ਆਖਰੀ ਗੇਂਦ ’ਤੇ ਚੌਕਾ ਮਾਰ ਕੇ ਭਾਰਤ ਨੇ ਪਾਕਿਸਤਾਨ ਨੂੰ ਇੱਕ ਵਿਕਟ ਨਾਲ ਹਰਾਇਆ, ਅੰਡਰ-19 ਏਸ਼ੀਆ ਕੱਪ ’ਤੇ ਕੀਤਾ ਕਬਜਾ

ਆਖਰੀ ਗੇਂਦ ’ਤੇ ਚੌਕਾ ਮਾਰ ਕੇ ਭਾਰਤ ਨੇ ਪਾਕਿਸਤਾਨ ਨੂੰ ਇੱਕ ਵਿਕਟ ਨਾਲ ਹਰਾਇਆ, ਅੰਡਰ-19 ਏਸ਼ੀਆ ਕੱਪ ’ਤੇ ਕੀਤਾ ਕਬਜਾ

ਓਮਾਨ (ਪੰਜਾਬੀ ਰਾਈਟਰ)-  ਭਾਰਤ ਦੀ ਅੰਡਰ-19 ਕਿ੍ਰਕਟ ਟੀਮ ਨੇ ਪਾਕਿਸਤਾਨ ਨੂੰ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਇੱਕ ਵਿਕਟ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ 2026 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਸ਼ਨੀਵਾਰ ਨੂੰ ਅਲ ਅਮਰਾਤ ਕਿ੍ਰਕਟ ਗਰਾਊਂਡ ਵਿਖੇ ਖੇਡੇ ਗਏ ਫ਼ਾਈਨਲ ਮੁਕਾਬਲੇ ਦਾ ਫ਼ੈਸਲਾ ਆਖਰੀ ਗੇਂਦ ’ਤੇ ਹੋਇਆ। ਭਾਰਤ ਨੇ 338 ਦੌੜਾਂ ਦੇ ਵੱਡੇ ਟੀਚੇ ਨੂੰ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਦੇ ਹੀਰੋ ਭਾਰਤੀ ਬੱਲੇਬਾਜ ਮੋਹਿਤ ਉਲਵਾ ਰਹੇ, ਜਿਨ੍ਹਾਂ ਨੇ ਦਬਾਅ ਭਰੇ ਮਾਹੌਲ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 26 ਗੇਂਦਾਂ ਵਿੱਚ ਨਾਬਾਦ 49 ਦੌੜਾਂ ਬਣਾਈਆਂ। ਉਨ੍ਹਾਂ ਨੇ ਪਾਰੀ ਦੀ ਆਖਰੀ ਗੇਂਦ ’ਤੇ ਚੌਕਾ ਮਾਰ ਕੇ ਭਾਰਤ ਨੂੰ ਚੈਂਪੀਅਨ ਬਣਾ ਦਿੱਤਾ।
ਪਾਕਿਸਤਾਨ ਨੇ ਬਣਾਈਆਂ 337 ਦੌੜਾਂ 
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 337 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਉਸਮਾਨ ਖਾਨ ਨੇ ਸ਼ਾਨਦਾਰ 107 ਦੌੜਾਂ ਦੀ ਪਾਰੀ ਖੇਡੀ। ਅਬਦੁਲ ਕਾਦਿਰ ਨੇ ਸਿਰਫ਼ 54 ਗੇਂਦਾਂ ਵਿੱਚ 80 ਦੌੜਾਂ ਬਣਾਈਆਂ, ਜਦਕਿ ਕਪਤਾਨ ਫ਼ਰਹਾਨ ਯੂਸਫ਼ ਨੇ 63 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਕਾਵਿਆ ਪਟੇਲ ਨੇ 68 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਚਿਗੁਰੁਪਤੀ ਵੈਂਕਟਾ ਨੇ 40 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਭਾਰਤ ਦੀ ਸ਼ਾਨਦਾਰ ਵਾਪਸੀ 
338 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੂੰ ਲਕਸ਼ਿਆ ਰਾਇਚੰਦਾਨੀ ਅਤੇ ਆਰਿਆਵੀਰ ਸਹਿਵਾਗ ਨੇ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 95 ਦੌੜਾਂ ਜੋੜੀਆਂ। ਆਰਿਆਵੀਰ ਸਹਿਵਾਗ ਨੇ 58 ਦੌੜਾਂ ਅਤੇ ਲਕਸ਼ਿਆ ਰਾਇਚੰਦਾਨੀ ਨੇ 80 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੱਧਕ੍ਰਮ ਵਿੱਚ ਵਿਕਟਾਂ ਡਿੱਗਣ ਕਾਰਨ ਭਾਰਤ ਮੁਸ਼ਕਲ ਵਿੱਚ ਫ਼ਸ ਗਿਆ। ਇੱਕ ਸਮੇਂ ਭਾਰਤ ਦੀਆਂ 252 ਦੌੜਾਂ ’ਤੇ 8 ਵਿਕਟਾਂ ਡਿੱਗ ਚੁੱਕੀਆਂ ਸਨ ਅਤੇ ਪਾਕਿਸਤਾਨ ਦੀ ਟੀਮ ਖਿਤਾਬ ਜਿੱਤਣ ਦੇ ਨੇੜੇ ਦਿਖਾਈ ਦੇ ਰਹੀ ਸੀ। ਪਰ ਮੋਹਿਤ ਉਲਵਾ ਅਤੇ ਚਿਗੁਰੁਪਤੀ ਵੈਂਕਟਾ ਨੇ ਆਖਰੀ ਵਿਕਟ ਲਈ ਅਹਿਮ ਸਾਂਝੇਦਾਰੀ ਕਰਦਿਆਂ ਮੈਚ ਦਾ ਪਾਸਾ ਪਲਟ ਦਿੱਤਾ। ਮੋਹਿਤ ਨੇ 26 ਗੇਂਦਾਂ ਵਿੱਚ ਨਾਬਾਦ 49 ਦੌੜਾਂ ਬਣਾਈਆਂ, ਜਦਕਿ ਵੈਂਕਟਾ 11 ਦੌੜਾਂ ਬਣਾ ਕੇ ਨਾਬਾਦ ਰਹੇ। ਆਖਰੀ ਓਵਰ ਵਿੱਚ ਭਾਰਤ ਨੂੰ ਜਿੱਤ ਲਈ 8 ਦੌੜਾਂ ਦੀ ਲੋੜ ਸੀ। ਆਖਰੀ ਗੇਂਦ ’ਤੇ ਜਿੱਤ ਲਈ 3 ਦੌੜਾਂ ਚਾਹੀਦੀਆਂ ਸਨ। ਮੋਹਿਤ ਉਲਵਾ ਨੇ ਗੇਂਦ ਨੂੰ ਬਾਊਂਡਰੀ ਤੋਂ ਪਾਰ ਪਹੁੰਚਾ ਕੇ ਭਾਰਤ ਨੂੰ ਇਤਿਹਾਸਕ ਜਿੱਤ ਦਿਵਾ ਦਿੱਤੀ।