ਗੈਰ ਪੰਜਾਬੀਆਂ ਨੂੰ ਨੌਕਰੀਆਂ ਦੇਣ ਦਾ ਮਾਮਲਾ ਬਣ ਸਕਦੈ ਮਾਨ ਸਰਕਾਰ ਲਈ ਵੱਡਾ ਵਿਵਾਦ

ਗੈਰ ਪੰਜਾਬੀਆਂ ਨੂੰ ਨੌਕਰੀਆਂ ਦੇਣ ਦਾ ਮਾਮਲਾ ਬਣ ਸਕਦੈ ਮਾਨ ਸਰਕਾਰ ਲਈ ਵੱਡਾ ਵਿਵਾਦ

-ਅਰਜਨ ਰਿਆੜ (ਮੁੱਖ ਸੰਪਾਦਕ)
ਪੰਜਾਬ ਵਿਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੈ। ਆਮ ਆਦਮੀ ਪਾਰਟੀ ਨੇ ਦੋ ਰਵਾਇਤੀ ਪਾਰਟੀਆਂ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਭੰਡ ਭੰਡ ਕੇ ਪੰਜਾਬ ਵਿਚ ਆਪਣੀ ਸਰਕਾਰ ਬਣਾਈ ਹੈ। ਮੱੁਖ ਮੰਤਰੀ ਭਗਵੰਤ ਮਾਨ ਬੁਲਾਰੇ ਬਹੁਤ ਹੀ ਉੱਚ ਕੋਟੀ ਦੇ ਹਨ। ਉਹ ਆਪਣੇ ਭਾਸ਼ਣ ਨਾਲ ਲੋਕਾਂ ਨੂੰ ਕੀਲ ਲੈਂਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਉਹ ਉਹਨਾਂ ਦੀ ਹੀ ਗੱਲ ਕਰ ਰਹੇ ਹਨ ਅਤੇ ਹਰ ਕਿਸੇ ਨੂੰ ਉਹਨਾਂ ਦੇ ਭਾਸ਼ਣ ਵਿਚ ਅਪਣੱਤ ਮਹਿਸੂਸ ਹੁੰਦੀ ਹੈ। ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਵਲੋਂ ਜੋ ਪਿਛਲੇ 70 ਸਾਲਾਂ ਵਿਚ ਪੰਜਾਬ ਦਾ ਹਾਲ ਕੀਤਾ ਗਿਆ ਹੈ ਉਸ ਤੋਂ ਲੋਕ ਐਨਾ ਕੁ ਸਤੇ ਹੋਏ ਸਨ ਕਿ ਇਸ ਵਾਰ ਉਹਨਾਂ ਤਹੱਈਆ ਕਰ ਲਿਆ ਕਿ ਕਿਸੇ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਜਾਵੇ। ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾ ਕੇ ਪੰਜਾਬ ਦੇ ਲੋਕਾਂ ਨੇ ਇਕ ਇਤਿਹਾਸ ਹੀ ਕਾਇਮ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਇਹ ਇਹ ਇਲਮ ਨਹੀਂ ਸੀ ਕਿ ਐਨਾ ਵੱਡਾ ਫ਼ਤਵਾ ਉਹਨਾਂ ਨੂੰ ਮਿਲੇਗਾ। ਪੰਜਾਬ ਵਿਧਾਨ ਸਭਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਰਵਾਇਤੀ ਪਾਰਟੀਆਂ ਦੇ ਵੱਡੇ-ਵੱਡੇ ਥੰਮ੍ਹ ਡੇਗ ਦਿੱਤੇ। ਸੁਖਬੀਰ ਬਾਦਲ, ਨਵਜੋਤ ਸਿੱਧੂ, ਬਿਕਮਜੀਤ ਸਿੰਘ ਮਜੀਠੀਆ, ਕੈਪਟਨ ਅਮਰਿੰਦਰ ਸਿੰਘ, ਬੀਬੀ ਜਗੀਰ ਕੌਰ ਵਰਗੇ ਆਗੂ ਮੂਧੇ ਮੂੰਹ ਡਿੱਗ ਪਏ। ਲੋਕਾਂ ਨੂੰ ਆਸ ਸੀ ਕਿ ਪੁਰਾਣੇ ਪੱਤੇ ਝੜ ਗਏ ਹਨ ਹੁਣ ਨਵੀਆਂ ਕਰੂੰਬਲਾਂ ਫੁੱਟਣਗੀਆਂ ਪਰ ਹੋਇਆ ਇਸ ਤੋਂ ਬਿਲਕੁਲ ਹੀ ਉਲਟ। 
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸਰਕਾਰ ਦੇ ਮੱਥੇ ਉੱਤੇ ਇਕ ਕਾਲਾ ਕਲੰਕ ਉਦੋਂ ਲੱਗ ਗਿਆ ਜਦੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਿੱਖ ਸਰਦਾਰ ਕਲਕਾਰ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਇਸ ਕਤਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਸਿਰ ਮੜ੍ਹੀ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸਕਿਉਰਿਟੀ ਵਾਪਸ ਲੈਣ ਦੀ ਖਬਰ ਸੋਸ਼ਲ ਮੀਡੀਆ ਉੱਤੇ ਨਸ਼ਰ ਕਰ ਦਿੱਤੀ ਸੀ ਜਦਕਿ ਸੁਰੱਖਿਆ ਨਾਲ ਸਬੰਧਿਤ ਸੂਚਨਾ ਪ੍ਰਕਾਸ਼ਿਤ ਨਹੀਂ ਕਰਨੀ ਹੁੰਦੀ। ਉਸ ਤੋਂ ਬਾਅਦ ਕਬੱਡੀ ਦੇ ਸੁਪਰ ਸਟਾਰ ਸੰਦੀਪ ਨੰਗਲ ਅੰਬੀਆਂ ਦਾ ਜਲੰਧਰ ਦੇ ਇਕ ਪਿੰਡ ਮੱਲ੍ਹੀਆਂ ਖੁਰਦ ਵਿਖੇ ਚੱਲ ਰਹੇ ਟੂਰਨਾਮੈਂਟ ਵਿਚ ਸ਼ਰੇਆਮ ਕਤਲ ਕਰ ਦਿੱਤਾ ਗਿਆ। ਇਹੀ ਨਹੀਂ ਸਾਰੇ ਪੰਜਾਬ ਵਿਚ ਕਤਲੋਗਾਰਤ ਹੋ ਗਈ ਅਤੇ ਹਰ ਪਾਸੇ ਗੈਂਗਸਟਰਾਂ ਦਾ ਹੀ ਦਬਦਬਾ ਹੋ ਗਿਆ। ਖੈਰ! ਹੌਲੀ ਹੌਲੀ ਪੰਜਾਬ ਸਰਕਾਰ ਸੰਭਲੀ ਅਤੇ ਉਸਨੇ ਆਪਣਾ ਕੰਮਕਾਜ ਸ਼ੁਰੂ ਕੀਤਾ। ਪੰਜਾਬ ਸਰਕਾਰ ‘ਵਨ ਮੈਨ ਆਰਮੀ’ ਦੀ ਤਰ੍ਹਾਂ ਚੱਲ ਰਹੀ ਹੈ ਕਿਉਂਕਿ ਹਰ ਫੈਸਲਾ ਭਗਵੰਤ ਮਾਨ ਵਲੋਂ ਹੀ ਕੀਤਾ ਜਾ ਰਿਹਾ ਹੈ, ਮੰਤਰੀਆਂ ਜਾਂ ਵਿਧਾਇਕਾਂ ਦੀ ਬਹੁਤੀ ਸੁਣਵਾਈ ਨਹੀਂ ਹੈ। 
ਜਦੋਂ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਨੇ ਚੋਣ ਲੜੀ ਤਾਂ ਪੰਜਾਬ ਨਾਲ ਸਬੰਧਿਤ ਮੁੱਦਿਆਂ ਨੂੰ ਚੋਣ ਮੱੁਦਾ ਬਣਾਇਆ ਗਿਆ। ਭਗਵੰਤ ਮਾਨ ਨੇ ਸਭ ਤੋਂ ਵੱਧ ਮੁੱਦਾ ਪੰਜਾਬ ਵਿਚ ਬੇਰੁਜ਼ਗਾਰੀ ਦਾ ਉਠਾਇਆ ਸੀ। ਲੋਕਾਂ ਨੂੰ ਆਸ ਸੀ ਕਿ ਰਵਾਇਤੀ ਪਾਰਟੀਆਂ ਦੇ ਲੋਕ ਤਾਂ ਨੌਕਰੀਆਂ ਬਾਰੇ ਕਦੇ ਵੀ ਨਹੀਂ ਬੋਲਦੇ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਇਹ ਗੱਲ ਕਰਦੇ ਹਨ ਤਾਂ ਸਮਝ ਲਓ ਪੰਜਾਬ ਵਿਚ ਨੌਕਰੀਆਂ ਕਰਨ ਦਾ ਰਾਹ ਪੱਧਰਾ ਹੋ ਗਿਆ। ਪਰ ਨਿਰਾਸ਼ਾ ਉਦੋਂ ਮਿਲੀ ਜਦੋਂ ਇਸ ਤਰ੍ਹਾਂ ਨਹੀਂ ਹੋਇਆ। ਪੂਰੇ ਪੰਜਾਬ ਵਿਚ ਇਸ ਵੇਲੇ ਜੰਗਲ ਦੀ ਅੱਗ ਵਾਂਗ ਇਕ ਖਬਰ ਫੈਲ ਰਹੀ ਹੈ ਕਿ ਪੰਜਾਬ ਵਿਚ ਹਰਿਆਣੇ ਅਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਖਬਰ ਨਾਲ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਉੱਪਰ ਬਹੁਤ ਸੱਟ ਵੱਜੀ ਹੈ। 
ਭਗਵੰਤ ਮਾਨ ਹਮੇਸ਼ਾ ਪੰਜਾਬ ਦੇ ਭਲੇ ਦਾ ਰੌਲਾ ਪਾਉਂਦੇ ਹਨ ਅਤੇ ਉਹਨਾਂ ਦੇ ਵਾਰ ਵਾਰ ਬਿਆਨ ਆਉਂਦੇ ਹਨ ਕਿ ਪੰਜਾਬ ਸੂਬੇ ਦੀ ਨਵੀਂ ਪੀੜ੍ਹੀ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਉਨ੍ਹਾਂ ਨੂੰ ਰੁਜ਼ਗਾਰ ਪ੍ਰਦਾਨ ਨਹੀਂ ਕਰ ਸਕੀਆਂ। ਉਹਨਾਂ ਦੀਆਂ ਚੋਣਾਂ ਤੋਂ ਪਹਿਲਾਂ ਦੀਆਂ ਜੇਕਰ ਵੀਡੀਓ ਦੇਖੀਏ ਤਾਂ ਉਹ ਸਾਫ਼-ਸਾਫ਼ ਕਹਿੰਦੇ ਦਿਖਾਈ ਦਿੰਦੇ ਹਨ ਕਿ ਉਹ ਸੱਤਾ ਵਿਚ ਆਉਣ ’ਤੇ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਦੇ ਰਸਤੇ ਖੋਲ੍ਹਣਗੇ। ਹਾਲ ਦੀ ਘੜੀ ਪੰਜਾਬ ਵਿਚ ਇਕ ਖਲਬਲੀ ਮਚੀ ਹੋਈ ਹੈ ਕਿ ਕਿਸੇ ਵੀ ਵਿਭਾਗ ਵਿਚ ਜੇਕਰ ਕੋਈ ਨਵੀਂ ਭਰਤੀ ਵੇਖਣ ਨੂੰ ਮਿਲਦੀ ਹੈ ਤਾਂ ਉਹ ਮੁਲਾਜ਼ਮ ਹਰਿਆਣੇ ਜਾਂ ਰਾਜਸਥਾਨ ਤੋਂ ਆਏ ਹੋਏ ਦਿਖਾਈ ਦਿੰਦੇ ਹਨ। ਨਵੀਆਂ ਆਈਆਂ ਖਬਰਾਂ ਮੁਤਾਬਿਕ ਪੰਜਾਬ ਸਰਕਾਰ ਨੇ ਨਵੀਂ ਭਰਤੀ ਦੇ ਅਧੀਨ ਪਸ਼ੂ ਪਾਲਣ ਵਿਭਗ ਵਿਚ 644 ’ਚੋਂ 134 ਉਮੀਦਵਾਰ ਬਾਹਰਲੇ ਸੂਬਿਆਂ ਤੋਂ ਰੱਖੇ ਹਨ। ਇਸੇ ਤਰ੍ਹਾਂ ਪਾਵਰਕਾਮ ’ਚ 2100 ਸਹਾਇਕ ਲਾਈਨਮੈਨਾਂ ’ਚੋਂ 700 ਤੋਂ ਵੀ ਵੱਧ ਹਰਿਆਣੇ, 500 ਜੇ.ਈ. ਵਿੱਚੋਂ 300 ਤੋਂ ਵੱਧ, 68 ਵੈਟਰਨਰੀ ਅਫ਼ਸਰਾਂ ’ਚੋਂ 54 ਤੋਂ ਵੱਧ, ਹੁਸ਼ਿਆਪੁਰ ਯੂਨੀਵਰਸਿਟੀ ’ਚ ਕੰਸਲਟੈਂਟ 2 ’ਚੋਂ 2 ਬਾਹਰਲੇ ਉਮੀਦਵਾਰ ਨੌਕਰੀਆਂ ’ਤੇ ਰੱਖੇ ਗਏ ਹਨ। 
ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਹਨ ਕਿ ਇਹਨਾਂ ਉਮੀਦਵਾਰਾਂ ਦੇ ਪੰਜਾਬੀ ਲਾਜ਼ਮੀ ਸਰਟੀਫਿਕੇਟ ਚੈੱਕ ਕੀਤੇ ਜਾਣ। ਪੰਜਾਬ ਦੇ ਮੁੱਦੇ ਅਕਸਰ ਉਠਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਤੋਂ ਬਾਹਰਲੇ ਉਮੀਦਵਾਰਾਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਉਠਾਇਆ ਹੈ। ਦੋਵਾਂ ਆਗੂਆਂ ਦਾ ਕਹਿਣਾ ਹੈ ਕਿ ਅਸਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਹੁਕਮ ’ਤੇ ਹੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਦੁਆ ਰਹੇ ਹਨ ਤਾਂ ਜੋ ਪੰਜਾਬ ਵਿਚ ਪੰਜਾਬੀਅਤ ਨੂੰ ਢਾਹ ਲਾਈ ਜਾ ਸਕੇ। ਕਿਉਂਕਿ ਜਿਹੜੇ ਵੀ ਸੂਬਿਆਂ ਦੇ ਮੁਲਾਜ਼ਮ ਪੰਜਾਬ ਵਿਚ ਆਉਣਗੇ ਉਹ ਸਮਾਜ ਉੱਪਰ ਆਪਣਾ ਪ੍ਰਭਾਵ ਜ਼ਰੂਰ ਛੱਡਣਗੇ।
ਅਜੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਵਿਸ਼ੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪਰ ਆਉਣ ਵਾਲੇ ਸਮੇਂ ’ਚ ਪੰਜਾਬ ਵਿਚ ਇਹ ਵਿਸ਼ਾ ਇਕ ਚਰਚਾ ਦਾ ਵਿਸ਼ਾ ਬਣਨ ਜਾ ਰਿਹਾ ਹੈ। ਮੀਡੀਆ ਉੱਪਰ ਸਰਕਾਰੀ ਸ਼ਿਕੰਜੇ ਕਾਰਨ ਇਸ ਮੁੱਦੇ ਨੂੰ ਅਜੇ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਪਰ ਪੰਜਾਬੀ ਲੋਕ ਕਦੇ ਵੀ ਚੱੁਪ ਕਰ ਕੇ ਨਹੀਂ ਬੈਠਦੇ ਤੇ ਉਹ ਇਸ ਪ੍ਰਤੀ ਆਵਾਜ਼ ਜ਼ਰੂਰ ਉਠਾਉਣਗੇ। 
ਦੂਜੇ ਪਾਸੇ ਭਗਵੰਤ ਮਾਨ ਨੂੰ ਇਹ ਜ਼ਰੂਰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੇਕਰ ਉਹ ਨਵੀਂ ਪੀੜ੍ਹੀ ’ਚ ਪ੍ਰਵਾਸ ਦੇ ਪ੍ਰਭਾਵ ਨੂੰ ਘੱਟ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਵਿਚ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਪ੍ਰਦਾਨ ਕਰਨੀਆਂ ਹੀ ਪੈਣਗੀਆਂ। 
ਪੰਜਾਬ ਸਰਕਾਰ ਲਈ ਆਉਣ ਵਾਲਾ ਸਮਾਂ ਬਹੁਤਾ ਸੁਖਦ ਨਹੀਂ ਲੱਗਦਾ ਕਿਉਂਕਿ ਸਰਕਾਰ ਬਣੀ ਨੂੰ ਡੇਢ ਸਾਲ ਦਾ ਸਾਮਾ ਹੋ ਚੱੁਕਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਲੋਕ ਉਸ ਨੂੰ ਸਵਾਲ ਕਰਨਗੇ, ਕਿਉਂਕਿ ਹਰ ਕੋਈ ਨਵੇਂ ਨਵੇਂ ਨੂੰ ਸਮਾਂ ਜ਼ਰੂਰ ਦਿੰਦਾ ਹੈ ਕਿ ਕੰਮ ਕਰਨ ਦਾ ਸਮਾਂ ਦੇ ਦਿਓ ਪਰ ਬਾਅਦ ਵਿਚ ਸਵਾਲ ਜ਼ਰੂਰ ਉੱਠਦੇ ਹਨ। ਪੰਚਾਇਤਾਂ ਭੰਗ ਕਰ ਕੇ ਹਾਈ ਕੋਰਟ ਦੇ ਡਰੋਂ ਫਿਰ ਬਹਾਲ ਕਰਨ ਦੇ ਫੈਸਲੇ ਨਾਲ ਵੀ ਪੰਜਾਬ ਸਰਕਾਰ ਨਮੋਸ਼ੀ ਵਿਚ ਹੈ ਲੋਕਾਂ ਵਿਚ ਇਹ ਗੱਲ ਜਾ ਰਹੀ ਹੈ ਕਿ ਵਾਕਿਆ ਹੀ ਪੰਜਾਬ ਸਰਕਾਰ ਕੋਲ ਸੱਤਾ ਦਾ ਤਜ਼ਰਬਾ ਨਾ ਹੋਣ ਕਾਰਨ ਵਾਰ-ਵਾਰ ਫੈਸਲੇ ਵਾਪਸ ਲੈਣੇ ਪੈ ਰਹੇ ਹਨ। ਆਸ ਕਰਦੇ ਹਾਂ ਕਿ ਮੱੁਖ ਮੰਤਰੀ ਭਗਵੰਤ ਮਾਨ ਪੰਜਾਬ ਤੋਂ ਬਾਹਰ ਦੇ ਉਮੀਦਵਾਰਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ’ਤੇ ਪੰਜਾਬੀਆਂ ਨੂੰ ਸਪੱਸ਼ਟ ਜ਼ਰੂਰ ਕਰਨਗੇ। ਆਮੀਨ!