“ਡੈਡੀ, ਪਲੀਜ਼ ਮੈਨੂੰ ਗੋਲੀ ਨਾ ਮਾਰੋ, ਮੈਨੂੰ ਨਾ ਮਾਰੋ” ਮਾਸੂਮ ਬੱਚੇ ਦੀਆਂ ਮਿੰਨਤਾਂ ਵੀ ਨਾ ਪਿਘਲਾ ਸਕੀਆਂ ਪਿਓ ਦਾ ਦਿਲ!

“ਡੈਡੀ, ਪਲੀਜ਼ ਮੈਨੂੰ ਗੋਲੀ ਨਾ ਮਾਰੋ, ਮੈਨੂੰ ਨਾ ਮਾਰੋ” ਮਾਸੂਮ ਬੱਚੇ ਦੀਆਂ ਮਿੰਨਤਾਂ ਵੀ ਨਾ ਪਿਘਲਾ ਸਕੀਆਂ ਪਿਓ ਦਾ ਦਿਲ!

ਪਤਨੀ ਤੇ ਤਿੰਨ ਬੱਚਿਆਂ ਦੀ ਹੱਤਿਆ ਮਗਰੋਂ ਖੁਦ ਨੂੰ ਵੀ ਮਾਰੀ ਗੋਲੀ
ਫਲੋਰੀਡਾ/ਨਿਊਯਾਰਕ, 21 ਨਵੰਬਰ 2026 (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਫ਼ਲੋਰੀਡਾ ਸੂਬੇ ਤੋਂ ਇੱਕ ਅਜਿਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਨੁੱਖੀ ਰਿਸ਼ਤਿਆਂ ਅਤੇ ਪਰਿਵਾਰਕ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਫਲੋਰੀਡਾ ਦੇ ਪਲਾਂਟ ਸਿਟੀ ਇਲਾਕੇ ਵਿੱਚ ਇੱਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਆਪਣੀ ਪਤਨੀ ਅਤੇ ਤਿੰਨ ਨਿੱਕੇ-ਨਿੱਕੇ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲੈਣ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਸ ਘਟਨਾ ਦਾ ਸਭ ਤੋਂ ਦਰਦਨਾਕ ਪਹਿਲੂ ਉਹ ਐਮਰਜੈਂਸੀ ਫ਼ੋਨ ਕਾਲ ਹੈ, ਜਿਸ ਦੌਰਾਨ ਇੱਕ ਮਾਸੂਮ ਬੱਚਾ ਆਪਣੇ ਹੀ ਪਿਤਾ ਅੱਗੇ ਜ਼ਿੰਦਗੀ ਦੀ ਭੀਖ ਮੰਗਦਾ ਸੁਣਾਈ ਦਿੱਤਾ। ਬੱਚਾ ਵਾਰ-ਵਾਰ ਕਹਿ ਰਿਹਾ ਸੀ, “ਡੈਡੀ, ਪਲੀਜ਼ ਮੈਨੂੰ ਗੋਲੀ ਨਾ ਮਾਰੋ। ਡੈਡੀ, ਪਲੀਜ਼ ਮੈਨੂੰ ਨਾ ਮਾਰੋ।” ਪਰ ਪੁਲਿਸ ਅਨੁਸਾਰ ਕੁਝ ਪਲਾਂ ਬਾਅਦ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। 
911 ਕਾਲ ਦੌਰਾਨ ਸਾਹਮਣੇ ਆਇਆ ਖੌਫ਼ਨਾਕ ਮੰਜਰ
ਹਿਲਸਬਰੋ ਕਾਊਂਟੀ ਦੇ ਸੈਰਿਫ ਚੈਡ ਕ੍ਰੋਨਿਸਟਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੁਪਹਿਰ ਲਗਭਗ ਸਾਢੇ ਤਿੰਨ ਵਜੇ ਪੁਲਿਸ ਦੇ ਐਮਰਜੈਂਸੀ ਨੰਬਰ 911 ਉੱਤੇ ਇੱਕ ਕਾਲ ਆਈ। ਫ਼ੋਨ ਦੀ ਲਾਈਨ ਖੁੱਲ੍ਹੀ ਹੋਈ ਸੀ ਅਤੇ ਡਿਸਪੈਚਰ ਘਰ ਦੇ ਅੰਦਰੋਂ ਆ ਰਹੀਆਂ ਆਵਾਜ਼ਾਂ ਸੁਣ ਰਿਹਾ ਸੀ। ਸ਼ੈਰਿਫ਼ ਅਨੁਸਾਰ ਪਹਿਲਾਂ ਇੱਕ ਆਦਮੀ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨੇ ਕਿਹਾ, “ਸੌਰੀ, ਬੱਡੀ।” ਇਸ ਤੋਂ ਤੁਰੰਤ ਬਾਅਦ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਈ। ਫਿਰ ਦੂਰੋਂ ਇੱਕ ਛੋਟੇ ਬੱਚੇ ਦੀਆਂ ਮਿੰਨਤਾਂ ਸੁਣਾਈ ਦਿੱਤੀਆਂ। ਬੱਚਾ ਆਪਣੇ ਪਿਤਾ ਨੂੰ ਗੋਲੀ ਨਾ ਚਲਾਉਣ ਦੀ ਬੇਨਤੀ ਕਰ ਰਿਹਾ ਸੀ। ਸ਼ੈਰਿਫ਼ ਨੇ ਦੱਸਿਆ ਕਿ ਬੱਚੇ ਨੇ ਤਿੰਨ-ਚਾਰ ਵਾਰ ਆਪਣੀ ਜਾਨ ਬਖਸਣ ਦੀ ਮਿੰਨਤ ਕੀਤੀ, ਜਿਸ ਤੋਂ ਬਾਅਦ ਇੱਕ ਹੋਰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਪੁਲਿਸ ਪਹੁੰਚੀ ਤਾਂ ਪੂਰਾ ਪਰਿਵਾਰ ਖ਼ਤਮ ਹੋ ਚੁੱਕਾ ਸੀ
ਐਮਰਜੈਂਸੀ ਕਾਲ ਮਿਲਣ ਤੋਂ ਲਗਭਗ ਦਸ ਮਿੰਟ ਬਾਅਦ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ। ਘਰ ਦੇ ਆਲੇ-ਦੁਆਲੇ ਜਾਂਚ ਕਰਦਿਆਂ ਉਨ੍ਹਾਂ ਨੂੰ ਇੱਕ ਬੱਚਾ ਬੇਜਾਨ ਹਾਲਤ ਵਿੱਚ ਦਿਖਾਈ ਦਿੱਤਾ। ਅਧਿਕਾਰੀਆਂ ਨੇ ਤੁਰੰਤ ਘਰ ਦਾ ਮੁੱਖ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਣ ਦਾ ਫ਼ੈਸਲਾ ਕੀਤਾ। ਘਰ ਦੇ ਅੰਦਰੋਂ ਤਿੰਨ ਬੱਚਿਆਂ, ਉਨ੍ਹਾਂ ਦੀ ਮਾਂ ਅਤੇ ਪਿਤਾ ਦੀਆਂ ਲਾਸ਼ਾਂ ਮਿਲੀਆਂ। ਸਾਰਿਆਂ ਦੇ ਸਰੀਰਾਂ ਉੱਤੇ ਗੋਲੀਆਂ ਲੱਗਣ ਦੇ ਜ਼ਖ਼ਮ ਸਨ। ਮਾਰੇ ਗਏ ਬੱਚਿਆਂ ਦੀ ਉਮਰ ਸਿਰਫ਼ ਇੱਕ ਸਾਲ, ਤਿੰਨ ਸਾਲ ਅਤੇ ਪੰਜ ਸਾਲ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਿ੍ਰਤਕ ਪਿਤਾ ਦੀ ਪਛਾਣ 34 ਸਾਲਾ ਆਇਜਕ ਲੂਖਟੇਫੈਲਡ ਅਤੇ ਪਤਨੀ ਦੀ ਪਛਾਣ 34 ਸਾਲਾ ਰਾਕੇਲ ਵਜੋਂ ਹੋਈ ਹੈ। ਉਨ੍ਹਾਂ ਦੇ ਬੱਚਿਆਂ ਦੇ ਨਾਮ ਇਨੋਕ, ਹੈਨਾ ਅਤੇ ਜੋਬ ਦੱਸੇ ਗਏ ਹਨ।  
ਕੁਝ ਦਿਨ ਪਹਿਲਾਂ ਹੀ ਪਤਨੀ ਨਾਲ ਮਨਾਇਆ ਸੀ ਖੁਸ਼ੀਆਂ ਭਰਿਆ ਸਮਾਂ
ਇਸ ਘਟਨਾ ਨੇ ਪਰਿਵਾਰ ਦੇ ਰਿਸ਼ਤੇਦਾਰਾਂ ਨੂੰ ਵੀ ਡੂੰਘਾ ਸਦਮਾ ਪਹੁੰਚਾਇਆ ਹੈ। ਮਿ੍ਰਤਕ ਔਰਤ ਦੀ ਭੈਣ ਰੇਬੇਕਾ ਉਰੀਬੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪਤੀ-ਪਤਨੀ ਇਕੱਠੇ ਘੁੰਮਣ ਗਏ ਸਨ। ਪਿਛਲੇ ਹਫ਼ਤੇ ਰਾਕੇਲ ਦਾ ਜਨਮ ਦਿਨ ਵੀ ਮਨਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਕਿਸੇ ਅਜਿਹੀ ਘਟਨਾ ਦਾ ਪਹਿਲਾਂ ਕੋਈ ਅੰਦਾਜ਼ਾ ਨਹੀਂ ਸੀ। ਆਇਜਕ ਪੇਸ਼ੇ ਵਜੋਂ ਮਕੈਨਿਕ ਸੀ ਅਤੇ ਆਪਣਾ ਮੋਬਾਈਲ ਮਕੈਨਿਕ ਕਾਰੋਬਾਰ ਚਲਾਉਂਦਾ ਸੀ। ਦੱਸਿਆ ਗਿਆ ਹੈ ਕਿ ਕਾਰੋਬਾਰ ਵੀ ਚੰਗਾ ਚੱਲ ਰਿਹਾ ਸੀ। ਰਾਕੇਲ ਆਪਣੇ ਬੱਚਿਆਂ ਦੀ ਘਰ ਵਿੱਚ ਹੀ ਪੜ੍ਹਾਈ ਕਰਵਾਉਂਦੀ ਸੀ ਅਤੇ ਚਰਚ ਵਿੱਚ ਸੰਗੀਤਕ ਸੇਵਾਵਾਂ ਨਾਲ ਵੀ ਜੁੜੀ ਹੋਈ ਸੀ। ਪਰਿਵਾਰ ਲਗਭਗ ਛੇ ਸਾਲ ਪਹਿਲਾਂ ਕੋਲੋਰਾਡੋ ਤੋਂ ਫਲੋਰੀਡਾ ਆਇਆ ਸੀ। 
ਇਹ ਘਟਨਾ ਇੱਕ ਵਾਰ ਫਿਰ ਘਰੇਲੂ ਹਿੰਸਾ, ਪਰਿਵਾਰਕ ਸੁਰੱਖਿਆ ਅਤੇ ਬੱਚਿਆਂ ਦੀ ਜਾਨ ਦੀ ਰੱਖਿਆ ਵਰਗੇ ਗੰਭੀਰ ਮੁੱਦਿਆਂ ਨੂੰ ਸਾਹਮਣੇ ਲਿਆਉਂਦੀ ਹੈ। ਜਿਸ ਘਰ ਨੂੰ ਬੱਚਿਆਂ ਲਈ ਸਭ ਤੋਂ ਸੁਰੱਖਿਅਤ ਥਾਂ ਹੋਣਾ ਚਾਹੀਦਾ ਸੀ, ਉਸੇ ਘਰ ਵਿੱਚ ਤਿੰਨ ਮਾਸੂਮ ਜ਼ਿੰਦਗੀਆਂ ਦਾ ਅੰਤ ਹੋ ਗਿਆ। ਇਸ ਪੂਰੀ ਘਟਨਾ ਵਿੱਚ ਸਭ ਤੋਂ ਵੱਧ ਦਿਲ ਨੂੰ ਝੰਜੋੜਨ ਵਾਲੀ ਗੱਲ ਉਹ ਮਾਸੂਮ ਆਵਾਜ਼ ਹੈ, ਜੋ ਆਖਰੀ ਪਲਾਂ ਤੱਕ ਆਪਣੇ ਪਿਤਾ ਅੱਗੇ ਜ਼ਿੰਦਗੀ ਦੀ ਭੀਖ਼ ਮੰਗਦੀ ਰਹੀ।