰਹਿਣਗੇ। ਸ਼ਿਵਰਾਜ ਸਿੰਘ ਚੌਹਾਨ ਵਿਧਾਨ ਸਭਾ ਚੋਣਾਂ ’ਚ ਬੁਧਨੀ ਹਲਕੇ ਤੋਂ 1.49 ਲੱਖ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ ਜਿਹੜਾ ਕਿ ਸੂਬੇ ਵਿੱਚ ਜਿੱਤ ਦਾ ਤੀਜਾ ਸਭ ਤੋਂ ਵੱਡਾ ਅੰਤਰ ਹੈ। ਹਾਲਾਂਕਿ ਮੁੱਖ ਮੰਤਰੀ ਅਹੁਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਚੌਹਾਨ ਆਪਣੇ ਕੰਮਾਂ ’ਚ ਰੁੱਝੇ ਹੋਏ ਹਨ। ਦੂਜੇ ਪਾਸੇ ਰਾਜਸਥਾਨ ’ਚ ਹੋਰ ਵਿਧਾਇਕਾਂ ਵੱਲੋਂ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨਾਲ ਉਨ੍ਹਾਂ ਦੀ ਸਿਵਲ ਲਾਈਨਜ਼ ਵਿਚਲੀ ਰਿਹਾਇਸ਼ ’ਤੇ ਮੁਲਾਕਾਤਾਂ ਜਾਰੀ ਹਨ। ਪਾਰਟੀ ਦੇ ਚੁਣੇ ਗਏ 115 ਵਿਧਾਇਕਾਂ ਵਿਚੋਂ ਹੁਣ ਤੱਕ ਲਗਪਗ 50 ਵਿਧਾਇਕ ਰਾਜੇ ਨਾਲ ਮੁਲਾਕਾਤ ਕਰ ਚੁੱਕੇ ਹਨ। ਅੱਜ ਜੈਪੁਰ ਪਹੁੰਚੇ ਰਾਜਸਥਾਨ ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠਲਾ ਸੰਸਦੀ ਬੋਰਡ ਸੂਬੇ ਦੇ ਮੁੱਖ ਮੰਤਰੀ ਬਾਰੇ ਅੰਤਿਮ ਫ਼ੈਸਲਾ ਕਰੇਗਾ ਤੇ ਉਹ ਸਾਰਿਆਂ ਨੂੰ ਪ੍ਰਵਾਨ ਹੋਵੇਗਾ। ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਤੱਕ ਸਮਰਥਕਾਂ ਨਾਲ ਇਕਜੁਟਤਾ ਦਿਖਾਉਣ ਲਈ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਪੁਰਾਣੇ ਮੁੱਖ ਮੰਤਰੀਆਂ ਨੂੰ ਫਿਰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਛੱਤੀਸਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਤੋਂ ਇਲਾਵਾ ਸੂਬਾ ਪ੍ਰਧਾਨ ਅਰੁਣ ਸਿੰਘ ਸਾਓ, ਕੇਂਦਰੀ ਰਾਜ ਮੰਤਰੀ ਰੇਣੂਕਾ ਸਿੰਘ ਤੇ ਭਾਜਪਾ ਜਨਰਲ ਉਪ ਪ੍ਰਧਾਨ ਲਤਾ ਉਸੇਂਦੀ ਵੀ ਮੁੱਖ ਮੰਤਰੀ ਅਹੁਦੇ ਲਈ ਦੌੜ ਵਿੱਚ ਹਨ।