ਧੀਆਂ ਤੇ ਪੁੱਤ ਸਣੇ ਮਾਂ ਦਾ ਮੂੰਹ ਕਾਲਾ ਕਰਨ ਦਾ ਮਾਮਲਾ ਭਖ਼ਿਆ

ਧੀਆਂ ਤੇ ਪੁੱਤ ਸਣੇ ਮਾਂ ਦਾ ਮੂੰਹ ਕਾਲਾ ਕਰਨ ਦਾ ਮਾਮਲਾ ਭਖ਼ਿਆ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੇ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ

ਲੁਧਿਆਣਾ,(ਪੰਜਾਬੀ ਰਾਈਟਰ)- ਇਥੇ ਬਹਾਦੁਰ ਕੇ ਰੋਡ ’ਤੇ ਸਥਿਤ ਕੱਪੜਾ ਫੈਕਟਰੀ ’ਚੋਂ ਚੋਰੀ ਦੇ ਦੋਸ਼ ’ਚ ਨਾਬਾਲਗ ਲੜਕੀਆਂ, ਉਨ੍ਹਾਂ ਦੀ ਮਾਂ ਤੇ ਭਰਾ ਦਾ ਮੂੰਹ ਕਾਲਾ ਕਰਕੇ ਇਲਾਕੇ ਵਿੱਚ ਘੁਮਾਉਣ ਦੇ ਮਾਮਲੇ ਵਿੱਚ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਵੱਲੋਂ ਸਥਾਨਕ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ।

ਉਨ੍ਹਾਂ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮਗਰੋਂ ਉਹ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਹੋਰ ਅਧਿਕਾਰੀਆਂ ਨੂੰ ਮਿਲੇ। ਉਨ੍ਹਾਂ ਪੁਲੀਸ ਤੋਂ ਇਸ ਮਾਮਲੇ ਦੀ ਪੂਰੀ ਰਿਪੋਰਟ ਤਲਬ ਕਰ ਲਈ ਹੈ ਅਤੇ ਸਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਕਹਿਣਾ ਹੈ ਕਿ ਉਹ ਕੋਸ਼ਿਸ਼ ਕਰਨਗੇ ਕਿ ਜਦੋਂ ਤੱਕ ਇਸ ਮਾਮਲੇ ’ਚ ਕੋਈ ਫ਼ੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਫੈਕਟਰੀ ਨੂੰ ਨਾ ਖੁੱਲ੍ਹਣ ਦਿੱਤਾ ਜਾਵੇ। ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਪਰਿਵਾਰ ਕਹਿ ਰਿਹਾ ਹੈ ਕਿ ਉਨ੍ਹਾਂ ’ਤੇ ਚੋਰੀ ਦਾ ਝੂਠਾ ਦੋਸ਼ ਲਗਾਇਆ ਗਿਆ ਹੈ।

ਉਨ੍ਹਾਂ ਨੂੰ ਗੁਦਾਮ ਵਿੱਚ ਬੰਦ ਕਰਕੇ ਕੁੱਟਮਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਦਾ ਮੂੰਹ ਕਾਲਾ ਕਰਕੇ ਗਲੇ ਵਿੱਚ ਤਖਤੀਆਂ ਪੈ ਕੇ ਪੂਰੇ ਮੁਹੱਲੇ ਵਿੱਚ ਘੁਮਾਇਆ ਸੀ। ਚੇਅਰਪਰਸਨ ਗਿੱਲ ਨੇ ਕਿਹਾ ਕਿ ਉਹ ਪੁਲੀਸ ਅਧਿਕਾਰੀਆਂ ਨਾਲ ਗੱਲ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੂੰ ਡਿਲੀਟ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਨਾਬਾਲਗ ਲੜਕੀਆਂ ਨੂੰ ਫੈਕਟਰੀਆਂ ਵਿੱਚ ਕੰਮ ਕਰਵਾਉਣਾ ਗਲਤ ਹੈ, ਬਾਲ ਕਮਿਸ਼ਨ ਵੀ ਇਸ ’ਤੇ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਲੋੜੀਂਦੇ ਮੁੱਖ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।