ਕੁਵੈਤ ਅਗਨੀ ਕਾਂਡ: ਭਾਰਤੀਆਂ ਦੀਆਂ ਦੇਹਾਂ ਵਤਨ ਲਿਆਂਦੀਆਂ

ਕੁਵੈਤ ਅਗਨੀ ਕਾਂਡ: ਭਾਰਤੀਆਂ ਦੀਆਂ ਦੇਹਾਂ ਵਤਨ ਲਿਆਂਦੀਆਂ

* ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਦੇਹਾਂ ਲੈ ਕੇ ਕੋਚੀ ਪੁੱਜਿਆ

* ਭਾਰਤੀ ਮ੍ਰਿਤਕਾਂ ਦੀ ਗਿਣਤੀ ਵਧ ਕੇ 46 ਹੋਈ

* ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਸਣੇ ਹੋਰਾਂ ਵੱਲੋਂ ਸ਼ਰਧਾਂਜਲੀਆਂ

ਕੁਵੈਤ ਸਿਟੀ/ਕੋਚੀ,- ਕੁਵੈਤ ਦੀ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਦੋ ਦਿਨ ਪਹਿਲਾਂ ਹੋਏ ਅਗਨੀ ਕਾਂਡ ’ਚ ਜਾਨ ਗੁਆਉਣ ਵਾਲੇ 45 ਭਾਰਤੀਆਂ ਦੀਆਂ ਦੇਹਾਂ ਲੈ ਕੇ ਅੱਜ ਭਾਰਤੀ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਕੋਚੀ ਪੁੱਜਿਆ। ਜਹਾਜ਼ ਵਿੱਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਮੌਜੂਦ ਸਨ। ਮ੍ਰਿਤਕਾਂ ਵਿੱਚ 31 ਜਣੇ ਦੱਖਣੀ ਸੂਬਿਆਂ ਨਾਲ ਸਬੰਧਿਤ ਹਨ। ਉਧਰ ਅਗਨੀ ਕਾਂਡ ਵਿੱਚ ਜ਼ਖ਼ਮੀ ਹੋਏ ਇੱਕ ਹੋਰ ਭਾਰਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸ ਨਾਲ ਮ੍ਰਿਤਕ ਭਾਰਤੀਆਂ ਦੀ ਗਿਣਤੀ ਵਧ ਕੇ 46 ਹੋ ਗਈ ਹੈ।

ਭਾਰਤੀ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਅੱਜ ਸਵੇਰੇ ਦੇਹਾਂ ਲੈ ਕੇ ਕੋਚੀ ਕੌਮਾਂਤਰੀ ਹਵਾਈ ਅੱਡੇ ’ਤੇ ਸਵੇਰੇ ਕਰੀਬ 10:30 ਵਜੇ ਪੁੱਜਿਆ। ਭਾਰਤੀ ਹਵਾਈ ਸੈਨਾ ਦੇ ਸੀ30ਜੇ ਜਹਾਜ਼ ਰਾਹੀਂ ਲਿਆਂਦੀਆਂ ਗਈਆਂ 45 ਦੇਹਾਂ ਵਿੱਚੋਂ 31 ਦੇਹਾਂ ਨੂੰ ਇੱਥੇ ਉਤਾਰਿਆ ਗਿਆ। ਇਸ ਮਗਰੋਂ ਜਹਾਜ਼ 14 ਹੋਰ ਭਾਰਤੀਆਂ ਦੀਆਂ ਦੇਹਾਂ ਲੈ ਕੇ ਦੇਰ ਸ਼ਾਮ ਦਿੱਲੀ ਪੁੱਜਿਆ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਸਣੇ ਕੇਂਦਰੀ ਅਤੇ ਰਾਜ ਮੰਤਰੀਆਂ ਨੇ ਇੱਥੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕੁਵੈਤ ਅਗਨੀ ਕਾਂਡ ਵਿੱਚ ਮਾਰੇ ਗਏ ਦੱਖਣੀ ਸੂਬਿਆਂ ਦੇ 31 ਜਣਿਆਂ ਵਿੱਚ ਕੇਰਲ ਦੇ 23, ਤਾਮਿਲਨਾਡੂ ਦੇ ਸੱਤ ਅਤੇ ਕਰਨਾਟਕ ਦਾ ਇੱਕ ਵਿਅਕਤੀ ਸ਼ਾਮਲ ਹਨ।