ਜੋਹਾਰਾਨ ਮਮਦਾਨੀ ਨੇ ਅਮਰੀਕਾ ਵਿੱਚ ਹਿੰਦੂ ਮੰਦਿਰਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਜਤਾਈ ਚਿੰਤਾ

ਜੋਹਾਰਾਨ ਮਮਦਾਨੀ ਨੇ ਅਮਰੀਕਾ ਵਿੱਚ ਹਿੰਦੂ ਮੰਦਿਰਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਜਤਾਈ ਚਿੰਤਾ

ਨਿਊਯਾਰਕ, 19 ਨਵੰਬਰ (ਪੰਜਾਬੀ ਰਾਈਟਰ)- ਇੱਥੋਂ ਦੇ ਮੇਅਰ ਜੋਹਾਰਾਨ ਮਮਦਾਨੀ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਅਮਰੀਕਾ ਵਿੱਚ ਹਿੰਦੂ ਮੰਦਿਰਾਂ ਨੂੰ ਨਿਸ਼ਾਨਾ ਬਣਾਏ ਜਾਣ ਅਤੇ ਰਾਜਨੀਤਕ ਮੁਹਿੰਮਾਂ ਵਿੱਚ ਵਧ ਰਹੀ ਨਫ਼ਰਤ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਮੰਗਲਵਾਰ ਨੂੰ ਇੱਥੇ ਇੱਕ ਦੀਵਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮਮਦਾਨੀ ਨੇ ਵੱਖ-ਵੱਖ ਭਾਈਚਾਰਿਆਂ ਨੂੰ ਵੰਡ ਪਾਊ ਰਾਜਨੀਤੀ ਨੂੰ ਰੱਦ ਕਰਨ ਅਤੇ ਵਿਤਕਰੇ ਖ਼ਿਲਾਫ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਹਿੰਦੂ ਮੰਦਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਮਰੀਕਾ ਦੀ ਫੈੱਡਰਲ ਸਰਕਾਰ ਦੇ ਉੱਚ ਪੱਧਰੀ ਨੇਤਾਵਾਂ ਨੇ ਸਿੱਖ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜੋ ਨਫ਼ਰਤ ਕਦੇ ਸਮਾਜ ਦੇ ਹਾਸੀਏ ਤੱਕ ਸੀਮਤ ਸੀ, ਉਹ ਹੁਣ ਹੌਲੀ-ਹੌਲੀ ਰਾਜਨੀਤਕ ਮੁਹਿੰਮਾਂ ਦੇ ਕੇਂਦਰ ਵਿੱਚ ਜਗ੍ਹਾ ਬਣਾ ਰਹੀ ਹੈ।
ਮਮਦਾਨੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਾਨੂੰ ਸਹਿਣਸ਼ੀਲਤਾ ਤੇ ਆਪਸੀ ਸਤਿਕਾਰ ’ਤੇ ਅਧਾਰਤ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਦੀ ਯਾਦ ਦਿਵਾਉਂਦਾ ਹੈ। ਆਪਣੀ ਨਿੱਜੀ ਪਿਛੋਕੜ ਦਾ ਜ਼ਿਕਰ ਕਰਦਿਆਂ ਮਮਦਾਨੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਪੰਜਾਬੀ ਹਿੰਦੂ ਹਨ, ਜਦਕਿ ਉਨ੍ਹਾਂ ਦੇ ਪਿਤਾ ਗੁਜਰਾਤੀ ਮੂਲ ਦੇ ਯੁਗਾਂਡਾਈ ਮੁਸਲਮਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਹਿੰਦੂ ਧਰਮ ਦੀ ਸੁੰਦਰਤਾ ਅਤੇ ਉਸ ਵਿੱਚ ਨਿਹਿਤ ਗਿਆਨ ਦਾ ਸਤਿਕਾਰ ਕਰਨਾ ਸਿਖਾਇਆ ਹੈ। ਹਿੰਦੂ ਧਰਮ ਨੂੰ ਅਨੇਕ ਦੇਵੀ-ਦੇਵਤਿਆਂ ਅਤੇ ਧਾਰਮਿਕ ਕਥਾਵਾਂ ਵਾਲਾ ਧਰਮ ਦੱਸਦਿਆਂ ਉਨ੍ਹਾਂ ਪ੍ਰਾਚੀਨ ਗ੍ਰੰਥਾਂ, ਰਾਮਾ ਅਤੇ ਮਹਾਭਾਰਤ ਦਾ ਹਵਾਲਾ ਦਿੱਤਾ। ਮਮਦਾਨੀ ਨੇ ਕਿਹਾ ਕਿ ਇਸ ਸਾਲ ਦਾ ਦੀਵਾਲੀ ਦਾ ਤਿਉਹਾਰ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਅਜਿਹਾ ਸਮਾਜ ਅਤੇ ਅਜਿਹਾ ਸਿਆਸੀ ਮਾਹੌਲ ਸਿਰਜਣ ਲਈ ਅਜੇ ਬਹੁਤ ਕੰਮ ਕਰਨਾ ਬਾਕੀ ਹੈ, ਜਿਸ ਦੀਆਂ ਜੜ੍ਹਾਂ ਸਹਿਣਸ਼ੀਲਤਾ, ਹਮਦਰਦੀ ਅਤੇ ਆਪਸੀ ਸਤਿਕਾਰ ਵਿੱਚ ਹੋਣ। ਉਨ੍ਹਾਂ ਨੇ ਦੀਵਾਲੀ ਦੇ ਜਸ਼ਨ ਦੀ ਮੇਜ਼ਬਾਨੀ ਕਰਨ ਨੂੰ ਆਪਣੇ ਜੀਵਨ ਵਿੱਚ ਇੱਕ ਬਹੁਤ ਵੱਡਾ ਸਨਮਾਨ ਅਤੇ ਸੁਭਾਗ ਦੱਸਿਆ।