ਸਮਾਜਵਾਦੀ ਪਾਰਟੀ ਵੱਲੋਂ ਕਾਂਗਰਸ ਨੂੰ ਯੂਪੀ ’ਚ 17 ਸੀਟਾਂ ਦੀ ਪੇਸ਼ਕਸ਼

ਸਮਾਜਵਾਦੀ ਪਾਰਟੀ ਵੱਲੋਂ ਕਾਂਗਰਸ ਨੂੰ ਯੂਪੀ ’ਚ 17 ਸੀਟਾਂ ਦੀ ਪੇਸ਼ਕਸ਼

ਲਖਨਊ-ਸਮਾਜਵਾਦੀ ਪਾਰਟੀ ਨੇ ਕਾਂਗਰਸ ਲਈ ਉੱਤਰ ਪ੍ਰਦੇਸ਼ ’ਚ ਲੋਕ ਸਭਾ ਦੀਆਂ 17 ਸੀਟਾਂ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਪਾਰਟੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕਾਂਗਰਸ ਤਜਵੀਜ਼ ਸਵੀਕਾਰ ਕਰਦੀ ਹੈ ਤਾਂ ਅਖਿਲੇਸ਼ ਯਾਦਵ ਰਾਏਬਰੇਲੀ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ’ਚ ਸ਼ਾਮਲ ਹੋਣਗੇ। ਪਾਰਟੀ ਦੇ ਮੁੱਖ ਤਰਜਮਾਨ ਰਾਜੇਂਦਰ ਚੌਧਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ,‘‘ਅਸੀਂ ਕਾਂਗਰਸ ਨੂੰ 17 ਲੋਕ ਸਭਾ ਸੀਟਾਂ ਦੀ ਆਖਰੀ ਪੇਸ਼ਕਸ਼ ਕੀਤੀ ਹੈ। ਅਖਿਲੇਸ਼ ਯਾਦਵ ਦੀ ਰਾਏਬਰੇਲੀ ’ਚ ਮੰਗਲਵਾਰ ਨੂੰ ਨਿਆਏ ਯਾਤਰਾ ’ਚ ਸ਼ਮੂਲੀਅਤ ਪੇਸ਼ਕਸ਼ ਮੰਨੇ ਜਾਣ ’ਤੇ ਨਿਰਭਰ ਕਰੇਗੀ।’’ ਉਂਜ ਉਨ੍ਹਾਂ ਕਾਂਗਰਸ ਨੂੰ ਛੱਡੀਆਂ ਜਾਣ ਵਾਲੀਆਂ ਸੀਟਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਕਾਂਗਰਸ ਲਈ 11 ਸੀਟਾਂ ਛੱਡਣ ਦੀ ਪੇਸ਼ਕਸ਼ ਕੀਤੀ ਸੀ ਜਦਕਿ ਕਾਂਗਰਸ ਦੀ ਪ੍ਰਦੇਸ਼ ਇਕਾਈ ਨੇ ਜ਼ਿਆਦਾ ਸੀਟਾਂ ਦੀ ਮੰਗ ਕੀਤੀ ਸੀ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੈ ਰਾਏ ਨੇ ਕਿਹਾ ਸੀ ਕਿ ਪਾਰਟੀ ਨੂੰ ਦੋ ਦਰਜਨ ਦੇ ਕਰੀਬ ਸੀਟਾਂ ਮਿਲਣੀਆਂ ਚਾਹੀਦੀਆਂ ਹਨ ਜੋ ਉਸ ਨੇ 2009 ਦੀਆਂ ਆਮ ਚੋਣਾਂ ਸਮੇਂ ਜਿੱਤੀਆਂ ਸਨ। ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਯੂਪੀ ’ਚ ਸਿਰਫ਼ ਰਾਏਬਰੇਲੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਲਖਨਊ: ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਸਵਾਮੀ ਪ੍ਰਸਾਦ ਮੌਰਿਆ ਨੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ’ਤੇ ਵਰ੍ਹਦਿਆਂ ਕਿਹਾ ਕਿ ਉਹ ਕਿਸੇ ਨੂੰ ਕੁਝ ਵੀ ਦੇਣ ਦੇ ਕਾਬਿਲ ਨਹੀਂ ਹਨ। ਮੌਰਿਆ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਕਿਆਸਾਂ ਦੌਰਾਨ ਉਨ੍ਹਾਂ ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਖਿਲੇਸ਼ ਨੇ ਕਿਹਾ ਸੀ ਕਿ ਲੋਕ ਪਾਰਟੀਆਂ ’ਚ ਆਪਣੇ ਲਾਹੇ ਲਈ ਆਉਂਦੇ ਹਨ ਅਤੇ ਫਿਰ ਚਲੇ ਜਾਂਦੇ ਹਨ ਅਤੇ ਉਨ੍ਹਾਂ ਦੇ ਦਿਮਾਗ ਨੂੰ ਪੜ੍ਹਨਾ ਮੁਸ਼ਕਲ ਹੁੰਦਾ ਹੈ। ਮੌਰਿਆ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਨੇ ਜੋ ਕੁਝ ਉਨ੍ਹਾਂ ਨੂੰ ਦਿੱਤਾ, ਉਹ ਉਸ ਦਾ ਸਨਮਾਨ ਕਰਦੇ ਹਨ ਅਤੇ ਉਹ ਪੂਰੇ ਸਤਿਕਾਰ ਨਾਲ ਇਸ ਨੂੰ ਵਾਪਸ ਕਰਨਗੇ। ਉਧਰ ਰਾਜ ਸਭਾ ਨਾਮਜ਼ਦਗੀਆਂ ਤੋਂ ਨਾਖੁਸ਼ ਪਾਰਟੀ ਦੇ ਇਕ ਹੋਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸਲੀਮ ਸ਼ੇਰਵਾਨੀ ਨੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।