ਟਰੰਪ ਦਾ ਪ੍ਰਵਾਸ ਵਾਰ ਅਮਰੀਕੀ ਫੌਜੀਆਂ ਨੂੰ ਵੀ ਲੈਣ ਲੱਗਾ ਆਪਣੀ ਗ੍ਰਿਫਤ 'ਚ, ਸਰਹੱਦਾਂ ਦੀ ਰਾਖੀ ਕਰਦੇ ਫ਼ੌਜੀਆਂ ਦੇ ਪਰਿਵਾਰਕ ਜੀਅ ਜੇਲ੍ਹਾਂ 'ਚ!

ਟਰੰਪ ਦਾ ਪ੍ਰਵਾਸ ਵਾਰ ਅਮਰੀਕੀ ਫੌਜੀਆਂ ਨੂੰ ਵੀ ਲੈਣ ਲੱਗਾ ਆਪਣੀ ਗ੍ਰਿਫਤ 'ਚ, ਸਰਹੱਦਾਂ ਦੀ ਰਾਖੀ ਕਰਦੇ ਫ਼ੌਜੀਆਂ ਦੇ ਪਰਿਵਾਰਕ ਜੀਅ ਜੇਲ੍ਹਾਂ 'ਚ!

ਵਾਸ਼ਿੰਗਟਨ, 6 ਅਗਸਤ (ਪੰਜਾਬੀ ਰਾਈਟਰ)-  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਵਾਸ ਵਿਰੋਧੀ ਮੁਹਿੰਮ ਤਹਿਤ ਅਮਰੀਕੀ ਫੌਜ ਦੇ ਜਵਾਨਾਂ ਦੇ ਪਰਵਾਰਾਂ ਉੱਤੇ ਵੀ ਗਾਜ ਡਿੱਗ ਰਹੀ ਹੈ। ਐਸੋਸੀਏਟਿਡ ਪ੍ਰੈਸ ਦੀ ਇਕ ਜਾਂਚ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਫੌਜ ਦੇ ਸਰਗਰਮ ਜਵਾਨਾਂ ਦੇ 50 ਤੋਂ ਵੱਧ ਮਾਪਿਆਂ ਅਤੇ ਜੀਵਨ ਸਾਥੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਦਕਿ ਘੱਟੋ-ਘੱਟ ਛੇ ਜਣਿਆਂ ਨੂੰ ਦੇਸ਼ ਨਿਕਾਲਾ ਦਿਤਾ ਜਾ ਚੁੱਕਾ ਹੈ। ਫੌਜੀਆਂ ਦੇ ਪਰਿਵਾਰਾਂ ਨੂੰ ਦਹਾਕਿਆਂ ਤੋਂ ਦੇਸ਼ ਨਿਕਾਲੇ ਤੋਂ ਛੋਟ ਮਿਲਦੀ ਰਹੀ ਹੈ, ਪਰ ਹੁਣ ਉਨ੍ਹਾਂ ਨੂੰ ਅਪਣੇ ਕਾਨੂੰਨੀ ਦਰਜੇ ਨੂੰ ਬਦਲਣ ਦੌਰਾਨ ਹੀ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਟੈਕਸਾਸ ਦੇ ਫੋਰਟ ਬਲਿਸ ਵਿਚ ਤਾਇਨਾਤ ਆਰਮੀ ਸਰਜੈਂਟ ਹੇਦਾਰ ਲਿਓਨਲ ਟਰਸੀਓਸ ਜੁਆਰੇਜ਼ ਨੇ ਅਪਣੇ ਦਰਦ ਬਿਆਨ ਕਰਦਿਆਂ ਕਿਹਾ, ‘‘ਮੈਂ ਅਪਣੇ ਫੌਜੀ ਕਰੀਅਰ ’ਤੇ ਕਿਵੇਂ ਧਿਆਨ ਕੇਂਦਰਿਤ ਕਰ ਸਕਦਾ ਹਾਂ ਜਦੋਂ ਮੈਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਮੇਰੀ ਪਤਨੀ ਕਿਸ ਹਾਲਤ ਵਿਚ ਹੈ?’’
ਉਨ੍ਹਾਂ ਦੀ ਪਤਨੀ ਨੂੰ ਜੁਲਾਈ ਵਿਚ ਉਨ੍ਹਾਂ ਦੀ 6 ਸਾਲ ਦੀ ਧੀ ਦੇ ਸਾਹਮਣੇ ਗਿ੍ਰਫ਼ਤਾਰ ਕੀਤਾ ਗਿਆ ਸੀ। ਇਸ ਕਾਰਵਾਈ ਕਾਰਨ ਕਈ ਫੌਜੀਆਂ ਨੂੰ ਅਪਣੇ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਲੈਣੀ ਪੈ ਰਹੀ ਹੈ ਜਾਂ ਅਪਣੀ ਤਾਇਨਾਤੀ ਮੁਲਤਵੀ ਕਰਨੀ ਪੈ ਰਹੀ ਹੈ। 10 ਸਾਲਾਂ ਤੋਂ ਸੇਵਾ ਨਿਭਾ ਰਹੇ ਆਰਮੀ ਸਟਾਫ ਸਾਰਜੈਂਟ ਅਲੈਕਸਿਸ ਜਾਰਾਮਿਲੋ ਨੇ ਦਸਿਆ, ‘‘ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਮੈਨੂੰ ਅਪਣੇ ਬੱਚੇ ਦੀ ਦੇਖਭਾਲ ਇਕੱਲੇ ਹੀ ਕਰਨੀ ਪੈ ਰਹੀ ਹੈ। ਇੱਥੇ ਮੇਰੀ ਮਦਦ ਲਈ ਕੋਈ ਨਹੀਂ ਹੈ।’’ ਹੋਮਲੈਂਡ ਸਿਕਿਓਰਿਟੀ ਵਿਭਾਗ ਨੇ ਅਪਣੇ ਬਿਆਨ ਵਿਚ ਕਿਹਾ, ‘‘ਡੀ.ਐਚ.ਐੱਸ. ਅਤੇ ਆਈ.ਸੀ.ਈ. ਅਮਰੀਕੀ ਫੌਜ ਵਿਚ ਸੇਵਾ ਨਿਭਾਉਣ ਵਾਲਿਆਂ ਦੇ ਯੋਗਦਾਨ ਦੀ ਕਦਰ ਕਰਦੇ ਹਨ, ਪਰ ਸਿਰਫ਼ ਫੌਜੀ ਸੇਵਾ ਨਾਲ ਕਾਨੂੰਨੀ ਦਰਜਾ ਨਹੀਂ ਮਿਲ ਜਾਂਦਾ ਜਾਂ ਕਾਨੂੰਨ ਦੇ ਉਲੰਘਣ ਦੇ ਨਤੀਜਿਆਂ ਤੋਂ ਛੋਟ ਨਹੀਂ ਮਿਲਦੀ।’’ ਮਾਹਰਾਂ ਦਾ ਮੰਨਣਾ ਹੈ ਕਿ ਇਸ ਨੀਤੀ ਨਾਲ ਫੌਜ ਦੀ ਤਿਆਰੀ ਉਤੇ ਮਾੜਾ ਅਸਰ ਪੈ ਸਕਦਾ ਹੈ, ਜਦਕਿ ਦੂਜੇ ਪਾਸੇ ਫੌਜੀ ਭਰਤੀ ਏਜੰਸੀਆਂ ਅਜੇ ਵੀ ਪਰਵਾਰਾਂ ਨੂੰ ਮਿਲਣ ਵਾਲੇ ਇਮੀਗ੍ਰੇਸ਼ਨ ਲਾਭਾਂ ਦਾ ਪ੍ਰਚਾਰ ਕਰ ਕੇ ਨਵੇਂ ਯੁਵਾਵਾਂ ਨੂੰ ਫੌਜ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।