ਬੈਂਕਿੰਗ ਗੜਬੜੀ: ਅਮਰੀਕਾ ’ਚ ਕਈ ਵੱਡੇ ਬੈਂਕਾਂ ਦੀਆਂ ਸੇਵਾਵਾਂ ਠੱਪ੍ਹ, ਲੋਕ ਪ੍ਰੇਸ਼ਾਨੀ ’ਚ

ਬੈਂਕਿੰਗ ਗੜਬੜੀ: ਅਮਰੀਕਾ ’ਚ ਕਈ ਵੱਡੇ ਬੈਂਕਾਂ ਦੀਆਂ ਸੇਵਾਵਾਂ ਠੱਪ੍ਹ, ਲੋਕ ਪ੍ਰੇਸ਼ਾਨੀ ’ਚ

ਹਜ਼ਾਰਾਂ ਗਾਹਕ ਪ੍ਰਭਾਵਿਤ; ਚੇਜ, ਬੈਂਕ ਆਫ਼ ਅਮਰੀਕਾ, ਵੇਲਜ਼ ਫਾਰਗੋ ਤੇ ਯੂ.ਐੱਸ. ਬੈਂਕ ਦੇ ਗਾਹਕਾਂ ਨੇ ਕੀਤੀ ਸ਼ਿਕਾਇਤ
ਵਾਸ਼ਿੰਗਟਨ, 17 ਨਵੰਬਰ (ਪੰਜਾਬੀ ਰਾਈਟਰ)- ਅਮਰੀਕਾ ਵਿੱਚ ਕਈ ਵੱਡੇ ਬੈਂਕਾਂ ਦੀਆਂ ਸੇਵਾਵਾਂ ਵਿੱਚ ਅੱਜ ਵਿਘਨ ਪਿਆ ਜਿਸ ਕਾਰਨ ਹਜ਼ਾਰਾਂ ਗਾਹਕ ਆਪਣੇ ਬੈਂਕ ਖਾਤੇ ਅਪਰੇਟ ਨਾ ਕਰ ਸਕੇ। ਜੇ.ਪੀ. ਮੋਰਗਨ, ਚੇਜ਼, ਬੈਂਕ ਆਫ ਅਮਰੀਕਾ, ਵੇਲਜ਼ ਫ਼ਾਰਗੋ ਅਤੇ ਯੂ.ਐੱਸ ਬੈਂਕ ਦੇ ਗਾਹਕਾਂ ਨੇ ਬੈਂਕਿੰਗ ਸੇਵਾਵਾਂ ਵਿੱਚ ਦਿੱਕਤਾਂ ਦੀਆਂ ਸ਼ਿਕਾਇਤਾਂ ਕੀਤੀਆਂ। ਗਾਹਕਾਂ ਨੇ ਖਾਸ ਤੌਰ ’ਤੇ ਆਨਲਾਈਨ ਬੈਂਕਿੰਗ ਅਤੇ ਮੋਬਾਈਲ ਐਪ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆਉਣ ਦੀ ਜਾਣਕਾਰੀ ਦਿੱਤੀ। ਚੇਜ਼ ਦੇ ਗਾਹਕਾਂ ਨੂੰ ਖਾਤਿਆਂ ਵਿੱਚ ਲੌਗਇਨ ਕਰਨ, ਬਕਾਇਆ ਰਾਸ਼ੀ ਦੇਖਣ, ਲੈਣ-ਦੇਣ ਦਾ ਵੇਰਵਾ ਹਾਸਲ ਕਰਨ ਅਤੇ ਪੈਸੇ ਟਰਾਂਸਫ਼ਰ ਕਰਨ ਵਿੱਚ ਦਿੱਕਤ ਆਈ। ਚੇਜ ਬੈਂਕ ਨੇ ਆਨਲਾਈਨ ਬੈਂਕਿੰਗ ਵਿੱਚ ਸਮੱਸਿਆ ਹੋਣ ਦੀ ਪੁਸ਼ਟੀ ਕੀਤੀ ਹੈ। ਇਕ ਗਾਹਕ ਨੂੰ ਦਿੱਤੇ ਜਵਾਬ ਵਿੱਚ ਬੈਂਕ ਨੇ ਕਿਹਾ ਕਿ ਉਹ ਸਮੱਸਿਆ ਦੂਰ ਕਰਨ ਲਈ ਕੰਮ ਕਰ ਰਿਹਾ ਹੈ। ਗਾਹਕਾਂ ਨੂੰ ਕੁਝ ਸਮੇਂ ਬਾਅਦ ਮੁੜ ਕੋਸ਼ਿਸ਼ ਕਰਨ ਦੀ ਸਲਾਹ ਵੀ ਦਿੱਤੀ ਗਈ। ਆਨਲਾਈਨ ਸੇਵਾਵਾਂ ਵਿੱਚ ਵਿਘਨ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਡਾਊਨਡਿਟੈਕਟਰ ਅਨੁਸਾਰ ਸੋਮਵਾਰ ਸਵੇਰੇ ਚੇਜ਼ ਬੈਂਕ ਸਬੰਧੀ ਸ਼ਿਕਾਇਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਸਵੇਰੇ 10 ਵਜੇ ਤੋਂ ਕੁਝ ਸਮੇਂ ਬਾਅਦ ਹੀ 3,400 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।
ਸੇਵਾਵਾਂ ਪ੍ਰਭਾਵਿਤ ਹੋਣ ਦਾ ਕਾਰਨ ਸਪੱਸ਼ਟ ਨਹੀਂ
ਬੈਂਕ ਆਫ਼ ਅਮਰੀਕਾ ਅਤੇ ਵੇਲਜ਼ ਫ਼ਾਰਗੋ ਦੇ ਗਾਹਕਾਂ ਨੇ ਵੀ ਸੇਵਾਵਾਂ ਵਿੱਚ ਵਿਘਨ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਹਾਲਾਂਕਿ ਇਨ੍ਹਾਂ ਬੈਂਕਾਂ ਅਤੇ ਯੂ.ਐੱਸ ਬੈਂਕ ਵਿੱਚ ਸਮੱਸਿਆ ਦੀ ਅਸਲ ਹੱਦ ਅਤੇ ਪ੍ਰਭਾਵਿਤ ਗਾਹਕਾਂ ਦੀ ਗਿਣਤੀ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਬੈਂਕਿੰਗ ਸੇਵਾਵਾਂ ਵਿੱਚ ਵਿਘਨ ਦਾ ਕਾਰਨ ਵੀ ਅਜੇ ਸਾਹਮਣੇ ਨਹੀਂ ਆਇਆ। ਗਾਹਕ ਸਬੰਧਤ ਬੈਂਕਾਂ ਵੱਲੋਂ ਅਗਲੀ ਜਾਣਕਾਰੀ ਦੀ ਉਡੀਕ ਕਰ ਰਹੇ ਹਨ।