ਮਕਬੂਜ਼ਾ ਕਸ਼ਮੀਰ ਲੈ ਕੇ ਹਟਾਂਗੇ: ਅਮਿਤ ਸ਼ਾਹ 

ਮਕਬੂਜ਼ਾ ਕਸ਼ਮੀਰ ਲੈ ਕੇ ਹਟਾਂਗੇ: ਅਮਿਤ ਸ਼ਾਹ 

ਕਰਨਾਲ, -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਨੇ ਤੁਸ਼ਟੀਕਰਨ ਦੀ ਰਾਜਨੀਤੀ ਕਾਰਨ ਜੰਮੂ ਕਸ਼ਮੀਰ ’ਚੋਂ ਧਾਰਾ 370 ਨਹੀਂ ਹਟਾਈ। ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਦੁਹਰਾਇਆ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਭਾਰਤ ਦਾ ਹੈ ਅਤੇ ‘ਅਸੀਂ ਇਸ ਨੂੰ ਵਾਪਸ ਲੈ ਲਵਾਂਗੇ।’ ਭਾਜਪਾ ਦੇ ਸੀਨੀਅਰ ਆਗੂ ਨੇ ਰਾਮ ਮੰਦਰ ਦੇ ਮੁੱਦੇ ’ਤੇ ਵੀ ਕਾਂਗਰਸ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵਰਗੇ ਕਾਂਗਰਸੀ ਆਗੂਆਂ ਨੇ ਆਪਣੇ ਘੱਟ ਗਿਣਤੀ ਵੋਟ ਬੈਂਕ ਨੂੰ ਖੁਸ਼ ਕਰਨ ਲਈ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਗਾਮ ਵਿੱਚ ਸ਼ਿਰਕਤ ਨਹੀਂ ਕੀਤੀ। ਸ਼ਾਹ ਨੇ ਕਿਹਾ ਕਿ ਖਿੱਤੇ ਵਿੱਚ ਅਤਿਵਾਦ ਵਧਣ ਦੇ ਬਾਵਜੂਦ ਕਾਂਗਰਸ ਨੇ ਧਾਰਾ 370 ਰੱਦ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਤੁਸੀਂ ਸਾਰਿਆਂ ਨੇ ਨਰਿੰਦਰ ਮੋਦੀ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਇਆ ਅਤੇ 5 ਅਗਸਤ 2019 ਨੂੰ ਧਾਰਾ 370 ਖਤਮ ਕਰ ਦਿੱਤੀ ਗਈ। ਹੁਣ ਕਸ਼ਮੀਰ ’ਚ ਸਾਡਾ ਤਿਰੰਗਾ ਲਹਿਰਾ ਰਿਹਾ ਹੈ।’’ ਕਰਨਾਲ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਲੜ ਰਹੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕਰਨਾਲ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਰੈਲੀ ਵਿੱਚ ਮੌਜੂਦ ਸਨ। ਸ਼ਾਹ ਨੇ ਕਿਹਾ, ‘‘ਮੈਨੂੰ ਦੱਸੋ, ਕਸ਼ਮੀਰ ਸਾਡਾ ਹੈ ਜਾਂ ਨਹੀਂ? ਉੱਚੀ ਬੋਲੋ ਤਾਂ ਕਿ ਤੁਹਾਡੀ ਆਵਾਜ਼ ਖੜਗੇ ਤੱਕ ਪਹੁੰਚ ਜਾਵੇ। ਖੜਗੇ ਸਾਹਬ, ਤੁਸੀਂ 80 ਸਾਲ ਦੇ ਹੋ ਗਏ ਹੋ ਪਰ ਤੁਹਾਨੂੰ ਦੇਸ਼ ਦੀ ਸਮਝ ਨਹੀਂ ਹੈ। ਹਰਿਆਣਾ ਦੇ ਨੌਜਵਾਨ ਕਸ਼ਮੀਰ ਲਈ ਆਪਣੀ ਜਾਨ ਦੇ ਸਕਦੇ ਹਨ।’’ ਸ਼ਾਹ ਕਾਂਗਰਸ ਪ੍ਰਧਾਨ ਦੀ ਉਸ ਟਿੱਪਣੀ ਦਾ ਹਵਾਲਾ ਦੇ ਰਹੇ ਸਨ ਜਿਸ ’ਚ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਰਾਜਸਥਾਨ ਰੈਲੀ ਦੌਰਾਨ ਸੂਬੇ ਦੀਆਂ ਸਮੱਸਿਆਵਾਂ ਦੀ ਜਗ੍ਹਾ ਧਾਰਾ 370 ਹਟਾਉਣ ਦੀ ਗੱਲ ਕਰਨ ਦਾ ਦੋਸ਼ ਲਾਇਆ ਸੀ।