ਬਰੈਂਪਟਨ ਰੈਲੀ ਰਾਹੀਂ ‘ਵਾਰਿਸ ਪੰਜਾਬ’ ਦੇ ਵੱਲੋਂ ਐੱਨ.ਆਰ.ਆਈ. ਭਾਈਚਾਰੇ ਤੱਕ ਪਹੁੰਚ ਕਰਨ ਤੀ ਤਿਆਰੀ, ਪੋਸਟਰ ਜਾਰੀ

ਬਰੈਂਪਟਨ ਰੈਲੀ ਰਾਹੀਂ ‘ਵਾਰਿਸ ਪੰਜਾਬ’ ਦੇ ਵੱਲੋਂ ਐੱਨ.ਆਰ.ਆਈ. ਭਾਈਚਾਰੇ ਤੱਕ ਪਹੁੰਚ ਕਰਨ ਤੀ ਤਿਆਰੀ, ਪੋਸਟਰ ਜਾਰੀ

ਅੰਮਿ੍ਰਤਸਰ ਸਾਹਿਬ, 28 ਨਵੰਬਰ (ਪੰਜਾਬੀ ਰਾਈਟਰ)- ਅਜਿਹੇ ਸਮੇਂ ਜਦੋਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਅਜੇ ਤੱਕ ਵਿਦੇਸ਼ਾਂ ਵਿੱਚ ਪਰਵਾਸੀ ਭਾਰਤੀ ਸਮੱਰਥਕਾਂ ਦੀ ਕੋਈ ਖਾਸ ਲਾਮਬੰਦੀ ਦੇਖਣ ਨੂੰ ਨਹੀਂ ਮਿਲੀ ਹੈ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬੀ ਡਾਇਸਪੋਰਾ ਤੱਕ ਪਹੁੰਚ ਕਰਦਾ ਦਿਖਾਈ ਦੇ ਰਿਹਾ ਹੈ। ਪਾਰਟੀ ਦੇ ਸਮੱਰਥਕਾਂ ਵੱਲੋਂ 20 ਦਸੰਬਰ ਨੂੰ ਕਨੇਡਾ ਦੇ ਬਰੈਂਪਟਨ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਿਆਸੀ ਜਥੇਬੰਦੀ, ਜੋ ਅਜੇ ਵੀ ਇੱਕ ਸਿਆਸੀ ਪਾਰਟੀ ਵਜੋਂ ਰਜਿਸਟ੍ਰੇਸ਼ਨ ਦੀ ਉਡੀਕ ਕਰ ਰਹੀ ਹੈ, ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਸ ’ਤੇ ਰੈਲੀ ਦਾ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਕਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੂੰ ਉਸ ਇਕੱਠ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਸ ਨੂੰ ਪੰਜਾਬ ਦੇ ਹੱਕਾਂ ਲਈ ਇਕੱਠ ਦੱਸਿਆ ਹੈ। ‘ਪੰਜਾਬ ਰੈਲੀ’ ਸਿਰਲੇਖ ਵਾਲੇ ਇਸ ਪੋਸਟਰ ’ਤੇ ਇਹ ਸੰਦੇਸ਼ ਲਿਖਿਆ ਹੈ: “ਇਕੱਠੇ ਖੜ੍ਹੇ ਹੋਣ ਦਾ ਸਮਾਂ ਆ ਗਿਆ ਹੈ। ਪੰਜਾਬ ਲਈ, ਪੰਥ ਲਈ, ਅਤੇ ਪੰਜਾਬ ਦੀ ਜਵਾਨੀ ਦੀ ਆਵਾਜ਼ ਲਈ, ਅਸੀਂ ਇੱਕ ਵਾਰ ਫ਼ਿਰ ਇਕੱਠੇ ਹੋਵਾਂਗੇ।’’ ਇਹ ਰੈਲੀ ਐਤਵਾਰ, 20 ਦਸੰਬਰ ਨੂੰ ਹੋਣੀ ਤੈਅ ਹੈ। ਪ੍ਰਬੰਧਕਾਂ ਨੇ ਸਮਾਗਮ ਨੂੰ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਮੰਚ ਦੱਸਦਿਆਂ ਭਾਗ ਲੈਣ ਵਾਲਿਆਂ ਨੂੰ ਆਪਣੇ ਪਰਿਵਾਰਾਂ, ਦੋਸਤਾਂ ਅਤੇ ਬੱਚਿਆਂ ਨੂੰ ਨਾਲ ਲਿਆਉਣ ਦੀ ਅਪੀਲ ਕੀਤੀ ਹੈ।
ਪੋਸਟਰ ਵਿੱਚ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ, ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ, ਦੀ ਵੱਡੀ ਤਸਵੀਰ ਹੈ, ਜਿਸ ਤੋਂ ਬਾਅਦ ਸਿੱਖ ਪ੍ਰਚਾਰਕ ਅਤੇ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ, ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਅਤੇ ਸਿੱਖ ਕਾਰਕੁਨ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀਆਂ ਤਸਵੀਰਾਂ ਹਨ। ਹਾਲਾਂਕਿ, ਪ੍ਰਸਤਾਵਿਤ ਰੈਲੀ ਇਸਦੇ ਕੁਝ ਪ੍ਰਬੰਧਕਾਂ ਦੀਆਂ ਸਿਆਸੀ ਸਾਂਝਾਂ ਅਤੇ ਵਿਚਾਰਧਾਰਕ ਪੈਂਤੜਿਆਂ ਨੂੰ ਲੈ ਕੇ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਇਹ ਦੋਸ ਲਗਾਇਆ ਜਾ ਰਿਹਾ ਹੈ ਕਿ ਇਹ ਸਮਾਗਮ ਪਿਛਲੇ ਦਰਵਾਜ਼ੇ ਰਾਹੀਂ ਉਨ੍ਹਾਂ ਵਿਅਕਤੀਆਂ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਵੱਖਰੇ ਖਾਲਿਸਤਾਨ ਰਾਜ ਦੀ ਵਕਾਲਤ ਕੀਤੀ ਹੈ। ਪ੍ਰਸਤਾਵਿਤ ਵਿਦੇਸ਼ੀ ਲਾਮਬੰਦੀ ਜਥੇਬੰਦੀ ਵੱਲੋਂ ਪੰਜਾਬ ਵਿੱਚ ਆਪਣੀ ਸੰਗਠਨਾਤਮਕ ਮੌਜੂਦਗੀ ਵਧਾਉਣ ਦੀਆਂ ਕੋੋਸ਼ਿਸ਼ਾਂ ਦੇ ਵਿਚਕਾਰ ਆਈ ਹੈ। ਵਾਰਿਸ ਪੰਜਾਬ ਨੇ ਇਸ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਛਪਾਰ ਮੇਲੇ ਅਤੇ ਅੰਮਿ੍ਰਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੌਰਾਨ ਰੈਲੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸਮਰਥਕ ਪਹੁੰਚੇ ਸਨ।