ਲੁਧਿਆਣਾ: ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਸਜ਼ਾ-ਏ-ਮੌਤ

ਲੁਧਿਆਣਾ: ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਸਜ਼ਾ-ਏ-ਮੌਤ

ਫਾਸਟ ਟਰੈਕ ਅਦਾਲਤ ਵਿੱਚ 15 ਮਹੀਨੇ ਚੱਲਿਆ ਕੇਸ; ਸਾਢੇ ਪੰਜ ਲੱਖ ਰੁਪਏ ਜੁਰਮਾਨਾ ਲਾਇਆ

ਲੁਧਿਆਣਾ,(ਪੰਜਾਬੀ ਰਾਈਟਰ)- ਇਥੋਂ ਦੀ ਅਦਾਲਤ ਨੇ ਬੱਚੀ ਨਾਲ ਜਬਰ-ਜਨਾਹ ਤੇ ਕਤਲ ਕਰਨ ਦੇ ਮਾਮਲੇ ’ਚ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਜੱਜ ਅਮਰਜੀਤ ਸਿੰਘ ਨੇ ਯੂਪੀ ਦੇ ਫ਼ਤਹਿਪੁਰ ਦੇ ਵਾਸੀ ਸੋਨੂੰ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਅਤੇ ਸਾਢੇ ਪੰਜ ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਅਦਾਲਤ ਨੇ ਨਾਲ ਹੀ ਹੁਕਮ ਜਾਰੀ ਕੀਤਾ ਕਿ ਦੋਸ਼ੀ ਤੋਂ ਵਸੂਲਿਆ ਜੁਰਮਾਨਾ ਪੀੜਤ ਪਰਿਵਾਰ ਨੂੰ ਦਿੱਤਾ ਜਾਵੇ। ਜਬਰ-ਜਨਾਹ ਤੇ ਕਤਲ ਦੀ ਇਹ ਵਾਰਦਾਤ 28 ਦਸੰਬਰ 2023 ਦੀ ਹੈ ਅਤੇ ਇਸ ਮਾਮਲੇ ’ਚ 15 ਮਹੀਨੇ ਸੁਣਵਾਈ ਚੱਲਣ ਮਗਰੋਂ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ। ਕੇਸ ਦੀ ਸੁਣਵਾਈ ਮਗਰੋਂ ਪੀੜਤ ਪਰਿਵਾਰ ਤੇ ਲੋਕਾਂ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਜਾਣਕਾਰੀ ਮੁਤਾਬਕ ਡਾਬਾ ਦੇ ਨਿਊ ਰਾਮ ਨਗਰ ਇਲਾਕੇ ਦੀ ਵਸਨੀਕ ਪੰਜ ਸਾਲਾਂ ਦੀ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਮੁਲਜ਼ਮ ਸੋਨੂੰ ਬੱਚੀ ਨੂੰ ਆਪਣੇ ਚਾਚੇ ਦੇ ਮੁੰਡੇ ਦੇ ਘਰ ਲੈ ਗਿਆ। ਮੁਲਜ਼ਮ ਨੇ ਬੱਚੀ ਨਾਲ ਪਹਿਲਾਂ ਜਬਰ-ਜਨਾਹ ਕੀਤਾ ਤੇ ਫਿਰ ਮਾਮਲੇ ਨੂੰ ਦਬਾਉਣ ਖਾਤਰ ਬੱਚੀ ਦਾ ਕਤਲ ਕਰ ਦਿੱਤਾ। ਵਾਰਦਾਤ ਮਗਰੋਂ ਮੁਲਜ਼ਮ ਬੱਚੀ ਦੀ ਲਾਸ਼ ਨੂੰ ਉਥੇ ਹੀ ਬੈੱਡ ’ਚ ਲੁਕਾ ਕੇ ਚਲਾ ਗਿਆ। ਬੱਚੀ ਦੇ ਲਾਪਤਾ ਹੋਣ ਮਗਰੋਂ ਸੂਚਨਾ ਦੇਣ ’ਤੇ ਪੁਲੀਸ ਨੇ ਜਾਂਚ ’ਚ ਇਸ ਵਾਰਦਾਤ ਦਾ ਖੁਲਾਸਾ ਹੋਇਆ। ਪੁਲੀਸ ਨੇ ਕਮਰੇ ਦੇ ਤਾਲੇ ਤੁੜਵਾ ਕੇ ਬੱਚੀ ਦੀ ਲਾਸ਼ ਬਾਹਰ ਕੱਢੀ ਸੀ ਤੇ ਕਾਫ਼ੀ ਭਾਲ ਮਗਰੋਂ ਮੁਲਜ਼ਮ ਸੋਨੂੰ ਨੂੰ ਗ੍ਰਿਫ਼਼ਤਾਰ ਕਰ ਲਿਆ।