ਦਿੱਲੀ ਕੂਚ: ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ

ਦਿੱਲੀ ਕੂਚ: ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ

ਪਟਿਆਲਾ-ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ 13 ਫਰਵਰੀ ਨੂੰ ਉਲੀਕੇ ਗਏ ਦਿੱਲੀ ਕੂਚ ਪ੍ਰੋਗਰਾਮ ਤਹਿਤ 19 ਦਿਨਾਂ ਤੋਂ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਡੇਰੇ ਲਾਈ ਬੈਠੇ ਕਿਸਾਨ ਅਣਮਿੱਥੇ ਸਮੇਂ ਤੱਕ ਇਨ੍ਹਾਂ ਬਾਰਡਰਾਂ ’ਤੇ ਡਟੇ ਰਹਿਣਗੇ ਅਤੇ ਦਿੱਲੀ ਵੱਲ ਵਧਣ ਦਾ ਯਤਨ ਨਹੀਂ ਕਰਨਗੇ। ਇਨ੍ਹਾਂ ਬਾਰਡਰਾਂ ’ਤੇ ਕਿਸਾਨਾਂ ਦੀ ਗਿਣਤੀ ਵਧਾ ਕੇ ਦੁੱਗਣੀ-ਤਿੱਗਣੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 3 ਮਾਰਚ ਤੋਂ ਡੱਬਵਾਲੀ ਬਾਰਡਰ ’ਤੇ ਵੀ ਧਰਨਾ ਮਾਰਿਆ ਜਾਵੇਗਾ। ਇਹ ਕਾਰਵਾਈ ਪੂਰੀ ਤਰ੍ਹਾਂ ਸ਼ਾਂਤਮਈ ਰਹੇਗੀ। ਜੇਕਰ ਸਰਕਾਰ ਨੇ ਨਾ ਰੋਕਿਆ ਤਾਂ ਕਿਸਾਨ ਦਿੱਲੀ ਵੱਲ ਕੂਚ ਜ਼ਰੂਰ ਕਰਨਗੇ ਪਰ ਜੇਕਰ ਰੋਕਾਂ ਲਗਾਈਆਂ ਗਈਆਂ ਤਾਂ ਕਿਸਾਨ ਸ਼ਾਂਤਮਈ ਢੰਗ ਨਾਲ ਉੱਥੇ ਹੀ ਪੱਕਾ ਮੋਰਚਾ ਲਗਾ ਕੇ ਬੈਠ ਜਾਣਗੇ। ਉਧਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਇਸ ਕਰ ਕੇ ਧਿਆਨ ਨਹੀਂ ਦੇ ਰਹੀ ਕਿਉਂਕਿ ਸੱਤਾਧਾਰੀ ਪਾਰਟੀ ਨੇ ਆਪਣਾ ਸਾਰਾ ਧਿਆਨ ਆਗਾਮੀ ਲੋਕ ਸਭਾ ਚੋਣਾਂ ’ਤੇ ਕੇਂਦਰਤ ਕੀਤਾ ਹੋਇਆ ਹੈ। ਕੇਂਦਰੀ ਹਕੂਮਤ ਨਾਲ ਜਾਰੀ ਕਿਸਾਨ ਘੋਲ ਸਬੰਧੀ ਅਗਲੀ ਰਣਨੀਤੀ ਦਾ ਐਲਾਨ ਅੱਜ ਸ਼ਾਮ ਸ਼ੰਭੂ ਬਾਰਡਰ ਤੋਂ ਕੀਤਾ ਗਿਆ। ਪ੍ਰੈੱਸ ਕਾਨਫਰੰਸ ’ਚ ਮਨਜੀਤ ਰਾਏ, ਰਣਜੀਤ ਰਾਜੂ, ਪਰਮਜੀਤ ਸਿੰਘ, ਮਨਜੀਤ ਘੁਮਾਣਾ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ। ਉਂਜ ਇਸ ਮੌਕੇ ਜਗਜੀਤ ਡੱਲੇਵਾਲ, ਸਰਵਣ ਸਿੰਘ ਪੰਧੇਰ, ਸੁਰਜੀਤ ਫੂਲ, ਸਤਿਨਾਮ ਬਹਿਰੂ ਅਤੇ ਬੂਟਾ ਸਿੰਘ ਸ਼ਾਦੀਪੁਰ ਆਦਿ ਪ੍ਰਮੁੱਖ ਕਿਸਾਨ ਆਗੂ ਮੌਜੂਦ ਨਹੀਂ ਸਨ। ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਜਿੰਨਾ ਚਿਰ ਹਕੂਮਤ ਜਬਰ ਨਹੀਂ ਰੋਕਦੀ, ਉਦੋਂ ਤੱਕ ਕਿਸਾਨ ਸ਼ੰਭੂ, ਢਾਬੀਗੁੱਜਰਾਂ ਅਤੇ ਡੱਬਵਾਲੀ ਬਾਰਡਰਾਂ ’ਤੇ ਸ਼ਾਂਤਮਈ ਧਰਨੇ ਜਾਰੀ ਰੱਖਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਇਨ੍ਹਾਂ ਧਰਨਿਆਂ ’ਚ ਕਿਸਾਨਾਂ ਦੀ ਗਿਣਤੀ ਦੁੱਗਣੀ-ਤਿੱਗਣੀ ਕਰ ਕੇ ਇੱਕ ਲੱਖ ਤੋਂ ਵੀ ਉੱਪਰ ਟਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਭਰ ਦੇ ਕਿਸਾਨਾਂ ਨੂੰ ਅਪੀਲ ਕਰਨਗੇ ਕਿ ਵੱਖ-ਵੱਖ ਸੂਬਿਆਂ ਨਾਲ ਲੱਗਦੇ ਦਿੱਲੀ ਦੇ ਹੋਰ ਬਾਰਡਰਾਂ ’ਤੇ ਵੀ ਉਹ ਧਰਨੇ ਮਾਰਨ। ਆਗੂਆਂ ਦਾ ਕਹਿਣਾ ਸੀ ਕਿ ਜਿਵੇਂ ਕਿ ਕਿਸਾਨਾਂ ਨੂੰ ਟਰੈਕਟਰਾਂ ਦੀ ਬਜਾਏ ਪੈਦਲ ਦਿੱਲੀ ਜਾਣ ਦੀ ਗੱੱਲ ਆਖੀ ਗਈ ਹੈ, ਉਸ ਮੁਤਾਬਕ ਉਨ੍ਹਾਂ ਦੇ ਸੰਪਰਕ ਵਿੱਚ ਚੱਲ ਰਹੇ ਹੋਰਨਾਂ ਸੂਬਿਆਂ ਦੇ ਕਿਸਾਨ ਅਗਲੇ ਦਿਨਾਂ ਵਿੱਚ ਪੈਦਲ ਹੀ ਦਿੱਲੀ ਵੱਲ ਚਾਲੇ ਪਾਉਣਗੇ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਰੱਦ ਨਹੀਂ ਹੋਇਆ ਹੈ ਪਰ ਉਸ ਤੋਂ ਪਹਿਲਾਂ ਉਹ ਬਾਰਡਰਾਂ ’ਤੇ ਮੌਜੂਦ ਕਿਸਾਨਾਂ ਅਤੇ ਧਰਨਿਆਂ ਵਾਲੇ ਬਾਰਡਰਾਂ ਦੀ ਗਿਣਤੀ ਵਧਾਉਣਗੇ। ਡੱਬਵਾਲੀ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਇੱਕ ਹੋਰ ਬਾਰਡਰ ਦਾ ਘਿਰਾਓ ਕਰਨ ਦੀ ਗੱਲ ਵੀ ਆਖੀ। ਇੱਕ ਕਿਸਾਨ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਹੋ ਸਕਦੈ ਕਿ 32 ਕਿਸਾਨ ਜਥੇਬੰਦੀਆਂ ਵਾਲੇ ਸੰਯੁਕਤ ਕਿਸਾਨ ਮੋਰਚੇ ਵਿਚਲੀ ਇੱਕ ਜਥੇਬੰਦੀ ਹੀ ਉਨ੍ਹਾਂ ਦੀ ਹਮਾਇਤ ਵਿੱਚ ਇੱਕ ਬਾਰਡਰ ਦਾ ਘਿਰਾਓ ਕਰ ਲਵੇ ਤੇ ਫਿਰ ਅਜਿਹਾ ਰੁਝਾਨ ਬਣਨ ’ਤੇ ਬਾਕੀ ਜਥੇਬੰਦੀਆਂ ਵੀ ਅੱਗੇ ਆ ਜਾਣ।