
-ਅਰਜਨ ਰਿਆੜ (ਮੁੱਖ ਸੰਪਾਦਕ)
ਬੀਤੇ ਦਿਨ ਵਾਹਗਿਓਂ ਪਾਰ ਦੀ ਆਈ ਇਕ ਖਬਰ ਨੇ ਪੂਰੀ ਦੁਨੀਆਂ ’ਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰ ਸੁੱਟੇ ਨੇ। ਖ਼ਬਰ ਅਨੁਸਾਰ ਸਿੱਖ ਪੰਥ ਦੇ ਬਾਨੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧਿਤ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਹਦੂਦ ਵਿਚ ਬੀਤੀ ਰਾਤ ਆਯੋਜਿਤ ਪਾਰਟੀ ਵਿਚ ਸ਼ਰਾਬ ਅਤੇ ਮੀਟ ਪਰੋਸਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਪਾਰਟੀ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਤਕਰੀਬਨ 15-20 ਫੁੱਟ ਦੀ ਦੂਰੀ ’ਤੇ ਕੀਤੀ ਗਈ ਸੀ। ਇਸ ਘਟਨਾ ਕਾਰਨ ਇਸ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਦੇ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮੁਹੰਮਦ ਅਬੂਬਕਰ ਆਫ਼ਤਾਬ ਕੁਰੈਸ਼ੀ ਵੀ ਵਿਵਾਦਾਂ ’ਚ ਘਿਰ ਗਏ ਹਨ।
ਸੂਤਰਾਂ ਮੁਤਾਬਕ ਇਹ ਪਾਰਟੀ 18 ਨਵੰਬਰ ਰਾਤ ਨੂੰ ਸ਼ੁਰੂ ਹੋਈ ਅਤੇ ਦੇਰ ਰਾਤ ਤੱਕ ਜਾਰੀ ਰਹੀ। ਪਾਰਟੀ ਵਿਚ ਪਾਕਿਸਤਾਨ ਦੇ ਨਾਰੋਵਾਲ ਦੇ ਜ਼ਿਲ੍ਹਾ ਕੁਲੈਕਟਰ ਮੁਹੰਮਦ ਸਾਰੁਖ ਸਮੇਤ ਸੀਨੀਅਰ ਪੁਲਸ ਅਧਿਕਾਰੀਆਂ ਸਮੇਤ 100 ਤੋਂ ਵੱਧ ਅਹਿਮ ਲੋਕ ਸ਼ਾਮਲ ਹੋਏ। ਜ਼ਿਲ੍ਹਾ ਮੈਜਿਸਟਰੇਟ ਨਾਰੋਵਾਲ ਸਮੇਤ ਕੁਝ ਅਧਿਕਾਰੀਆਂ ਨੇ ਸ਼ਰਾਬ ਦਾ ਸੇਵਨ ਇੰਨਾ ਜ਼ਿਆਦਾ ਕਰ ਲਿਆ ਸੀ ਕਿ ਉਹ ਨੱਚਦੇ ਨਜ਼ਰ ਆਏ। ਇਸ ਸਬੰਧੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਪ੍ਰਬੰਧਕਾਂ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ’ਚ ਗੁੱਸਾ ਹੈ ਅਤੇ ਉਨ੍ਹਾਂ ਨੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਸਬੰਧੀ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਪਾਰਟੀ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਸ਼ਾਮਲ ਹੋਏ ਪਰ ਉਨ੍ਹਾਂ ਨੇ ਪਾਰਟੀ ’ਚ ਸ਼ਰਾਬ ਅਤੇ ਮੀਟ ਪਰੋਸਣ ਦਾ ਵਿਰੋਧ ਨਹੀਂ ਕੀਤਾ। ਇਸ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਅੰਬੈਸਡਰ ਰਹੇ ਰਮੇਸ਼ ਸਿੰਘ ਅਰੋੜਾ ਵੀ ਪਾਰਟੀ ’ਚ ਮੌਜੂਦ ਸਨ।
ਦੂਜੇ ਪਾਸੇ ਇਸ ਮੰਦਭਾਗੀ ਘਟਨਾ ’ਤੇ ਐੱਸ.ਜੀ.ਪੀ.ਸੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਖਤ ਨਿੰਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨੇੜੇ ਸ਼ਰਾਬ ਅਤੇ ਮੀਟ ਪਰੋਸ ਕੇ ਨਾਚ ਗਾਣੇ ਵਾਲੀ ਪਾਰਟੀ ਕੀਤੀ ਗਈ ਹੈ, ਜਿਸ ਦੇ ਖ਼ਿਲਾਫ਼ ਸਿੱਖ ਸਟੂਡੈਂਟ ਫੈੱਡਰੇਸ਼ਨ ਗਰੇਵਾਲ ਵੱਲੋਂ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ’ਚ ਨਾਰੋਵਾਲ ਦੇ ਡਿਪਟੀ ਕਮਿਸ਼ਨਰ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੀ ਸ਼ਾਮਲ ਸਨ। ਸਿੱਖਾਂ ਦੇ ਅੰਦਰ ਇਸ ਸਮੇਂ ਵੱਡੇ ਪੱਧਰ ’ਤੇ ਰੋਸ ਜਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਜਾਂ ਕਿਸੇ ਵੀ ਧਾਰਮਿਕ ਸਥਾਨ ਦੀ ਇਕ ਮਰਿਆਦਾ ਹੁੰਦੀ ਹੈ ਪਰ ਇਹ ਜੋ ਦੇਖਣ ’ਚ ਆਇਆ ਹੈ ਉਹ ਬਹੁਤ ਹੀ ਮੰਦਭਾਗੀ ਗੱਲ ਹੈ, ਮੈਂ ਇਸ ਦਾ ਵਿਰੋਧ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਐੱਸ.ਜੀ.ਪੀ.ਸੀ ਦੇ ਮੈਂਬਰ ਹੋਣ ਦੇ ਨਾਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਸਿੱਖਾਂ ਦੀ ਭਾਵਨਾ ਨਾਲ ਜੁੜੇ ਮੁੱਦੇ ’ਤੇ ਆਪਣਾ ਪੱਖ ਸਪੱਸ਼ਟ ਕਰਨ ਅਤੇ ਜੋ ਵੀ ਲੋਕ ਦੋਸ਼ੀ ਹਨ, ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ।
ਪਾਕਿਸਤਾਨ ਇਕ ਆਰਥਿਕ ਅਤੇ ਸਿਆਸੀ ਤੌਰ ’ਤੇ ਟੱੁਟਿਆ ਅਤੇ ਘਰੇਲੂ ਸੁਰੱਖਿਆ ਹਾਲਾਤਾਂ ਦੀ ਘਾਟ ਦਾ ਝੰਭਿਆ ਮੁਲਕ ਹੈ। ਸਿਆਸੀ ਅਸਥਿਰਤਾ ਕਾਰਨ ਇੱਥੇ ਹਾਲਾਤ ਬਹੁਤੇ ਚੰਗੇ ਨਹੀਂ ਹਨ। ਇਹੀ ਕਾਰਨ ਹੈ ਇਸ ਮੁਲਕ ਵਿਚ ਹਰ ਕੋਈ ਆਪਣੇ ਆਪ ਨੂੰ ਰਾਜਾ ਹੀ ਸਮਝਦਾ ਹੈ। ਹੁਣ ਜਿਹੜੇ ਵੀ ਲੋਕ ਇਸ ਪਾਰਟੀ ਵਿਚ ਸ਼ਾਮਿਲ ਹੋਏ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਵਿਚ ਮੀਟ ਸ਼ਰਾਬ ਦੀ ਵਰਤੋਂ ਨਹੀਂ ਕਰ ਸਕਦੇ, ਪਰ ਕੀਤੀ ਗਈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ। ਗੁਰੂ ਨਾਨਕ ਦੇਵ ਜੀ ਕਿਸੇ ਇਕ ਧਰਮ ਦੇ ਗੁਰੂ ਨਹੀਂ ਸਨ, ਉਹਨਾਂ ਨੇ ਸਮੱੁਚੀ ਮਨੁੱਖਤਾ ਲਈ ਹੀ ਆਪਣਾ ਸਮੱੁਚਾ ਜੀਵਨ ਲਗਾਇਆ। ਉਹਨਾਂ ਨੂੰ ਹਿੰਦੂ, ਸਿੱਖ ਅਤੇ ਮੁਸਲਮਾਨ ਇਕੋ ਜਿੰਨਾ ਹੀ ਮੰਨਦੇ ਹਨ, ਉਹਨਾਂ ਦੇ ਅਸਥਾਨ ਨਾਲ ਇਹੋ ਜਿਹੀ ਸ਼ਰਮਨਾਕ ਘਟਨਾ ਸਮਝ ਤੋਂ ਬਾਹਰ ਹੈ। ਪਾਕਿਸਤਾਨ ਸਥਿਤ ਇਹਨਾਂ ਸਾਰੇ ਦੋਸ਼ੀਆਂ ਨੂੰ ਉੱਪਰ ਕੋਈ ਕਾਰਵਾਈ ਤਾਂ ਸ਼ਾਇਦ ਨਾ ਹੀ ਹੋਵੇ ਅਤੇ ਹੋ ਸਕਦਾ ਹੈ ਕਿ ਇਸ ਵਾਇਰਲ ਹੋਈ ਵੀਡੀਓ ਦਾ ਵੀ ਖੰਡਨ ਕੀਤਾ ਜਾਵੇ ਕਿ ਇਹ ਐਡਿਟ ਕੀਤੀ ਹੋਈ ਹੈ ਵਗੈਰਾ ਵਗੈਰਾ, ਪਰ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਇਹੋ ਜਿਹੇ ਰਸਤੇ ਤੋਂ ਭਟਕਿਆਂ ਨੂੰ ਸੋਝੀ ਦੇਣ ਕਿ ਇਖਲਾਕ ਤੋਂ ਗਿਰੇ ਹੋਏ ਕੰਮ ਕਰਨ ਤੋਂ ਇਹ ਸਾਰੇ ਦੋਸ਼ੀ ਹੀ ਬਾਜ਼ ਆ ਜਾਣ। ਪਰ ਇਹ ਗੱਲ ਜ਼ਰੂਰ ਸੱਚੀ ਹੈ ਕਿ ਇਸ ਘਟਨਾ ਨੇ ਸਮੱੁਚੀ ਦੁਨੀਆਂ ’ਚ ਵਸਦੇ ਸਿੱਖ ਭਾਈਚਾਰੇ ਦੇ ਹਿਰਦੇ ਜ਼ਰੂਰ ਵਲੂੰਧਰੇ ਹਨ। ਆਮੀਂਨ!