
ਮਾਛੀਵਾੜਾ,(ਪੰਜਾਬੀ ਰਾਈਟਰ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕਟਾਣੀ ਕਲਾਂ ਦੇ ਘਰ ਵਿੱਚ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਲੰਗਰ ਵਿੱਚ ਗੁਆਂਢੀ ਵਿਦੇਸ਼ੀ ਵਿਦਿਆਰਥੀਆਂ ਨੇ ਸ਼ਰਾਬ ਸੁੱਟ ਦਿੱਤੀ। ਇਸ ਸਬੰਧੀ ਪੁਲੀਸ ਨੇ 5 ਮੁਲਜ਼ਮਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਕਟਾਣੀ ਕਲਾਂ ਵਿੱਚ ਅੰਤਿਮ ਅਰਦਾਸ ਦੌਰਾਨ ਜਦੋਂ ਘਰ ਵਿੱਚ ਲੰਗਰ ਪਕਾਇਆ ਜਾ ਰਿਹਾ ਸੀ ਤਾਂ ਨਾਲ ਲੱਗਦੇ ਘਰ ਦੇ ਚੁਬਾਰੇ ’ਚ ਕਿਰਾਏ ’ਤੇ ਰਹਿੰਦੇ ਵਿਦੇਸ਼ੀ ਵਿਦਿਆਰਥੀਆਂ ਨੇ ਲੰਗਰ ਵਿੱਚ ਸ਼ਰਾਬ ਸੁੱਟ ਦਿੱਤੀ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਕੂੰਮਕਲਾਂ ਪੁਲੀਸ ਨੇ ਪਰਮਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ’ਤੇ ਬਹਾਦਰ ਸਿੰਘ ਅਤੇ 4 ਵਿਦੇਸ਼ੀ ਵਿਦਿਆਰਥੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।