
‘ਆਪ’ ਸਰਕਾਰ ਨੇ ਐੱਸਸੀ ਸਮਾਜ ਦੇ ਹੱਕਾਂ ’ਤੇ ਡਾਕਾ ਮਾਰਿਆ
ਲੁਧਿਆਣਾ,(ਪੰਜਾਬੀ ਰਾਈਟਰ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਦੇਖੇ ਗਏ ਹਨ। ਇਹ ਪੋਸਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸਸੀ ਡਿਪਾਰਟਮੈਂਟ ਵੱਲੋਂ ਲਾਏ ਗਏ ਹਨ। ਇਸ ਸਬੰਧੀ ਕਾਂਗਰਸ ਦੇ ਐੱਸਸੀ ਡਿਪਾਰਟਮੈਂਟ ਲੁਧਿਆਣਾ ਦੇ ਚੇਅਰਮੈਨ ਰਾਹੁਲ ਡੁਲਗਚ ਨੇ ਦੱਸਿਆ ਕਿ ਪੰਜਾਬ ਵਿੱਚ ‘ਆਪ’ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਝੂਠੇ ਸਬਜ਼ਬਾਗ਼ ਦਿਖਾ ਕੇ ਸਰਕਾਰ ਤਾਂ ਬਣਾ ਲਈ ਸੀ ਪਰ ਹੁਣ ਪੰਜਾਬ ਦੇ ਲੋਕ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੇ ਮੰਤਰੀ ਅਤੇ ਵਿਧਾਇਕ ਅਰਵਿੰਦ ਕੇਜਰੀਵਾਲ ਨੂੰ ਖ਼ੁਸ਼ ਕਰਨ ਲਈ ਸੂਬੇ ਨੂੰ ਛੱਡ ਕੇ ਸੂਬੇ ਦੇ ਪੈਸਿਆਂ ਨਾਲ ਦਿੱਲੀ ਚੋਣਾਂ ’ਚ ਪ੍ਰਚਾਰ ਕਰ ਰਹੇ ਹਨ ਪਰ ਇੱਥੇ ਸੂਬੇ ਦਾ ਮਾਹੌਲ ਵਿਗੜ ਰਿਹਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਨਾ ਹੀ ਪੰਜਾਬ ਵਿੱਚ ਦਲਿਤ ਸਮਾਜ ਦਾ ਉਪ ਮੁੱਖ ਮੰਤਰੀ ਬਣਾਇਆ ਗਿਆ ਤੇ ਨਾ ਹੀ ਕਿਸੇ ਐੱਸਸੀ ਭਾਈਚਾਰੇ ਦੇ ਵਿਅਕਤੀ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ ਅਤੇ ਨਾ ਹੀ ਲੁਧਿਆਣਾ ਵਿੱਚ ਨਿਯੁਕਤ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਐੱਸਸੀ ਭਾਈਚਾਰੇ ਵਿੱਚੋਂ ਲਿਆ ਗਿਆ। ਇਸ ਮੌਕੇ ਵਿਵੇਕ ਸੂਦ ਵੀ ਹਾਜ਼ਰ ਸਨ।