
ਵੀਡੀਓ ਵਾਇਰਲ; ਸਿੱਖਿਆ ਮੰਤਰੀ ਵੱਲੋਂ ਪ੍ਰਿੰਸੀਪਲ ਮੁਅੱਤਲ ਅਤੇ ਕੈਂਪਸ ਦਾ ਮੈਨੇਜਰ ਬਰਖ਼ਾਸਤ
ਲੁਧਿਆਣਾ,(ਪੰਜਾਬੀ ਰਾਈਟਰ)- ਸਨਅਤੀ ਸ਼ਹਿਰ ਦੇ ਜਵਾਹਰ ਨਗਰ ਸਥਿਤ ਸਕੂਲ ਆਫ ਐਮੀਨੈਂਸ ਵਿੱਖ ਪਖਾਨੇ ਬਣਾਉਣ ਦੇ ਕੰਮ ਵਿੱਚ ਵਿਦਿਆਰਥੀਆਂ ਤੋਂ ਰੇਤਾ-ਬਜਰੀ ਚੁਕਵਾਉਣ ਦੀ ਵੀਡੀਓ ਅੱਜ ਵਾਇਰਲ ਹੋ ਗਈ। ਇਸ ਮਗਰੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੇਰ ਸ਼ਾਮ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਮੁਅੱਤਲ ਅਤੇ ਕੈਂਪਸ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ। ਸਿੱਖਿਆ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮਾਮਲੇ ਦੀ ਜਾਂਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੀ ਦਿੱਤੀ ਹੈ। ਜਾਂਚ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸਕੂਲ ਆਫ ਐਮੀਨੈਂਸ ਵਿੱਚ ਚੱਲ ਰਹੇ ਉਸਾਰੀ ਕਾਰਜ ਦੌਰਾਨ ਰੇਤਾ ਤੇ ਬਜਰੀ ਚੁੱਕਣ ਲਈ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਡਿਊਟੀ ਲਗਾ ਦਿੱਤੀ। ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਇਹ ਕੰਮ ਦੋ ਤਿੰਨ ਦਿਨ ਤੋਂ ਹੋ ਰਿਹਾ ਹੈ। ਸਕੂਲ ਵਿੱਚ ਪਖਾਨੇ ਬਣਾਉਣ ਦਾ ਕੰਮ ਜਾਰੀ ਹੈ, ਜਿਸ ਲਈ ਮਜ਼ਦੂਰ ਘੱਟ ਬੁਲਾਏ ਜਾਂਦੇ ਹਨ ਅਤੇ ਬੱਚਿਆਂ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਹੈ। ਉਨ੍ਹਾਂ ਦੋਸ਼ ਲਗਾਏ ਕਿ ਇਸ ਮਾਮਲੇ ਸਬੰਧੀ ਪ੍ਰਿੰਸੀਪਲ ਨੇ ਸਵੇਰੇ ਦੀ ਅਸੈਂਬਲੀ ਵਿੱਚ ਅਜਿਹੀ ਅਨਾਊਂਸਮੈਂਟ ਕੀਤੀ ਸੀ। ਵਿਦਿਆਰਥੀਆਂ ਦੇ ਵਰਦੀ ਪਾ ਕੇ ਰੇਤਾ ਚੁੱਕਦਿਆਂ ਦੀ ਅੱਜ ਵੀਡੀਓ ਵਾਇਰਲ ਹੋ ਗਈ। ਉਧਰ, ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚਿਆਂ ਤੋਂ ਕੰਮ ਕਰਵਾਉਣ ਬਾਰੇ ਕੋਈ ਇਲਮ ਨਹੀਂ ਹੈ। ਕਿਸ ਅਧਿਆਪਕ ਨੇ ਵਿਦਿਆਰਥੀਆਂ ਨੂੰ ਇਹ ਕੰਮ ਲਗਾਇਆ ਸੀ, ਇਸ ਬਾਰੇ ਉਨ੍ਹਾਂ ਨੂੰ ਕੁੱਝ ਨਹੀਂ ਪਤਾ।
ਕੌਂਸਲਰ ਨੇ ਦਿੱਤੀ ਡੀਸੀ ਨੂੰ ਸ਼ਿਕਾਇਤ
ਇਲਾਕੇ ਦੇ ਕੌਂਸਲਰ ਕਪਿਲ ਕੁਮਾਰ ਸੋਨੂੰ ਨੇ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵਾਂਗ ਸਕੂਲ ਆਫ਼ ਐਮੀਨੈਂਸ ਬਣਾਏ ਹਨ। ਉੱਥੋਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਤੋਂ ਇਲਾਵਾ ਵਧੀਆ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਬੱਚਿਆਂ ਦਾ ਭਵਿੱਖ ਵਧੀਆ ਬਣ ਸਕੇ ਪਰ ਅਧਿਆਪਕ ਬੱਚਿਆਂ ਤੋਂ ਮਜ਼ਦੂਰੀ ਕਰਵਾ ਰਹੇ ਹਨ ਜੋ ਸ਼ਰਮਨਾਕ ਹੈ।