
ਗੰਗਟੋਕ-ਉੱਤਰੀ ਸਿੱਕਿਮ ’ਚ ਲਹੋਨਕ ਝੀਲ ਉੱਪਰ ਬੱਦਲ ਫਟਣ ਮਗਰੋਂ ਤੀਸਤਾ ਨਦੀ ’ਚ ਅਚਾਨਕ ਆਏ ਹੜ੍ਹ ਕਾਰਨ ਮਚੀ ਤਬਾਹੀ ਵਿੱਚ ਹੁਣ ਤੱਕ 18 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ ਜਦਕਿ ਸੈਨਾ ਦੇ 22 ਜਵਾਨਾਂ ਸਮੇਤ 98 ਵਿਅਕਤੀ ਲਾਪਤਾ ਹਨ। ਸਿੱਕਿਮ ਰਾਜ ਆਫਤ ਪ੍ਰਬੰਧਨ ਅਥਾਰਿਟੀ ਨੇ ਦੱਸਿਆ ਕਿ ਬੀਤੇ ਦਨਿ ਆਏ ਹੜ੍ਹ ਤੋਂ ਬਾਅਦ ਹੁਣ ਤੱਕ 2,011 ਲੋਕਾਂ ਨੂੰ ਬਚਾਇਆ ਗਿਆ ਹੈ ਜਦਕਿ 22,034 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ 22 ਫੌਜੀਆਂ ਦੀ ਭਾਲ ਲਈ ਹੇਠਲੇ ਇਲਾਕਿਆਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਸੰਭਾਵਨਾ ਹੈ ਕਿ ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਨੂੰ ਹੇਠਾਂ ਵੱਲ ਲੈ ਗਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਆਫ਼ਤ ਤੋਂ ਪ੍ਰਭਾਵਿਤ ਚਾਰ ਜ਼ਿਲ੍ਹਿਆਂ ’ਚ 26 ਰਾਹਤ ਕੈਂਪ ਸਥਾਪਤ ਕੀਤੇ ਹਨ। ਗੰਗਟੋਕ ਜ਼ਿਲ੍ਹੇ ਦੇ ਅੱਠ ਰਾਹਤ ਕੈਂਪਾਂ ’ਚ ਕੁੱਲ 1,025 ਲੋਕਾਂ ਨੇ ਪਨਾਹ ਲਈ ਹੈ ਜਦਕਿ 18 ਹੋਰ ਰਾਹਤ ਕੈਂਪਾਂ ’ਚ ਰਹਿ ਰਹੇ ਲੋਕਾਂ ਦੇ ਅੰਕੜੇ ਹਾਸਲ ਨਹੀਂ ਹੋ ਸਕੇ।