ਮੁੱਖ ਮੰਤਰੀ ਨੇ ਰੋਡ ਸ਼ੋਅ ਦੌਰਾਨ ਵਿਰੋਧੀਆਂ ’ਤੇ ਨਿਸ਼ਾਨੇ ਸੇਧੇ

ਮੁੱਖ ਮੰਤਰੀ ਨੇ ਰੋਡ ਸ਼ੋਅ ਦੌਰਾਨ ਵਿਰੋਧੀਆਂ ’ਤੇ ਨਿਸ਼ਾਨੇ ਸੇਧੇ

ਲੁਧਿਆਣਾ, -ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਹਲਕਾ ਪੂਰਬੀ ਵਿੱਚ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨਾਲ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਅਜੇ ਵੀ ਆਪਣੀ ਸਿਆਸੀ ਪਾਰਟੀ ਯਾਦ ਨਹੀਂ ਹੈ ਅਤੇ ਦੂਜਾ ਰਾਜਾ ਬਠਿੰਡਾ ਤੋਂ ਪੈਰਾਸ਼ੂਟ ਰਾਹੀਂ ਉਤਰਿਆ ਉਮੀਦਵਾਰ ਹੈ। ਇਸ ਲਈ ‘ਆਪ’ ਨੂੰ ਕਿਸੇ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜਲਦੀ ਹੀ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣਗੇ। ਭਾਜਪਾ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਸੋਚ ਰਹੀ ਸੀ ਕਿ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਵੇਗੀ ਪਰ ‘ਆਪ’ ਨੂੰ ਰੋਕਿਆ ਜਾਂ ਡਰਾਇਆ ਨਹੀਂ ਜਾ ਸਕਦਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ ਲੁਧਿਆਣਾ ਨੂੰ ਪੰਜਾਬ ਦਾ ਮਾਨਚੈਸਟਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਆਖ਼ਰੀ ਗਾਰੰਟੀ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਇਸ ਨੂੰ ਕੁਝ ਮਹੀਨਿਆਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ, ਸੂਬਾ ਸਰਕਾਰ ਨੂੰ ਨਹਿਰੀ ਪਾਣੀ, ਡੀਆਰਐਸ ਅਤੇ ਫ਼ਸਲੀ ਵਿਭਿੰਨਤਾ ਨਾਲ 7000 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ ਉਸ ਪੈਸੇ ਨਾਲ ਉਹ ਇਸ ਸਕੀਮ ਨੂੰ ਸ਼ੁਰੂ ਕਰਨਗੇ।