
ਬੇਬੇ ਨਾਨਕੀ ਦੀ ਸਿੱਖ ਧਰਮ ਵਿੱਚ ਵੱਖਰੀ ਪਛਾਣ: ਬੈਂਸ
ਲੁਧਿਆਣਾ,(ਪੰਜਾਬੀ ਰਾਈਟਰ)- ਗੁਰੂ ਨਾਨਕ ਦੇਵ ਦੀ ਭੈਣ ਬੇਬੇ ਨਾਨਕੀ ਦੇ ਜਨਮ ਦਿਨ ਮੌਕੇ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਰੱਸਟ ਸ਼ਿਮਲਾਪੁਰੀ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਮੁੱਖ ਸੇਵਾਦਾਰ ਗੁਰਪਿਆਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਨੇੜਲੇ ਇਲਾਕਿਆਂ ਦੇ ਵੱਖ ਵੱਖ ਗੁਰਦੁਆਰਾ ਸਹਿਬਾਨ ਦੀਆਂ ਇਸਤਰੀ ਸਤਿਸੰਗ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਜਥਿਆਂ ਸਣੇ ਸ਼ਾਮਿਲ ਹੋ ਕੇ ਪਾਠ ਤੇ ਕੀਰਤਨ ਕੀਤਾ। ਗੁਰਦੁਆਰਾ ਕਮੇਟੀ ਵੱਲੋਂ ਜੱਥਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਸ਼ਾਮਲ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੀ ਸਿਰਫ਼ ਵੱਡੀ ਭੈਣ ਹੀ ਨਹੀਂ ਸਨ ਬਲਿਕ ਉਨ੍ਹਾਂ ਦਾ ਪਾਲਣ ਪੋਸ਼ਣ ਕਰਣ ਵਾਲੇ, ਉਨ੍ਹਾਂ ਦੇ ਦਿਲ ਦੀਆਂ ਜਾਣਨ ਵਾਲੇ, ਉਨ੍ਹਾਂ ਦੇ ਦੁਖਾਂ ਸੁਖਾਂ ਦੇ ਸਾਥੀ, ਸਲਾਹਕਾਰ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਦੇਖ -ਰੇਖ ਕਰਨ ਵਾਲੀ ਇਕ ਐਸੀ ਸ਼ਖ਼ਸੀਅਤ ਸਨ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ।
ਉਨ੍ਹਾਂ ਕਿਹਾ ਕਿ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਸਾਰੀ ਵੀਰ ਨਹੀਂ ਸਗੋਂ ਨਿਰੰਕਾਰੀ ਰੂਪ ਕਰਕੇ ਜਾਣਿਆ ਹੈ ਅਤੇ ਉਹ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਬੀਬੀ ਸੀ। ਇਸ ਮੌਕੇ ਮੁੱਖ ਸੇਵਾਦਾਰ ਗੁਰਪਿਆਰ ਸਿੰਘ, ਜਸਪਾਲ ਸਿੰਘ, ਬਲਜਿੰਦਰ ਸਿੰਘ, ਅਮਰਪਾਲ ਸਿੰਘ, ਗੁਰਮੇਲ ਸਿੰਘ ਅਤੇ ਰਘੂਬੀਰ ਸਿੰਘ ਨੇ ਸ੍ਰੀ ਬੈਂਸ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਸੁਰਿੰਦਰ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਭਜਨ ਕੌਰ, ਬੀਬੀ ਹਰਜੀਤ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਮਨਜੀਤ ਕੌਰ ਸਹੋਏ, ਬੀਬੀ ਤੇਜ ਕੌਰ, ਬੀਬੀ ਅਮਰਜੀਤ ਕੌਰ, ਤਨੀਸ਼ ਸਿੰਘ ਖਾਲਸਾ ਅਤੇ ਬੀਬੀ ਰਜਿੰਦਰ ਕੌਰ ਤੇ ਹੋਰ ਹਾਜ਼ਰ ਸਨ।