ਕੇਰਲਾ: ਕਨਵੈਨਸ਼ਨ ਸੈਂਟਰ ’ਚ ਧਮਾਕਾ, ਦੋ ਹਲਾਕ; 52 ਜ਼ਖ਼ਮੀ

ਕੇਰਲਾ: ਕਨਵੈਨਸ਼ਨ ਸੈਂਟਰ ’ਚ ਧਮਾਕਾ, ਦੋ ਹਲਾਕ; 52 ਜ਼ਖ਼ਮੀ

ਕੋਚੀ-ਇਥੇ ਕਲਾਮੱਸੇਰੀ ਵਿੱਚ ਈਸਾਈ ਧਰਮ ਸਮੂਹ ਦੇ ਕਨਵੈਨਸ਼ਨ ਸੈਂਟਰ ਵਿੱਚ ਅੱਜ ਸਵੇਰੇ ਉਪਰੋਥੱਲੀ ਹੋਏ ਤਿੰਨ ਧਮਾਕਿਆਂ ਕਾਰਨ ਦੋ ਮਹਿਲਾਵਾਂ ਹਲਾਕ ਤੇ 52 ਵਿਅਕਤੀ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਕਨਵੈਨਸ਼ਨ ਸੈਂਟਰ ਵਿਚ ਮੌਜੂਦ ਲੋਕਾਂ ਮੁਤਾਬਕ ਪਹਿਲਾ ਧਮਾਕਾ ਪ੍ਰਾਰਥਨਾ ਸਭਾ ਦਰਮਿਆਨ ਹੋਇਆ। ਇਸ ਮਗਰੋਂ ਦੋ ਹੋਰ ਧਮਾਕੇ ਸੁਣੇ ਗਏ। ਕਨਵੈਨਸ਼ਨ ਸੈਂਟਰ ਵਿੱਚ ਜਿਹੋਵਾ’ਜ਼ ਵਿਟਨਸਿਸ ਦੇ ਸੈਂਕੜੇ ਸ਼ਰਧਾਲੂ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਪ੍ਰਾਰਥਨਾ ਸਭਾ ਲਈ ਮੌਜੂਦ ਸਨ। ਸਮਾਗਮ ਦਾ ਅੱਜ ਆਖਰੀ ਦਿਨ ਸੀ। ਇਸ ਈਸਾਈ ਧਾਰਮਿਕ ਸਮੂਹ ਦਾ 19ਵੀਂ ਸਦੀ ਵਿੱਚ ਅਮਰੀਕਾ ਤੋਂ ਜਨਮ ਹੋਇਆ ਸੀ। ਇਕ ਚਸ਼ਮਦੀਦ ਮੁਤਾਬਕ ਧਮਾਕੇ ਮੌਕੇ ਸੈਂਟਰ ਵਿੱਚ ਪ੍ਰਾਰਥਨਾ ਸਭਾ ਲਈ ਬੱਚੇ, ਬਜ਼ੁਰਗ ਤੇ ਮਹਿਲਾਵਾਂ ਸਣੇ ਦੋ ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ ਜੋ ਰਾਜ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਸਨ। ਧਮਾਕੇ ਮਗਰੋਂ ਕੌਮੀ ਜਾਂਚ ਏਜੰਸੀ ਦੀ ਚਾਰ ਮੈਂਬਰੀ ਟੀਮ ਤੇ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਟੀਮ ਵੀ ਮੌਕੇ ’ਤੇ ਪਹੁੰਚ ਗਈ। ਧਮਾਕੇ ਲਈ ਆਈਈਡੀ(ਬਾਰੂਦੀ ਸੁਰੰਗ) ਵਰਤੇ ਜਾਣ ਦਾ ਸ਼ੱਕ ਹੈ। ਕੇਰਲਾ ਪੁਲੀਸ ਦਾ ਐਂਟੀ-ਟੈਰਰ ਸਕੁਐਡ ਵੀ ਮੌਕੇ ’ਤੇ ਮੌਜੂਦ ਸੀ। ਮੁੱਖ ਮੰਤਰੀ ਪਨਿਾਰਈ ਵਿਜੈਯਨ ਨੇ ਘਟਨਾ ਨੂੰ ‘ਬੇਹੱਦ ਮੰਦਭਾਗੀ’ ਦੱਸਦਿਆਂ ਕਿਹਾ ਕਿ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।