ਕਿਮ ਵੱਲੋਂ ਫ਼ੌਜ ਨੂੰ ਤਿਆਰ ਰਹਿਣ ਦੀ ਹਦਾਇਤ

ਕਿਮ ਵੱਲੋਂ ਫ਼ੌਜ ਨੂੰ ਤਿਆਰ ਰਹਿਣ ਦੀ ਹਦਾਇਤ

ਸਿਓਲ : ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਆਪਣੀ ਫ਼ੌਜ ਨੂੰ ਦੇਸ਼ ਉੱਤੇ ਹਮਲਾ ਹੋਣ ਦੀ ਸਥਿਤੀ ਵਿੱਚ ਵਿਰੋਧੀ ਮੁਲਕਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਮ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਕਿ ਜਦੋਂ ਅਮਰੀਕਾ, ਦੱਖਣ ਕੋਰੀਆ ਤੇ ਜਪਾਨ ਨੇ ਉੱਤਰ ਕੋਰੀਆ ਵੱਲੋਂ ਵਧਦੇ ਪਰਮਾਣੂ ਖ਼ਤਰਿਆਂ ਨਾਲ ਨਜਿੱਠਣ ਲਈ ਤਿਕੋਣੀ ਜਲ ਸੈਨਾ ਅਭਿਆਸ ਕੀਤਾ ਹੈ। ਇਹੀ ਨਹੀਂ, ਅਮਰੀਕਾ ਅਤੇ ਦੱਖਣ ਕੋਰੀਆ ਦੀਆਂ ਫ਼ੌਜਾਂ ਪਿਛਲੇ ਹਫ਼ਤੇ ਤੋਂ ਦੁਵੱਲੀਆਂ ਜੰਗੀ ਮਸ਼ਕਾਂ ਕਰ ਰਹੀਆਂ ਹਨ। ਸਰਕਾਰੀ ਖ਼ਬਰ ਏਜੰਸੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ ਅਨੁਸਾਰ ਕਿਮ ਨੇ ਸੋਮਵਾਰ ਨੂੰ ਮੁਲਕ ਦੇ ਜਲ ਸੈਨਾ ਦਿਵਸ ਉੱਤੇ ਕਿਹਾ ਕਿ ਅਮਰੀਕਾ ਦੀ ਅਗਵਾਈ ਵਾਲੀ ਦੁਸ਼ਮਣੀ ਕਾਰਨ ਕੋਰਿਆਈ ਉਪ-ਮਹਾਦੀਪ ਦਾ ਜਲ ਖੇਤਰ ‘ਪਰਮਾਣੂ ਜੰਗ ਦੇ ਖ਼ਤਰੇ ਕਾਰਨ’ ਅਸਥਿਰ ਹੋ ਗਿਆ ਹੈ।