ਕਾਂਗਰਸ ’ਚ ਧੜੇਬੰਦੀ: ਵੜਿੰਗ ਤੇ ਆਸ਼ੂ ਧੜਿਆਂ ਵੱਲੋਂ ਵੱਖੋ-ਵੱਖਰੀਆਂ ਪੱਤਰਕਾਰ ਮਿਲਣੀਆਂ

ਕਾਂਗਰਸ ’ਚ ਧੜੇਬੰਦੀ: ਵੜਿੰਗ ਤੇ ਆਸ਼ੂ ਧੜਿਆਂ ਵੱਲੋਂ ਵੱਖੋ-ਵੱਖਰੀਆਂ ਪੱਤਰਕਾਰ ਮਿਲਣੀਆਂ

ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਕੀਤੀ ਗਈ ਵੜਿੰਗ ਦੀ ਪ੍ਰੈੱਸ ਕਾਨਫਰੰਸ ਵਿੱਚੋਂ ਆਸ਼ੂ ਗਾਇਬ

ਲੁਧਿਆਣਾ,(ਪੰਜਾਬੀ ਰਾਈਟਰ)- ਹਾਈਕਮਾਂਡ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਵਧਦੀ ਜਾ ਰਹੀ ਹੈ। ਅੱਜ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਵੱਲੋਂ ਜਾਰੀ ਕੀਤੇ ਗਏ ਸੰਮਨ ਦੇ ਮੁੱਦੇ ’ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ‘ਆਪ’ ਦਾ ਡਟ ਕੇ ਵਿਰੋਧ ਕੀਤਾ। ਇਸ ਵਿਰੋਧ ਦੌਰਾਨ ਵੀ ਕਾਂਗਰਸੀਆਂ ਦੀ ਗੁੱਟਬੰਦੀ ਖੁੱਲ੍ਹ ਕੇ ਸਾਹਮਣੇ ਆਈ। ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਆਸ਼ੂ ਦੇ ਹੱਕ ਵਿੱਚ ਕੀਤੀ ਪੱਤਰਕਾਰ ਮਿਲਣੀ ਵਿੱਚ ਆਸ਼ੂ ਨਹੀਂ ਆਏ ਪਰ ਬਾਕੀ ਸਾਰੇ ਲੋਕਲ ਆਗੂ ਮੌਜੂਦ ਰਹੇ। ਦੂਜੇ ਪਾਸੇ ਆਸ਼ੂ ਦੇ ਹੱਕ ਵਿੱਚ ਸੀਨੀਅਰ ਕਾਂਗਰਸੀ ਰਾਣਾ ਗੁਰਜੀਤ ਸਿੰਘ ਨੇ ਆਸ਼ੂ ਦੇ ਦਫ਼ਤਰ ਵਿੱਚ ਪੱਤਰਕਾਰ ਮਿਲਣੀ ਕੀਤੀ, ਜਿਸ ਵਿੱਚ ਸਾਬਕਾ ਵਿਧਾਇਕ ਪਰਗਟ ਸਿੰਘ ਤੇ ਭਾਰਤ ਭੂਸ਼ਣ ਆਸ਼ੂ ਮੌਜੂਦ ਸਨ। ਦੋ ਵੱਖ-ਵੱਖ ਪੱਤਰਕਾਰ ਮਿਲਣੀਆਂ ਹੁੰਦੇ ਹੀ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।

‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ, ‘ਰਾਜਾ ਵੜਿੰਗ ਤੇ ਆਸ਼ੂ ਇਕੱਠੇ ਨਹੀਂ ਬੈਠ ਸਕਦੇ, ਉਹ ਚੋਣਾਂ ਕਿੱਥੋਂ ਜਿੱਤ ਲੈਣਗੇ। ਕਾਂਗਰਸੀ ਆਗੂ ਕੁਰਸੀ ਪਿੱਛੇ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ।’ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਪ੍ਰਗਟ ਸਿੰਘ ਨਾਲ ਦੁਪਹਿਰੇ ਆਪਣੇ ਚੋਣ ਦਫ਼ਤਰ ਵਿੱਚ ਪੱਤਰਕਾਰ ਮਿਲਣੀ ਕੀਤੀ। ਉਨ੍ਹਾਂ ‘ਆਪ’ ਸਰਕਾਰ ਨੂੰ ਘੇਰਿਆ ਅਤੇ ਕਈ ਗੰਭੀਰ ਦੋਸ਼ ਲਗਾਏ। ਜਦ ਕਿ ਇਸ ਤੋਂ ਕੁਝ ਸਮਾਂ ਬਾਅਦ ਰਾਜਾ ਵੜਿੰਗ ਨੇ ਵੀ ਸਵਾ ਦੋ ਵਜੇ ਹੋਟਲ ਪਾਰਕ ਪਲਾਜ਼ਾ ਵਿੱਚ ਪੱਤਰਕਾਰ ਮਿਲਣੀ ਸੱਦ ਲਈ। ਦੋਵਾਂ ਧਿਰਾਂ ਨੇ 200 ਮੀਟਰ ਦੇ ਘੇਰੇ ਵਿੱਚ ਵੱਖ- ਵੱਖ ਪੱਤਰਕਾਰ ਮਿਲਣੀਆਂ ਕੀਤੀਆਂ। ਇਸ ਬਾਰੇ ਸਵਾਲ ਪੁੱਛੇ ਜਾਣ ’ਤੇ ਦੋਵਾਂ ਆਗੂਆਂ ਨੇ ਦਾਅਵਾ ਕੀਤਾ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ।