
ਸ਼ਖ਼ਸੀਅਤਾਂ ਵੱਲੋਂ ਫਿਲਮ ਦੀ ਟੀਮ ਦਾ ਸਨਮਾਨ; ਸੱਚ ਦੇ ਮਾਰਗ ’ਤੇ ਤੁਰਨ ਦਾ ਸੁਨੇਹਾ ਦਿੰਦੀ ਹੈ ਫਿਲਮ ਗੁਰਮੁਖ: ਜੌੜਾ
ਲੁਧਿਆਣਾ,(ਪੰਜਾਬੀ ਰਾਈਟਰ)- ਨਾਟਕ ਨਿਰਦੇਸ਼ਕ ਅਤੇ ਲੇਖਕ ਪਾਲੀ ਭੁਪਿੰਦਰ ਦੀ ਪਲੇਠੀ ਪੰਜਾਬੀ ਫ਼ਿਲਮ ‘ਗੁਰਮੁਖ- ਦਿ ਆਈ ਵਿਟਨੈੱਸ’ ਦੀ ਸਕਰੀਨਿੰਗ ਐੱਮਬੀਡੀ ਨਿਓਪੋਲਿਸ ਥੀਏਟਰ ਵਿੱਚ ਹੋਈ। ਇਸ ਵਿੱਚ ਵੱਖ-ਵੱਖ ਵਰਗਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਪਾਲੀ ਭੁਪਿੰਦਰ, ਨਿਰਮਾਤਾ ਸੁਮਿਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਦਰਸ਼ਕਾਂ ਵੱਲੋਂ ਮਿਲੇ ਪਿਆਰ ਅਤੇ ਹੱਲਾਸ਼ੇਰੀ ਨੇ ਉਨ੍ਹਾਂ ਦੇ ਹੌਂਸਲੇ ਬੁਲੰਦ ਕੀਤੇ ਹਨ। ਉਹ ਮਹਿਸੂਸ ਕਰ ਰਹੇ ਹਨ ਕਿ ਜਿਸ ਮਿਸ਼ਨ ਨੂੰ ਲੈ ਕੇ ਇਹ ਫ਼ਿਲਮ ਬਣਾਈ ਗਈ ਸੀ, ਉਸ ਵਿੱਚ ਉਹ ਕਾਮਯਾਬ ਹੋਏ ਹਨ।
ਇਸ ਮੌਕੇ ਡਾ. ਨਿਰਮਲ ਜੌੜਾ ਨੇ ਕਿਹਾ ਕਿ ਫ਼ਿਲਮ ਗੁਰਮੁਖ ਇਤਿਹਾਸਕ ਦਸਤਾਵੇਜ਼ ਹੈ ਜੋ ਸਾਡੇ ਅਮੀਰ ਸੱਭਿਆਚਾਰ ਦੇ ਅਹਿਮ ਪਹਿਲੂਆਂ ’ਤੇ ਚਾਨਣਾ ਪਾ ਕੇ ਸੱਚ ਦੇ ਮਾਰਗ ’ਤੇ ਤੁਰਨ ਦਾ ਸੁਨੇਹਾ ਦਿੰਦੀ ਹੈ। ਫਿਲਮ ਦੇ ਮੁੱਖ ਅਦਾਕਾਰ ਕੁਲਜਿੰਦਰ ਸਿੱਧੂ ਨੇ ਕਿਹਾ ਕਿ ਸਾਬਤ ਸੂਰਤ ਸਿੱਖ ਕਿਰਦਾਰ ਦੀ ਭੂਮਿਕਾ ਕਰ ਕੇ ਉਨ੍ਹਾਂ ਦੇ ਮਨ ਨੂੰ ਬੇਹੱਦ ਤਸੱਲੀ ਮਿਲੀ ਹੈ। ਫਿਲਮ ਦੀ ਨਾਇਕਾ ਸਾਰਾ ਗੁਰਪਾਲ ਨੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ਬਾਬਾ ਫ਼ਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ, ਡਾ. ਨਿਰਮਲ ਜੌੜਾ, ਰਣਜੋਧ ਸਿੰਘ ਅਤੇ ਗੁਰਦੀਪ ਸਿੰਘ ਲੀਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵੱਲੋਂ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ ਅਤੇ ਅਰਜੁਨ ਬਾਵਾ ਨੇ ਵੱਲੋਂ ਪਾਲੀ ਭੁਪਿੰਦਰ ਸਿੰਘ, ਸੁਮਿਤ ਸਿੰਘ, ਗੁਰਪ੍ਰੀਤ ਸਿੰਘ, ਕੁਲਜਿੰਦਰ ਸਿੱਧੂ, ਸਾਰਾ ਗੁਰਪਾਲ ਅਤੇ ਰੰਗ ਹਰਜਿੰਦਰ ਦਾ ਸਨਮਾਨ ਕੀਤਾ ਗਿਆ। ਜਥੇਦਾਰ ਭੈਰੋਵਾਲ ਨੇ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ, ਨਿਰਮਾਤਾ ਸੁਮਿਤ ਸਿੰਘ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਫ਼ਿਲਮ ਲੀਹ ਤੋਂ ਹਟ ਕੇ ਬਣੀ ਹੈ। ਚਰਨਜੀਤ ਸਿੰਘ ਪੀਐੱਸਬੀ ਨੇ ਕਿਹਾ ਕਿ ਇਹ ਫਿਲਮ ਪਰਿਵਾਰਾਂ ਸਣੇ ਦੇਖਣ ਵਾਲੀ ਹੈ।
ਇਸ ਮੌਕੇ ਸਾਬਕਾ ਆਈਜੀ ਗੁਰਪ੍ਰੀਤ ਸਿੰਘ ਤੂਰ, ਸਾਬਕਾ ਡੀਸੀ ਗੁਰਲਵਲੀਨ ਸਿੰਘ ਸਿੱਧੂ, ਕਲਾ ਪ੍ਰੇਮੀ ਰਣਜੋਧ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਤਿੰਦਰਪਾਲ ਸਿੰਘ ਅਤੇ ਗੁਰਮੀਤ ਸਿੰਘ, ਫੋਟੋ ਆਰਟਿਸਟ ਤੇਜ਼ ਪ੍ਰਤਾਪ ਸਿੰਘ ਸੰਧੂ, ਵੀਡੀਓ ਡਾਇਰੈਕਟਰ ਰਵਿੰਦਰ ਰੰਗੂਵਾਲ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਗੁਰਿੰਦਰ ਸਿੰਘ, ਰਜਿੰਦਰ ਰਾਜਾ, ਹਰਪਾਲ ਸਿੰਘ ਮਾਂਗਟ, ਵੇਰਕਾ ਦੇ ਜਨਰਲ ਮੈਨੇਜਰ ਡਾ. ਸੁਰਜੀਤ ਭਦੌੜ, ਨਾਟਕਕਾਰ ਤਰਲੋਚਨ ਸਿੰਘ, ਬਲਵਿੰਦਰ ਗਿੱਲ ਅਤੇ ਸੰਗੀਤਕਾਰ ਸ਼ਰਨਜੀਤ ਸ਼ਾਨੂੰ ਨੇ ਫਿਲਮ ਦੀ ਟੀਮ ਨੂੰ ਵਧਾਈ ਦਿੱਤੀ।