ਅਦਾਕਾਰੀ ਦੀ ਨਜ਼ਾਕਤ, ਜਜ਼ਬਾਤਾਂ ਦੀ ਗਹਿਰਾਈ ਤੇ ਕਿਰਦਾਰਾਂ ਨੂੰ ਜਿਊਣ ਦਾ ਹੁਨਰ, ਦੁਆਬੇ ਦਾ ਬਾਕਮਾਲ ਫ਼ਨਕਾਰ ‘ਰਾਮ ਔਜਲਾ’

ਅਦਾਕਾਰੀ ਦੀ ਨਜ਼ਾਕਤ, ਜਜ਼ਬਾਤਾਂ ਦੀ ਗਹਿਰਾਈ ਤੇ ਕਿਰਦਾਰਾਂ ਨੂੰ ਜਿਊਣ ਦਾ ਹੁਨਰ, ਦੁਆਬੇ ਦਾ ਬਾਕਮਾਲ ਫ਼ਨਕਾਰ ‘ਰਾਮ ਔਜਲਾ’

ਬਚਪਨ ’ਚ ਸਿਨਮੇ ਦੇ ਪਰਦੇ ਉੱਤੇ ਆਉਣ ਦਾ ਸੁਪਨਾ ਦੇਖਣ ਵਾਲੇ ਫ਼ਨਕਾਰ ਦੀ ਕਹਾਣੀ, ਮਿਹਨਤ, ਸੰਘਰਸ਼ ਅਤੇ ਹੌਂਸਲੇ ਦੀ ਪ੍ਰੇਰਨਾਦਾਇਕ ਮਿਸਾਲ
ਕਦੇ ਘਰਦਿਆਂ ਤੋਂ ਚੋਰੀ ਫ਼ਿਲਮਾਂ ਦੇਖਣ ਜਾਣ ਵਾਲਾ ਰਾਮ ਔਜਲਾ ਸਿਨਮੇ ਦੇ ਵੱਡੇ ਪਰਦੇ ਵੱਲ ਬੜੀ ਰੀਝ ਨਾਲ ਤੱਕਦਾ ਹੁੰਦਾ ਸੀ। ਪਰਦੇ ਉੱਤੇ ਕਲਾਕਾਰਾਂ ਨੂੰ ਅਦਾਕਾਰੀ ਕਰਦਿਆਂ ਦੇਖ ਕੇ ਉਸ ਦੇ ਮਨ ਵਿੱਚ ਇੱਕੋ ਤਾਂਘ ਉੱਠਦੀ, ਕਾਸ਼! ਵਾਹਿਗੁਰੂ ਕਦੇ ਮੇਰੇ ਉੱਤੇ ਵੀ ਮਿਹਰ ਕਰੇ ਅਤੇ ਮੈਂ ਵੀ ਇਸ ਵੱਡੇ ਪਰਦੇ ਉੱਤੇ ਲੋਕਾਂ ਨੂੰ ਨਜ਼ਰ ਆਵਾਂ। ਉਸ ਵੇਲੇ ਇਹ ਉਸ ਦੇ ਦਿਲ ਵਿੱਚ ਪਲ ਰਿਹਾ ਇੱਕ ਸੁਪਨਾ ਸੀ, ਪਰ ਅੱਜ ਉਹੀ ਸੁਪਨਾ ਉਸ ਦੀ ਜ਼ਿੰਦਗੀ ਦੀ ਹਕੀਕਤ ਬਣ ਚੁੱਕਾ ਹੈ। ਦੁਆਬੇ ਦੀ ਧਰਤੀ ਦਾ ਇਹ ਬਾਕਮਾਲ ਫ਼ਨਕਾਰ ਅੱਜ ਪੰਜਾਬੀ ਫ਼ਿਲਮਾਂ ਅਤੇ ਸੰਗੀਤਕ ਵੀਡੀਓਜ਼ ਵਿੱਚ ਆਪਣੀ ਅਦਾਕਾਰੀ ਦੇ ਵੱਖ-ਵੱਖ ਰੰਗ ਵਿਖਾ ਰਿਹਾ ਹੈ। ਰਾਮ ਔਜਲਾ ਦਾ ਸਫ਼ਰ ਇਸ ਗੱਲ ਦੀ ਮਿਸਾਲ ਹੈ ਕਿ ਜਦੋਂ ਸੁਪਨਿਆਂ ਨਾਲ ਸੱਚੀ ਲਗਨ, ਮਿਹਨਤ ਅਤੇ ਸਬਰ ਜੁੜ ਜਾਣ ਤਾਂ ਮੰਜ਼ਿਲਾਂ ਦੇ ਰਾਹ ਵੀ ਖੁੱਲ੍ਹਣ ਲੱਗ ਪੈਂਦੇ ਹਨ।
ਫਗਵਾੜਾ-ਮੁਕੰਦਪੁਰ ਮਾਰਗ ਉੱਤੇ ਪਿੰਡ ਮਸਾਣੀ ਲਾਗੇ ਵਸਿਆ ਪਿੰਡ ਔਜਲਾ ਰਾਮ ਦੀ ਜਨਮ ਭੂਮੀ ਹੈ। ਬਚਪਨ ਤੋਂ ਹੀ ਅਦਾਕਾਰੀ ਪ੍ਰਤੀ ਡੂੰਘੀ ਦਿਲਚਸਪੀ ਰੱਖਣ ਵਾਲੇ ਰਾਮ ਦੇ ਇਸ ਸ਼ੌਕ ਨੂੰ ਸਹੀ ਦਿਸ਼ਾ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਦੇ ਰੰਗਮੰਚ ਤੋਂ ਮਿਲੀ। ਜਦੋਂ ਰਾਮ ਨੇ ਇਸ ਕਾਲਜ ਵਿੱਚ ਦਾਖਲਾ ਲਿਆ, ਉਸ ਸਮੇਂ ਪੰਜਾਬੀ ਖੇਡ ਸਾਹਿਤ ਦੇ ਉੱਘੇ ਲੇਖਕ ਪਿ੍ਰੰਸੀਪਲ ਸਰਵਣ ਸਿੰਘ ਜੀ ਕਾਲਜ ਦੇ ਪਿ੍ਰੰਸੀਪਲ ਸਨ। ਉਨ੍ਹਾਂ ਦੀ ਅਗਵਾਈ ਹੇਠ ਕਾਲਜ ਦਾ ਸਾਹਿਤਕ, ਵਿੱਦਿਅਕ ਅਤੇ ਸੱਭਿਆਚਾਰਕ ਮਾਹੌਲ ਰਾਮ ਦੇ ਅੰਦਰਲੇ ਕਲਾਕਾਰ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਹੁੱਝਾਂ ਮਾਰਦਾ ਰਿਹਾ। ਇਸੇ ਕਾਲਜ ਵਿੱਚ ਰਾਮ ਨਾਲ ਮੇਰੀ ਦੋਸਤੀ ਦੀਆਂ ਜੜ੍ਹਾਂ ਵੀ ਡੂੰਘੀਆਂ ਹੋਈਆਂ, ਜਿਨ੍ਹਾਂ ਦੀ ਨਿੱਘ ਅੱਜ ਵੀ ਪਹਿਲਾਂ ਵਾਂਗ ਬਰਕਰਾਰ ਹੈ।
ਰਾਮ ਦੇ ਭਰਾ ਜਸਵਿੰਦਰ ਔਜਲਾ ਸਮੇਤ ਅਸੀਂ ਯੂਥ ਫੈਸਟੀਵਲਾਂ ਵਿੱਚ ਸਕਿੱਟਾਂ ਅਤੇ ਨਾਟਕ ਖੇਡਦੇ ਰਹੇ। ਰਾਮ ਦੀ ਸੰਵਾਦ ਬੋਲਣ ਦੀ ਅਦਾ, ਚਿਹਰੇ ਦੇ ਹਾਵ-ਭਾਵ ਅਤੇ ਕਿਰਦਾਰ ਨੂੰ ਸਮਝਣ ਦੀ ਸਮਰੱਥਾ ਉਸ ਦੇ ਅੰਦਰਲੇ ਅਦਾਕਾਰ ਦੀ ਝਲਕ ਦਿੰਦੀ ਸੀ। ਪ੍ਰੋਫ਼ੈਸਰ ਗੁਲਸ਼ਨ ਢੀਂਗਰਾ ਜੀ, ਜੋ ਅੱਜਕੱਲ੍ਹ ਇੰਗਲੈਂਡ ਦੇ ਵੁਲਵਰਹੈਂਪਟਨ ਵਿੱਚ ‘ਗੁਲਸ਼ਨ ਰੇਡੀਓ’ ਚਲਾ ਰਹੇ ਹਨ ਅਤੇ ਮੈਡਮ ਅਮਰਦੀਪ ਕੌਰ ਜੀ, ਜੋ ਆਪਣੀ ਫ਼ਿਲਮ ਅਕੈਡਮੀ ਦੇ ਨਾਲ ਰੇਡੀਓ ਹਰਮਨ ਉੱਤੇ ‘ਲਹਿਰਾਂ’ ਪ੍ਰੋਗਰਾਮ ਪੇਸ਼ ਕਰਦੇ ਹਨ, ਦੀ ਅਗਵਾਈ ਹੇਠ ਰਾਮ ਨੇ ਰੰਗਮੰਚ ਦੀਆਂ ਬਾਰੀਕੀਆਂ ਸਿੱਖੀਆਂ। ਉਸ ਦੀ ਕਲਾਤਮਕ ਘਾੜਤ ਵਿੱਚ ਸਰਬਜੀਤ ਸਿੰਘ ਰਟੈਂਡਾ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਕਾਲਜ ਵਿੱਚ ਨਾਟਕ ਅਤੇ ਅਦਾਕਾਰੀ ਦੀ ਪਿਰਤ ਪਾਉਣ ਵਾਲੇ ਰਟੈਂਡਾ ਨੂੰ ਰਾਮ ਅੱਜ ਵੀ ਆਪਣਾ ਮਾਰਗਦਰਸ਼ਕ ਮੰਨਦਾ ਹੈ।
ਰਾਮ ਦੇ ਕਾਲਜ ਜੀਵਨ ਦੀਆਂ ਯਾਦਾਂ ਵਿੱਚ ਐੱਨ.ਐੱਸ.ਐੱਸ. ਕੈਂਪਾਂ ਦਾ ਵੀ ਖਾਸ ਸਥਾਨ ਹੈ। ਸੇਵਾਮੁਕਤ ਪਿ੍ਰੰਸੀਪਲ ਡਾ. ਚਰਨਜੀਤ ਕੌਰ ਜੀ ਦੀ ਰਹਿਨੁਮਾਈ ਹੇਠ ਲੱਗਣ ਵਾਲੇ ਇਨ੍ਹਾਂ ਕੈਂਪਾਂ ਵਿੱਚ ਸੇਵਾ ਕਾਰਜਾਂ ਦੇ ਨਾਲ-ਨਾਲ ਸੱਭਿਆਚਾਰਕ ਪੇਸ਼ਕਾਰੀਆਂ ਦੀ ਵੀ ਖੂਬ ਰੌਣਕ ਹੁੰਦੀ ਸੀ। ਸਰਬਜੀਤ ਸਿੰਘ ਰਟੈਂਡਾ, ਰਾਮ ਔਜਲਾ, ਜਸਵਿੰਦਰ ਔਜਲਾ, ਜਸਵਿੰਦਰ ਬਿੱਲਾ ਮੁਠੱਡਾ ਕਲਾਂ, ਡੇਵਿਡ ਨਿਊਜ਼ੀਲੈਂਡ, ਪ੍ਰੋਫ਼ੈਸਰ ਰਾਮਪਾਲ ਬੰਗਾ, ਪ੍ਰੋਫ਼ੈਸਰ ਅਸ਼ੋਕ ਬੰਗਾ, ਜਗਦੀਪ ਸੈਂਪਲਾ, ਜੋ ਅੱਜ ਪਿ੍ਰੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਸੁਰਜੀਤ ਜੀਤੀ, ਮੈਂ (ਧੀਰਜ ਛੋਕਰਾਂ), ਧਰਮਿੰਦਰ ਮਸਾਣੀ, ਗੁਰਵਿੰਦਰ ਸਿੰਘ, ਸਤਨਾਮ ਸਿੰਘ ਬੱਲੋਵਾਲ ਅਤੇ ਜਗਦੀਸ਼ ਸਿੰਘ ਬੱਲੋਵਾਲ ਸਮੇਤ ਸਾਡਾ ਇੱਕ ਅਜਿਹਾ ਸਾਥੀ ਸਮੂਹ ਸੀ, ਜੋ ਮਿਲ ਕੇ ਨਾਟਕਾਂ, ਸਕਿੱਟਾਂ ਅਤੇ ਸੱਭਿਆਚਾਰਕ ਪੇਸਕਾਰੀਆਂ ਰਾਹੀਂ ਕੈਂਪਾਂ ਦੀ ਰੌਣਕ ਵਧਾਉਂਦਾ ਸੀ। ਇਨ੍ਹਾਂ ਸਾਥੀਆਂ ਵਿੱਚੋਂ ਇਨਕਲਾਬੀ ਜਜ਼ਬੇ ਵਾਲਾ ਗਾਇਕ ਧਰਮਿੰਦਰ ਮਸਾਣੀ ਅੱਜ ਵੀ ਸਾਡੇ ਸਾਰਿਆਂ ਵਿਚਕਾਰ ਪਿਆਰ ਅਤੇ ਸੰਪਰਕ ਦੀ ਇੱਕ ਮਜਬੂਤ ਕੜੀ ਹੈ। ਕਾਲਜ ਦੇ ਮੰਚਾਂ ਤੋਂ ਕਿਸਾਨ ਅੰਦੋਲਨਾਂ ਅਤੇ ਇੰਗਲੈਂਡ ਦੀ ਧਰਤੀ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਲੇ ਧਰਮਿੰਦਰ ਦੀ ਰਾਮ ਨਾਲ ਵੀ ਡੂੰਘੀ ਸਾਂਝ ਹੈ। ਸਮਾਂ ਬਦਲ ਗਿਆ, ਰਾਹ ਵੱਖਰੇ ਹੋ ਗਏ, ਪਰ ਰਾਮ ਨਾਲ ਮੇਰੀ ਦੋਸਤੀ ਦਾ ਨਿੱਘ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ।
ਰਾਮ ਔਜਲਾ ਦੀ ਸ਼ਖਸੀਅਤ ਵਿੱਚ ਮਿਲਾਪੜੇ ਸੁਭਾਅ, ਖੁਸ਼ਦਿਲੀ ਅਤੇ ਬੇਬਾਕੀ ਦਾ ਅਨੋਖਾ ਸੁਮੇਲ ਹੈ। ਉਹ ਦਿਲ ਦੀ ਗੱਲ ਬਿਨਾਂ ਕਿਸੇ ਲਾਗ-ਲਪੇਟ ਦੇ ਕਹਿਣ ਵਾਲਾ ਇਨਸਾਨ ਹੈ। ਕਈ ਵਾਰ ਉਸ ਦੀ ਸਾਫ਼ਗੋਈ ਕਿਸੇ ਨੂੰ ਚੁੱਭ ਵੀ ਜਾਂਦੀ ਹੈ, ਪਰ ਉਸ ਦੇ ਮਨ ਵਿੱਚ ਕਿਸੇ ਪ੍ਰਤੀ ਮੈਲ ਨਹੀਂ ਰਹਿੰਦੀ। ਦੋਸਤਾਂ ਵਿੱਚ ਬੈਠਿਆਂ ਉਸ ਦਾ ਹਾਸਾ-ਠੱਠਾ ਮਹਿਫ਼ਲ ਨੂੰ ਰੰਗੀਨ ਬਣਾ ਦਿੰਦਾ ਹੈ। ਉਸ ਦੀ ਇਹੀ ਸੁਭਾਵਿਕਤਾ ਅਦਾਕਾਰੀ ਵਿੱਚ ਵੀ ਝਲਕਦੀ ਹੈ। ਉਹ ਕਿਰਦਾਰ ਨੂੰ ਸਿਰਫ਼ ਸੰਵਾਦਾਂ ਰਾਹੀਂ ਨਹੀਂ, ਸਗੋਂ ਆਪਣੇ ਹਾਵ-ਭਾਵ ਅਤੇ ਅੰਦਰੂਨੀ ਅਹਿਸਾਸਾਂ ਰਾਹੀਂ ਜਿਊਣ ਦੀ ਕੋਸ਼ਿਸ਼ ਕਰਦਾ ਹੈ।
ਕਾਲਜ ਦੇ ਰੰਗਮੰਚ ਤੋਂ ਪੰਜਾਬੀ ਸਿਨਮੇ ਤੱਕ ਪਹੁੰਚ ਕੇ ਰਾਮ ਔਜਲਾ ਨੇ ਆਪਣੀ ਕਲਾ ਨੂੰ ਨਵਾਂ ਵਿਸਥਾਰ ਦਿੱਤਾ ਹੈ। ਡਾਕੂਆਂ ਦਾ ਮੁੰਡਾ, ਡੀ.ਐੱਸ.ਪੀ. ਦੇਵ, ਜ਼ਖ਼ਮੀ, ਸਹੁਰਿਆਂ ਦਾ ਪਿੰਡ ਆ ਗਿਆ, ਮੌੜ, ਜੂਨੀਅਰ ਅਤੇ ਮਸਤਾਨੇ ਵਰਗੀਆਂ ਫ਼ਿਲਮਾਂ ਨਾਲ ਉਸ ਦਾ ਨਾਮ ਜੁੜਿਆ ਹੋਇਆ ਹੈ। ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਵਿੱਚ ਵੀ ਉਹ ਵੱਖ-ਵੱਖ ਕਿਰਦਾਰ ਨਿਭਾਉਂਦਾ ਨਜ਼ਰ ਆਉਂਦਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਗੀਤ ਵਿੱਚ ਕੁੜੀ ਦੇ ਪਿਤਾ ਦੀ ਭੂਮਿਕਾ ਅਤੇ ਰਣਜੀਤ ਬਾਵਾ ਦੇ ਗੀਤ ‘ਕੁੰਢੀਆਂ’ ਵਿੱਚ ਉਸ ਦੀ ਪੇਸ਼ਕਾਰੀ ਉਸ ਦੀ ਕਲਾਤਮਕ ਸਮਰੱਥਾ ਦੀਆਂ ਉਦਾਹਰਨਾਂ ਹਨ। ਫ਼ਿਲਮ ‘ਧੁਰੰਧਰ’ ਨਾਲ ਵੀ ਉਸ ਦੇ ਜੁੜਨ ਦਾ ਜ਼ਿਕਰ ਹੈ। ਰਾਮ ਲਈ ਕਿਰਦਾਰ ਦੀ ਲੰਬਾਈ ਨਾਲੋਂ ਉਸ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਵਧੇਰੇ ਮਹੱਤਵ ਰੱਖਦੀ ਹੈ। ਸ਼ਾਇਦ ਇਸੇ ਕਰਕੇ ਉਹ ਛੋਟੀ ਭੂਮਿਕਾ ਵਿੱਚ ਵੀ ਆਪਣੀ ਪ੍ਰਭਾਵਸ਼ਾਲੀ ਹਾਜ਼ਰੀ ਦਾ ਅਹਿਸਾਸ ਕਰਵਾ ਦਿੰਦਾ ਹੈ।
ਰਾਮ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਔਖਾ ਦੌਰ ਵੀ ਆਇਆ, ਜਦੋਂ ਉਹ ਨਸ਼ਿਆਂ ਦੀ ਗਿ੍ਰਫ਼ਤ ਵਿੱਚ ਫ਼ਸ ਗਿਆ। ਪਰ ਉਸ ਨੇ ਹਾਲਾਤ ਅੱਗੇ ਹਾਰ ਮੰਨਣ ਦੀ ਬਜਾਏ ਆਪਣੀ ਜ਼ਿੰਦਗੀ ਨੂੰ ਮੁੜ ਸੰਵਾਰਨ ਦਾ ਫ਼ੈਸਲਾ ਕੀਤਾ। ਵਾਹਿਗੁਰੂ ਦੀ ਮਿਹਰ, ਆਪਣੀ ਦਿ੍ਰੜ੍ਹ ਇੱਛਾ-ਸ਼ਕਤੀ ਅਤੇ ਪਰਿਵਾਰ ਦੇ ਅਟੁੱਟ ਸਹਿਯੋਗ ਨਾਲ ਉਹ ਇਸ ਦਲਦਲ ਵਿੱਚੋਂ ਬਾਹਰ ਨਿਕਲਿਆ। ਇਸ ਸੰਘਰਸ਼ ਵਿੱਚ ਉਸ ਦੀ ਮਾਤਾ ਜੀ, ਭੈਣ, ਜੀਜਾ ਜੀ ਅਤੇ ਖਾਸ ਤੌਰ ਉੱਤੇ ਉਸ ਦੀ ਜੀਵਨ ਸਾਥਣ ਦਾ ਵੱਡਾ ਯੋਗਦਾਨ ਰਿਹਾ ਹੈ। ਅੱਜ ਰਾਮ ਆਪਣੇ ਹੰਢਾਏ ਤਜ਼ਰਬਿਆਂ ਨੂੰ ਸਮਾਜ ਲਈ ਸਾਰਥਕ ਸੁਨੇਹੇ ਵਿੱਚ ਬਦਲ ਰਿਹਾ ਹੈ। ਯੂਟਿਊਬ ਉੱਤੇ ਆਪਣੀਆਂ ਵੀਡੀਓਜ਼ ਰਾਹੀਂ ਉਹ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਿਆਂ ਦੀ ਗਿ੍ਰਫ਼ਤ ਵਿੱਚ ਫ਼ਸੇ ਵਿਅਕਤੀਆਂ ਨੂੰ ਮੁੜ ਚੰਗੀ ਜ਼ਿੰਦਗੀ ਵੱਲ ਪਰਤਣ ਲਈ ਪ੍ਰੇਰਿਤ ਕਰਦਾ ਹੈ। ਉਸ ਦੀ ਇਹ ਕੋਸ਼ਿਸ਼ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਡਿੱਗ ਜਾਣਾ ਅੰਤ ਨਹੀਂ ਹੁੰਦਾ, ਅਸਲ ਹਿੰਮਤ ਮੁੜ ਉੱਠ ਕੇ ਤੁਰਨ ਵਿੱਚ ਹੈ।
ਆਪਣੇ ਪਿੰਡ ਅਤੇ ਲੋਕਾਂ ਨਾਲ ਰਾਮ ਦਾ ਮੋਹ ਵੀ ਅੱਜ ਤੱਕ ਬਰਕਰਾਰ ਹੈ। ਕਦੇ-ਕਦਾਈਂ ਉਸ ਦੇ ਮਨ ਵਿੱਚ ਰਾਜਨੀਤੀ ਦੇ ਖੇਤਰ ਵਿੱਚ ਆਉਣ ਦਾ ਵਿਚਾਰ ਜਰੂਰ ਉੱਠਦਾ ਹੈ, ਪਰ ਉਹ ਸਿਆਸੀ ਉਲਝਣਾਂ ਵਿੱਚ ਪੈਣ ਦੀ ਬਜਾਏ ਸਿੱਧੇ ਤੌਰ ਉੱਤੇ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਪਾਉਣਾ ਵਧੇਰੇ ਪਸੰਦ ਕਰਦਾ ਹੈ। ਅਮਰੀਕਾ ਦੀ ਧਰਤੀ ਉੱਤੇ ਵੀ ਹੁਣ ਉਸ ਦੀ ਆਮਦ ਦੀ ਉਡੀਕ ਹੈ। ਰਾਮ ਪਹਿਲਾਂ ਕਦੇ ਅਮਰੀਕਾ ਨਹੀਂ ਆਇਆ, ਪਰ ਆਪਣੀ ਭੈਣ ਦੇ ਸੱਦੇ ਉੱਤੇ ਉਹ ਬਹੁਤ ਜਲਦੀ ਆਪਣੇ ਪਰਿਵਾਰ ਸਮੇਤ ਕੈਲੀਫੋਰਨੀਆ ਆਉਣ ਦੀ ਤਿਆਰੀ ਵਿੱਚ ਹੈ।
ਰਾਮ ਔਜਲਾ ਨੂੰ ਨੇੜਿਓਂ ਜਾਣਦਿਆਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਉਸ ਦੀ ਸਭ ਤੋਂ ਵੱਡੀ ਖੂਬੀ ਸਿਰਫ਼ ਅਦਾਕਾਰੀ ਨਹੀਂ, ਸਗੋਂ ਜ਼ਿੰਦਗੀ ਦੇ ਹਰ ਰੰਗ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਹੈ। ਕਾਲਜ ਦੇ ਮੰਚ ਉੱਤੇ ਸਾਡੇ ਨਾਲ ਸੰਵਾਦ ਬੋਲਣ ਵਾਲਾ ਰਾਮ ਅੱਜ ਫ਼ਿਲਮੀ ਪਰਦੇ ਉੱਤੇ ਵੱਖ-ਵੱਖ ਕਿਰਦਾਰ ਨਿਭਾ ਰਿਹਾ ਹੈ, ਪਰ ਉਸ ਦੀ ਦੋਸਤੀ ਦਾ ਨਿੱਘ, ਸੁਭਾਅ ਦੀ ਬੇਬਾਕੀ ਅਤੇ ਦਿਲ ਦੀ ਸਾਦਗੀ ਅੱਜ ਵੀ ਪਹਿਲਾਂ ਵਰਗੀ ਹੈ। ਮੇਰੀ ਦਿਲੀ ਕਾਮਨਾ ਹੈ ਕਿ ਵਾਹਿਗੁਰੂ ਉਸ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਉਸ ਦੀ ਕਲਾ ਨੂੰ ਹੋਰ ਬੁਲੰਦੀਆਂ ਬਖਸ਼ੇ ਅਤੇ ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਸਮਾਜ ਨੂੰ ਚੰਗੀ ਸੇਧ ਦੇਣ ਦਾ ਸਿਲਸਿਲਾ ਵੀ ਜਾਰੀ ਰੱਖੇ।
ਜਿਹੜਾ ਰਾਮ ਕਦੇ ਸਿਨਮੇ ਦੇ ਪਰਦੇ ਵੱਲ ਤੱਕ ਕੇ ਆਪਣੇ ਲਈ ਇੱਕ ਕਿਰਦਾਰ ਦੀ ਅਰਦਾਸ ਕਰਦਾ ਸੀ, ਅੱਜ ਉਹੀ ਰਾਮ ਉਸ ਪਰਦੇ ਉੱਤੇ ਕਿਰਦਾਰ ਨਿਭਾ ਰਿਹਾ ਹੈ। ਇਹ ਸਿਰਫ ਇੱਕ ਸੁਪਨੇ ਦੀ ਪੂਰਤੀ ਨਹੀਂ, ਸਗੋਂ ਇਸ ਗੱਲ ਦਾ ਸਬੂਤ ਹੈ ਕਿ ਸੱਚੇ ਦਿਲੋਂ ਦੇਖੇ ਸੁਪਨੇ, ਮਿਹਨਤ ਅਤੇ ਪਰਮਾਤਮਾ ਦੀ ਮਿਹਰ ਨਾਲ ਇੱਕ ਦਿਨ ਹਕੀਕਤ ਬਣ ਹੀ ਜਾਂਦੇ ਹਨ।
ਧੀਰਜ ਛੋਕਰਾਂ
ਸੰਪਾਦਕ, ਪੰਜਾਬੀ ਰਾਈਟਰ ਨਿਊਯਾਰਕ