ਸਵਾਲ ਬਦਲੇ ਨਗ਼ਦੀ: ਸਦਾਚਾਰ ਕਮੇਟੀ ਨੇ ਮਹੂਆ ਬਾਰੇ ਰਿਪੋਰਟ ਲੋਕ ਸਭਾ ਸਪੀਕਰ ਨੂੰ ਸੌਂਪੀ

ਸਵਾਲ ਬਦਲੇ ਨਗ਼ਦੀ: ਸਦਾਚਾਰ ਕਮੇਟੀ ਨੇ ਮਹੂਆ ਬਾਰੇ ਰਿਪੋਰਟ ਲੋਕ ਸਭਾ ਸਪੀਕਰ ਨੂੰ ਸੌਂਪੀ

ਨਵੀਂ ਦਿੱਲੀ-ਲੋਕ ਸਭਾ ਦੀ ਸਦਾਚਾਰ ਕਮੇਟੀ ਦੇ ਚੇਅਰਮੈਨ ਵਿਨੋਦ ਸੋਨਕਰ ਨੇ ‘ਸਵਾਲ ਬਦਲੇ ਨਗ਼ਦੀ’ ਮਾਮਲੇ ਵਿਚ ਟੀਐੱਮਸੀ ਆਗੂ ਮਹੂਆ ਮੋਇਤਰਾ ਖਿਲਾਫ਼ ਆਪਣੀ ਰਿਪੋਰਟ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਦਫ਼ਤਰ ਨੂੰ ਸੌਂਪ ਦਿੱਤੀ ਹੈ। ਕਮੇਟੀ ਨੇ ਵੀਰਵਾਰ ਨੂੰ ਕੀਤੀ ਬੈਠਕ ਵਿੱਚ 6-4 ਦੇ ਬਹੁਮਤ ਨਾਲ ਰਿਪੋਰਟ ਸਵੀਕਾਰ ਕਰਦਿਆਂ ਮੋਇਤਰਾ ਨੂੰ ਲੋਕ ਸਭਾ ਵਿਚੋਂ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਸੀ। ਕਮੇਟੀ ਨੇ ‘ਅਨੈਤਿਕ ਵਿਹਾਰ’ ਤੇ ‘ਸਦਨ ਦੀ ਤੌਹੀਨ’ ਨੂੰ ਅਧਾਰ ਬਣਾ ਕੇ ਉਪਰੋਕਤ ਸਿਫਾਰਸ਼ ਕੀਤੀ ਹੈ। ਬੈਠਕ ਵਿੱਚ ਸ਼ਾਮਲ ਦਸ ਮੈਂਬਰਾਂ ਵਿਚੋਂ 6 ਨੇ ਜਿੱਥੇ 479 ਸਫਿਆਂ ਵਾਲੀ ਰਿਪੋਰਟ ਦੀ ਹਮਾਇਤ ਕੀਤੀ, ਉਥੇ ਵਿਰੋਧੀ ਪਾਰਟੀਆਂ ਦੇ ਚਾਰ ਮੈਂਬਰਾਂ ਨੇ ਅਸਹਿਮਤੀ ਜਤਾਈ। ਸੂਤਰਾਂ ਮੁਤਾਬਕ ਬਿਰਲਾ ਇਸ ਵੇਲੇ ਕੋਟਾ ਵਿਚ ਹਨ ਤੇ ਉਨ੍ਹਾਂ ਦੇ ਦੀਵਾਲੀ ਮਗਰੋਂ ਕੌਮੀ ਰਾਜਧਾਨੀ ਪਰਤਣ ਦੀ ਉਮੀਦ ਹੈ। ਇਸ ਮਗਰੋਂ ਹੀ ਉਹ ਰਿਪੋਰਟ ’ਤੇ ਕਾਰਵਾਈ ਦਾ ਫੈਸਲਾ ਲੈਣਗੇ। ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਹਿਲਾਂ ਨਾਲੋਂ ਵੀ ਵੱਡੇ ਫ਼ਤਵੇ ਨਾਲ ਵਾਪਸ ਆਏਗੀ। ਮੋਇਤਰਾ ਨੇ ਐਕਸ ’ਤੇ ਇਕ ਪੋਸਟ ’ਚ ਲਿਖਿਆ, ‘‘ਸੰਸਦੀ ਇਤਿਹਾਸ ਵਿਚ ਸਦਾਚਾਰ ਕਮੇਟੀ ਵੱਲੋਂ ਅਨੈਤਿਕ ਤਰੀਕੇ ਨਾਲ ਸੰਸਦ ਵਿਚੋਂ ਬਰਖਾਸਤ ਕੀਤੇ ਜਾਣ ਵਾਲਾ ਪਹਿਲੀ ਵਿਅਕਤੀ ਬਣਨ ਦਾ ਮਾਣ ਹੈ। ਪਹਿਲਾਂ ਬਰਖਾਸਤ ਕੀਤਾ ਤੇ ਮਗਰੋਂ ਸਰਕਾਰ ਨੂੰ ਕਿਹਾ ਕਿ ਸੀਬੀਆਈ ਨੂੰ ਸਬੂਤ ਲੱਭਣ ਵਾਸਤੇ ਕਿਹਾ ਜਾਵੇ। ਕੰਗਾਰੂ ਕੋਰਟ…ਸ਼ੁਰੂ ਤੋਂ ਲੈ ਕੇ ਅੰਤ ਤੱਕ ਛਲ ਕਪਟ ਤੇ ਫਰੇਬੀ ਵਤੀਰਾ।’’ ਇਕ ਹੋਰ ਪੋਸਟ ਵਿੱਚ ਮੋਇਤਰਾ ਨੇ ਕਾਰੋਬਾਰੀ ਗੌਤਮ ਅਡਾਨੀ ਦੇ ਹਵਾਲੇ ਨਾਲ ਕਿਹਾ, ‘‘ਸ੍ਰੀ ਅਡਾਨੀ ਸਾਰਿਆਂ ਨੂੰ ਇਹ ਦੱਸਣ ਲਈ ਆਪਣਾ ਸਮਾਂ ਬਰਬਾਦ ਨਾ ਕਰੋ ਕਿ ‘ਮਹੂਆ ਦੀ ਟਿਕਟ ਕੱਟੀ ਜਾਵੇਗੀ’। ਜੇ ਕੁਝ ਕੱਟੇਗਾ ਤਾਂ ਉਹ ਬਾਜ਼ਾਰ ਵਿਚਲਾ ਤੁਹਾਡੀ ਪੂੰਜੀ ਸੰਗ੍ਰਹਿ ਹੋਵੇਗਾ।’’ ਮਹੂਆ ਮੋਇਤਰਾ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲੋਕ ਸਭਾ ’ਚੋਂ ਕੱਢਣ ਸਬੰਧੀ ਸਦਾਚਾਰ ਕਮੇਟੀ ਦੀ ਸਿਫਾਰਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਡਾਨੀ ਸਮੂਹ ਦੇ ਕਥਤਿ ਕੋਲਾ ਘੁਟਾਲੇ ਨੂੰ ਦੱਬੀ ਰੱਖਣ ਦੀ ਕੋਸ਼ਿਸ਼ ਦਾ ਨਤੀਜਾ ਹੈ ਅਤੇ ਉਹ ਇਹ ਮੁੱਦਾ ਚੁੱਕਣ ਵਾਲੇ ਕਿਸੇ ਵੀ ਵਿਅਕਤੀ ਦਾ ਮੂੰਹ ਬੰਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਮੋਦੀ ਤੇ ਅਡਾਨੀ ਸਰਕਾਰ ਚਲਾ ਰਹੇ ਹਨ। ਜੋ ਕੋਈ ਵੀ ਉਨ੍ਹਾਂ ਨੂੰ ਸਵਾਲ ਕਰਦਾ ਹੈ, ਉਹ ਪ੍ਰੇਸ਼ਾਨੀ ਵਿੱਚ ਘਿਰ ਜਾਂਦਾ ਹੈ। ਅਸੀਂ ਉਨ੍ਹਾਂ ਕੁਝ ਕੁ ਲੋਕਾਂ ’ਚੋਂ ਹਾਂ ਜੋ ਅਜਿਹਾ ਕਰ ਰਹੇ ਹਾਂ। ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਸਾਨੂੰ ਚੁੱਪ ਕਰਾਉਣ ਤੇ ਜੇਲ੍ਹ ਭੇਜਣ ਦੀ ਹੈ।’ ਉਨ੍ਹਾਂ ਭਗਵਾ ਪਾਰਟੀ ਨੂੰ ‘ਝੂਠ ਦੀ ਫੈਕਟਰੀ’ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਉਹ ਹਰ ਦਿਨ ਫਰਜ਼ੀ ਖ਼ਬਰਾਂ ਫੈਲਾਉਂਦੇ ਹਨ।’