ਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆਂ ਵਿੱਚ ਜੰਗ ਜਲਦ ਖਤਮ ਹੋਣ ਦੀ ਆਸ ਜਗਾਈ

ਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆਂ ਵਿੱਚ ਜੰਗ ਜਲਦ ਖਤਮ ਹੋਣ ਦੀ ਆਸ ਜਗਾਈ

ਵਾਸ਼ਿੰਗਟਨ (ਪੰਜਾਬੀ ਰਾਈਟਰ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਬਿਆਨ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਜਲਦ ਖਤਮ ਹੋਣ ਦੀ ਆਸ ਜਗਾਈ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਅਗਲੀ ਮੀਟਿੰਗ ਹਫਤੇ ਦੇ ਅੰਤ ਵਿੱਚ ਹੋ ਸਕਦੀ ਹੈ, ਜਿਸ ਨਾਲ ਇਸ ਸੰਘਰਸ਼ ਦੇ ਸ਼ਾਂਤ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।

ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, “ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਰਾਨ ਨਾਲ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ।” ਨੇਵਾਡਾ ਦੇ ਲਾਸ ਵੇਗਾਸ ਵਿੱਚ ਇੱਕ ਪ੍ਰੋਗਰਾਮ ਦੌਰਾਨ ਟਰੰਪ ਨੇ ਕਿਹਾ ਕਿ ਇਹ ਜੰਗ ਹੁਣ ਬਹੁਤ ਜਲਦ ਖਤਮ ਹੋਣੀ ਚਾਹੀਦੀ ਹੈ।

ਉੱਥੇ ਹੀ ਦਿ ਨਿਊਯਾਰਕ ਟਾਈਮਜ਼ ਅਤੇ ਵਾਲ ਸਟਰੀਟ ਜਰਨਲ ਦੀਆਂ ਰਿਪੋਰਟਾਂ ਮੁਤਾਬਕ ਅਮਰੀਕਾ ਨੇ ਇਰਾਨ ਦੇ ਸਾਹਮਣੇ ਤਜਵੀਜ਼ ਰੱਖੀ ਹੈ ਕਿ ਉਹ ਆਪਣੇ ਯੂਰੇਨੀਅਮ ਭੰਡਾਰ ਉੱਤੇ 20 ਸਾਲਾਂ ਲਈ ਰੋਕ ਲਗਾ ਦੇਵੇ। ਪਰ ਦੂਜੇ ਪਾਸੇ ਇਰਾਨ ਨੇ ਇਸ ਪ੍ਰਸਤਾਵ 'ਤੇ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਇਸ ਪਾਬੰਦੀ ਨੂੰ ਸਿਰਫ਼ ਪੰਜ ਸਾਲਾਂ ਵਾਸਤੇ ਹੀ ਮੰਨਣ ਲਈ ਤਿਆਰ ਹੈ।

ਜ਼ਿਕਰਯੋਗ ਹੈ ਕਿ ਇਰਾਨ ਵਿਰੁੱਧ ਇਹ ਜੰਗ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਨਾਲ ਸ਼ੁਰੂ ਹੋਈ ਸੀ, ਜਿਸ ਵਿੱਚ ਹੁਣ ਤੱਕ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਇਸ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਆਇਆ ਹੈ, ਜਿਸ ਨੇ ਅਮਰੀਕੀ ਰਾਸ਼ਟਰਪਤੀ ਲਈ ਵੱਡੀ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

ਇਜ਼ਰਾਈਲ ਤੇ ਲਿਬਨਾਨ ਦਸ ਦਿਨਾ ਜੰਗਬੰਦੀ ਲਈ ਸਹਿਮਤ

ਇਜ਼ਰਾਈਲ ਤੇ ਲਿਬਨਾਨ ਦਸ ਦਿਨਾ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਜੰਗਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਲਿਬਨਾਨੀ ਰਾਸ਼ਟਰਪਤੀ ਜੋਸਫ ਆਊਨ ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ‘ਸ਼ਾਨਦਾਰ’ ਗੱਲਬਾਤ ਤੋਂ ਬਾਅਦ ਇਹ ਸੰਭਵ ਹੋਇਆ। ਲਿਬਨਾਨ ਤੇ ਇਜ਼ਰਾਈਲ ਨੇ ਕਈ ਦਹਾਕਿਆਂ ਮਗਰੋਂ ਮੰਗਲਵਾਰ ਨੂੰ ਵਾਸ਼ਿੰਗਟਨ ਵਿੱਚ ਪਹਿਲੀ ਸਿੱਧੀ ਕੂਟਨੀਤਕ ਗੱਲਬਾਤ ਕੀਤੀ ਸੀ। ਅਮਰੀਕੀ ਸਦਰ ਨੇ ਕਿਹਾ ਕਿ ਉਨ੍ਹਾਂ ਉਪ ਰਾਸ਼ਟਰਪਤੀ ਜੇ ਡੀ ਵੈਂਸ ਤੇ ਹੋਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਸ਼ਾਂਤੀ ਸਮਝੌਤੇ ਲਈ ਇਜ਼ਰਾਈਲ ਤੇ ਲਿਬਨਾਨ ਨਾਲ ਮਿਲ ਕੇ ਕੰਮ ਕਰਨ।