
ਖੰਨਾ,(ਪੰਜਾਬੀ ਰਾਈਟਰ)- ਇਥੋਂ ਦੇ ਖੰਨਾ ਖੁਰਦ ਰੋਡ ਨੇੜੇ ਰਿਹਾਇਸ਼ੀ ਖੇਤਰ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਲੋਕਾਂ ਵੱਲੋਂ ਸੰਘਰਸ਼ ਤੇਜ਼ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਾਰਡ ਨੰਬਰ 16, 17 ਅਤੇ 18 ਤੋਂ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਹਰਦੀਪ ਸਿੰਘ ਨੀਨੂੰ ਅਤੇ ਹਰਜੀਤ ਸਿੰਘ ਭਾਟੀਆ ਨੇ ਲੋਕਾਂ ਦੀ ਹਮਾਇਤ ਕਰਦਿਆਂ ਉਕਤ ਥਾਂ ਤੋਂ ਠੇਕਾ ਹਟਾਉਣ ਦੀ ਮੰਗ ਕੀਤੀ। ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸਾਸ਼ਨ ਵੱਲੋਂ ਇਹ ਠੇਕਾ ਨਾ ਹਟਾਇਆ ਗਿਆ ਤਾਂ ਵਿਰੋਧ ਵਿਚ ਪੱਕਾ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ ਅਤੇ ਕਿਹਾ ਕਿ ਇਸ ਠੇਕੇ ਦੇ ਆਲੇ ਦੁਆਲੇ ਸੰਘਣੀ ਅਬਾਦੀ ਹੈ ਜਿੱਥੋਂ ਰੋਜ਼ਾਨਾ ਹਜ਼ਾਰਾਂ ਸਕੂਲੀ ਬੱਚੇ ਅਤੇ ਔਰਤਾਂ ਲੰਘਦੇ ਹਨ ਜਿਨ੍ਹਾਂ ਇਸ ਠੇਕੇ ਅੱਗੋਂ ਲੰਘਣ ਸਮੇਂ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ 31 ਮਾਰਚ ਤੋਂ ਪਹਿਲਾਂ ਮੰਗ ਕੀਤੀ ਗਈ ਸੀ ਕਿ ਨਵੇਂ ਠੇਕਿਆਂ ਦੀ ਨਿਲਾਮੀ ਤੋਂ ਬਾਅਦ ਇਸ ਥਾਂ ਤੇ ਮੁੜ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ ਪਰ ਇਸ ਦੇ ਬਾਵਜੂਦ ਮੁੜ ਠੇਕਾ ਖੋਲ੍ਹ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਠੇਕਾ ਹਟਾਉਣ ਦੀ ਅਪੀਲ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਸੋਹਲ, ਕੇਵਲ ਸਿੰਘ, ਅਰਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਮੇਲ ਸਿੰਘ, ਮਨਪ੍ਰੀਤ ਸਿੰਘ, ਰਣਧੀਰ ਸਿੰਘ, ਕੁਲਦੀਪ ਸਿੰਘ, ਅਮਰਜੀਤ ਕੌਰ, ਸਵਰਨਜੀਤ ਕੌਰ, ਤੇਜ ਕੌਰ, ਸਿਮਰਨ, ਪਰਮਜੀਤ ਕੌਰ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।