ਭਾਰਤ ਤੇ ਚੀਨ ਵੱਲੋਂ ਲੱਦਾਖ ਵਿਵਾਦ ਦੇ ਹੱਲ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰਨ ਦਾ ਅਹਿਦ

ਭਾਰਤ ਤੇ ਚੀਨ ਵੱਲੋਂ ਲੱਦਾਖ ਵਿਵਾਦ ਦੇ ਹੱਲ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰਨ ਦਾ ਅਹਿਦ

ਜੈਸ਼ੰਕਰ ਨੇ ਚੀਨੀ ਹਮਰੁਤਬਾ ਨਾਲ ਕੀਤੀ ਮੁਲਾਕਾਤ

ਅਸਤਾਨਾ,- ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ ’ਚ ਬਕਾਇਆ ਪਏ ਮੁੱਦਿਆਂ ਦੇ ਫੌਰੀ ਹੱਲ ਲਈ ਕੋਸ਼ਿਸ਼ਾਂ ਦੁੱਗਣੀਆਂ ਕਰਨ ਦਾ ਅਹਿਦ ਲਿਆ ਹੈ। ਦੋਵੇਂ ਮੁਲਕਾਂ ਨੇ ਆਪਸੀ ਸਬੰਧਾਂ ਨੂੰ ਸਥਿਰ ਕਰਨ ਅਤੇ ਨਵੇਂ ਸਿਰੇ ਤੋਂ ਅਗਾਂਹ ਵਧਣ ਬਾਰੇ ਵੀ ਗੱਲਬਾਤ ਕੀਤੀ ਹੈ। ਉਂਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਜੈਸ਼ੰਕਰ ਅਤੇ ਵਾਂਗ ਵਿਚਕਾਰ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਨੂੰ ਪੰਜ ਸਾਲ ਹੋ ਗਏ ਹਨ।

ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸ.ਸੀ.ਓ) ਦੇ ਸਿਖਰ ਸੰਮੇਲਨ ਦੌਰਾਨ ਵੱਖਰੇ ਤੌਰ ’ਤੇ ਹੋਈ ਗੱਲਬਾਤ ਦੌਰਾਨ ਜੈਸ਼ੰਕਰ ਨੇ ਸਰਹੱਦ ਦੇ ਪ੍ਰਬੰਧਨ ਲਈ ਦੋਵੇਂ ਮੁਲਕਾਂ ਵਿਚਕਾਰ ਹੋਏ ਸਮਝੌਤਿਆਂ ਦੇ ਪਾਲਣ ਦੀ ਲੋੜ ਜਤਾਈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਜੈਸ਼ੰਕਰ ਅਤੇ ਵਾਂਗ ਨੇ ਪੂਰਬੀ ਲੱਦਾਖ ’ਚ ਐੱਲਏਸੀ ’ਤੇ ਬਕਾਇਆ ਪਏ ਮੁੱਦਿਆਂ ਦਾ ਫੌਰੀ ਹੱਲ ਲੱਭਣ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਜੈਸ਼ੰਕਰ ਨੇ ਭਾਰਤ ਦੇ ਇਸ ਵਿਚਾਰ ਦੀ ਜ਼ੋਰਦਾਰ ਵਕਾਲਤ ਕੀਤੀ ਕਿ ਦੋਵੇਂ ਮੁਲਕਾਂ ਵਿਚਕਾਰ ਸਬੰਧ ਆਪਸੀ ਸਨਮਾਨ, ਦੁਵੱਲੇ ਹਿੱਤਾਂ ਅਤੇ ਸੰਵੇਦਨਸ਼ੀਲਤਾ ’ਤੇ ਆਧਾਰਿਤ ਹੋਣੇ ਚਾਹੀਦੇ ਹਨ। ਜੈਸ਼ੰਕਰ ਨੇ ‘ਐਕਸ’ ’ਤੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਬਕਾਇਆ ਮੁੱਦਿਆਂ ਦੇ ਫੌਰੀ ਹੱਲ ਲਈ ਦੋਵੇਂ ਮੁਲਕਾਂ ਵੱਲੋਂ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਕੋਸ਼ਿਸ਼ਾਂ ਦੁੱਗਣੀਆਂ ਕਰਨ ’ਤੇ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਅਤੇ ਐੱਲਏਸੀ ’ਤੇ ਸ਼ਾਂਤੀ ਬਹਾਲੀ ਦਾ ਸਨਮਾਨ ਕਰਨਾ ਜ਼ਰੂਰੀ ਹੈ। ਭਾਰਤ ਆਖਦਾ ਆ ਰਿਹਾ ਹੈ ਕਿ ਚੀਨ ਨਾਲ ਉਦੋਂ ਤੱਕ ਸਬੰਧ ਸੁਖਾਵੇਂ ਨਹੀਂ ਹੋ ਸਕਦੇ ਜਦੋਂ ਤੱਕ ਕਿ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਨਹੀਂ ਹੋ ਜਾਂਦੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਮੰਤਰੀ ਇਸ ਗੱਲ ’ਤੇ ਸਹਿਮਤ ਸਨ ਕਿ ਸਰਹੱਦੀ ਇਲਾਕਿਆਂ ’ਚ ਮੌਜੂਦਾ ਹਾਲਾਤ ਦੋਵੇਂ ਮੁਲਕਾਂ ਦੇ ਹਿੱਤ ’ਚ ਨਹੀਂ ਹਨ।