ਸੈਂਟਰਲ ਪਾਰਕ ਜਬਰ-ਜਨਾਹ ਮਾਮਲੇ ਦਾ ਮੁਲਜ਼ਮ ਨਿਊਯਾਰਕ ਲਿਆਂਦਾ ਗਿਆ, ਤਿੰਨ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਦੋਸ਼

ਸੈਂਟਰਲ ਪਾਰਕ ਜਬਰ-ਜਨਾਹ ਮਾਮਲੇ ਦਾ ਮੁਲਜ਼ਮ ਨਿਊਯਾਰਕ ਲਿਆਂਦਾ ਗਿਆ, ਤਿੰਨ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਦੋਸ਼

ਨਿਊਯਾਰਕ, 18 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਨਿਊਯਾਰਕ ਸਥਿਤ ਮਸ਼ਹੂਰ ਸੈਂਟਰਲ ਪਾਰਕ ਵਿੱਚ ਔਰਤਾਂ ਨਾਲ ਜਬਰ-ਜਨਾਹ ਦੇ ਕਈ ਮਾਮਲਿਆਂ ਵਿੱਚ ਸ਼ੱਕੀ ਮੁਲਜ਼ਮ ਨੂੰ ਫਲੋਰੀਡਾ ਤੋਂ ਨਿਊਯਾਰਕ ਲਿਆਂਦਾ ਗਿਆ ਹੈ। 30 ਸਾਲਾ ਡੈਰੈਕ ਰਿਵੇਰਾ-ਡੇਲੀਓਨ ਨੂੰ ਮੰਗਲਵਾਰ ਦੇਰ ਰਾਤ ਨਿਊਯਾਰਕ ਪੁਲਿਸ ਦੀ ਪੰਜਵੀਂ ਪ੍ਰੀਸਿੰਕਟ (ਥਾਣੇ) ਤੋਂ ਬਾਹਰ ਲਿਜਾਂਦੇ ਹੋਏ ਦੇਖਿਆ ਗਿਆ। ਪੁਲਿਸ ਅਨੁਸਾਰ ਮੁਲਜ਼ਮ ਨੂੰ ਸੈਂਟਰਲ ਪਾਰਕ ਵਿੱਚ ਤਿੰਨ ਵੱਖ-ਵੱਖ ਜਿਨਸੀ ਹਮਲਿਆਂ ਦੇ ਮਾਮਲਿਆਂ ਨਾਲ ਜੋੜਿਆ ਜਾ ਰਿਹਾ ਹੈ। ਇਹ ਘਟਨਾਵਾਂ ਜੁਲਾਈ 2021, ਅਕਤੂਬਰ 2023 ਅਤੇ 24 ਅਕਤੂਬਰ 2026 ਨੂੰ ਵਾਪਰੀਆਂ ਦੱਸੀਆਂ ਜਾਂਦੀਆਂ ਹਨ। ਤਾਜ਼ਾ ਘਟਨਾ ਵਿੱਚ 39 ਸਾਲਾ ਔਰਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਇੱਕ ਵਿਅਕਤੀ ਨੇ ਚਾਕੂ ਦੀ ਨੋਕ ’ਤੇ ਉਸ ਨੂੰ ਸੈਂਟਰਲ ਪਾਰਕ ਦੇ ਅੰਦਰ ਲਿਜਾ ਕੇ ਜਬਰ-ਜਨਾਹ ਕੀਤਾ। ਇਸ ਘਟਨਾ ਤੋਂ ਬਾਅਦ ਨਿਊਯਾਰਕ ਪੁਲਿਸ ਨੇ ਮੁਲਜ਼ਮ ਦੀ ਭਾਲ ਤੇਜ਼ ਕਰ ਦਿੱਤੀ ਸੀ।
ਜਾਂਚ ਦੌਰਾਨ ਪੁਲਿਸ ਨੂੰ ਡੀ.ਐੱਨ.ਏ. ਸਬੂਤਾਂ ਅਤੇ ਪੀੜਤ ਔਰਤਾਂ ਦੀ ਪਛਾਣ ਦੇ ਆਧਾਰ ’ਤੇ ਪੁਰਾਣੇ ਮਾਮਲਿਆਂ ਨਾਲ ਵੀ ਸਬੰਧ ਮਿਲੇ। ਅਧਿਕਾਰੀਆਂ ਅਨੁਸਾਰ ਮੁਲਜ਼ਮ ਨੂੰ ਪਿਛਲੇ ਹਫ਼ਤੇ ਫਲੋਰੀਡਾ ਦੇ ਮਿਆਮੀ ਬੀਚ ਇਲਾਕੇ ਵਿੱਚ ਇੱਕ ਬਰਗਰ ਕਿੰਗ ਰੈਸਟੋਰੈਂਟ ਵਿੱਚ ਕੰਮ ਕਰਦੇ ਸਮੇਂ ਗਿ੍ਰਫ਼ਤਾਰ ਕੀਤਾ ਗਿਆ ਸੀ। ਮਿਆਮੀ ਵਿੱਚ ਗਿ੍ਰਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ ਕੀਤਾ ਗਿਆ, ਜਿੱਥੇ ਉਸ ਨੇ ਨਿਊਯਾਰਕ ਹਵਾਲੇ ਕੀਤੇ ਜਾਣ ਦੀ ਸਹਿਮਤੀ ਦਿੱਤੀ ਸੀ। ਨਿਊਯਾਰਕ ਪਹੁੰਚਣ ਤੋਂ ਬਾਅਦ ਉਸ ਵਿਰੁੱਧ ਬਲਾਤਕਾਰ ਦੇ ਦੋ ਦੋਸ ਲਗਾਏ ਗਏ ਹਨ। ਅਧਿਕਾਰੀ ਇਹ ਵੀ ਜਾਂਚ ਕਰ ਰਹੇ ਹਨ ਕਿ ਕਿਤੇ ਮੁਲਜ਼ਮ ਦਾ ਹੋਰ ਜਿਨਸੀ ਹਮਲਿਆਂ ਨਾਲ ਵੀ ਸਬੰਧ ਤਾਂ ਨਹੀਂ ਹੈ। ਪੁਲਿਸ ਨੇ ਸੰਭਾਵਿਤ ਹੋਰ ਪੀੜਤਾਂ ਨੂੰ ਵੀ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਨੇ ਨਿਊਯਾਰਕ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਜਨਤਕ ਥਾਵਾਂ ’ਤੇ ਅਪਰਾਧਾਂ ਨੂੰ ਲੈ ਕੇ ਮੁੜ ਚਿੰਤਾ ਪੈਦਾ ਕਰ ਦਿੱਤੀ ਹੈ।