ਵ੍ਹਾਈਟ ਹਾਊਸ ਨੇੜੇ ਕਾਰ ਹਾਦਸੇ ਮਗਰੋਂ ਦੋ ਵਿਅਕਤੀ ਗਿ੍ਰਫ਼ਤਾਰ, ਸੁਰੱਖਿਆ ਪ੍ਰਬੰਧਾਂ ਦੀ ਜਾਂਚ ਸ਼ੁਰੂ

ਵ੍ਹਾਈਟ ਹਾਊਸ ਨੇੜੇ ਕਾਰ ਹਾਦਸੇ ਮਗਰੋਂ ਦੋ ਵਿਅਕਤੀ ਗਿ੍ਰਫ਼ਤਾਰ, ਸੁਰੱਖਿਆ ਪ੍ਰਬੰਧਾਂ ਦੀ ਜਾਂਚ ਸ਼ੁਰੂ

ਵਾਸ਼ਿੰਗਟਨ, 9 ਨਵੰਬਰ (ਪੰਜਾਬੀ ਰਾਈਟਰ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਵ੍ਹਾਈਟ ਹਾਊਸ ਦੇ ਨੇੜੇ ਕਾਰ ਹਾਦਸੇ ਅਤੇ ਸੁਰੱਖਿਆ ਬੈਰੀਕੇਡ ਦੀ ਉਲੰਘਣਾ ਦੀਆਂ ਦੋ ਵੱਖ-ਵੱਖ ਘਟਨਾਵਾਂ ਤੋਂ ਬਾਅਦ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਘਟਨਾ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਦੇ ਅੰਦਰ ਮੌਜੂਦ ਸਨ। ਸੁਰੱਖਿਆ ਕਾਰਨਾਂ ਕਰਕੇ ਵ੍ਹਾਈਟ ਹਾਊਸ ਨੂੰ ਕੁਝ ਸਮੇਂ ਲਈ ਲਾਕਡਾਊਨ ਕਰ ਦਿੱਤਾ ਗਿਆ ਸੀ। ਅਮਰੀਕੀ ਸੀਕ੍ਰੇਟ ਸਰਵਿਸ ਅਨੁਸਾਰ ਇਹ ਘਟਨਾ ਸੋਮਵਾਰ, 9 ਨਵੰਬਰ ਨੂੰ ਸਵੇਰੇ ਕਰੀਬ 10 ਵਜੇ ਵਾਪਰੀ। ਇੱਕ ਕਾਰ ਲੈਫੇਅਟ ਸਕੁਏਅਰ ਪਾਰਕ ਦੇ ਉੱਤਰੀ ਪਾਸੇ 16ਵੀਂ ਅਤੇ ਐੱਚ ਸਟਰੀਟ ਦੇ ਨੇੜੇ ਫੁੱਟਪਾਥ ਉੱਤੇ ਚੜ੍ਹ ਗਈ ਅਤੇ ਇੱਕ ਸਾਈਨ ਬੋਰਡ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਕਾਰ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਸੀਕ੍ਰੇਟ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਕਾਰ ਚਾਲਕ ਨੇ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਹੱਥੋਪਾਈ ਕੀਤੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਇਸੇ ਸਮੇਂ ਇੱਕ ਹੋਰ ਵਿਅਕਤੀ ਨੇ ਲੈਫੇਅਟ ਪਾਰਕ ਦੇ ਉੱਤਰ-ਪੱਛਮੀ ਪਾਸੇ ਸੁਰੱਖਿਆ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ। 
ਬੰਬ ਨਿਰੋਧਕ ਦਸਤੇ ਨੇ ਕੀਤੀ ਜਾਂਚ
ਕਾਰ ਵਿੱਚ ਕਿਸੇ ਵਿਸਫ਼ੋਟਕ ਸਮੱਗਰੀ ਦੀ ਮੌਜੂਦਗੀ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਵਾਸ਼ਿੰਗਟਨ ਪੁਲਿਸ ਦੇ ਬੰਬ ਨਿਰੋਧਕ ਦਸਤੇ ਨੂੰ ਮੌਕੇ ’ਤੇ ਬੁਲਾਇਆ ਗਿਆ। ਟੀਮ ਨੇ ਸਾਵਧਾਨੀ ਵਜੋਂ ਵਾਹਨ ਦੀ ਜਾਂਚ ਕੀਤੀ। ਇਸ ਦੌਰਾਨ ਲੈਫੇਅਟ ਪਾਰਕ ਦੇ ਆਲੇ-ਦੁਆਲੇ ਦੀਆਂ ਸੜ੍ਹਕਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਵ੍ਹਾਈਟ ਹਾਊਸ ਦੇ ਪੱਤਰਕਾਰਾਂ ਨੂੰ ਇਮਾਰਤ ਦੇ ਅੰਦਰ ਰਹਿਣ ਦੇ ਨਿਰਦੇਸ਼ ਦਿੱਤੇ ਗਏ। 
ਲਾਕਡਾਊਨ ਹਟਾਇਆ, ਜਾਂਚ ਜਾਰੀ
ਰਿਪੋਰਟਾਂ ਮੁਤਾਬਕ ਸੁਰੱਖਿਆ ਸਥਿਤੀ ਕਾਬੂ ਹੇਠ ਆਉਣ ਤੋਂ ਬਾਅਦ ਸਵੇਰੇ ਕਰੀਬ 11 ਵਜੇ ਲਾਕਡਾਊਨ ਹਟਾ ਦਿੱਤਾ ਗਿਆ। ਦੋਵਾਂ ਘਟਨਾਵਾਂ ਦੀ ਜਾਂਚ ਜਾਰੀ ਹੈ। ਫ਼ਿਲਹਾਲ ਗਿ੍ਰਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ, ਕਾਰ ਹਾਦਸੇ ਦੇ ਅਸਲ ਕਾਰਨ ਅਤੇ ਉਨ੍ਹਾਂ ਦੇ ਮਕਸਦ ਬਾਰੇ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਇਹ ਵੀ ਸਪੱਸ਼ਟ ਨਹੀਂ ਹੋਇਆ ਕਿ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਸਨ ਜਾਂ ਨਹੀਂ।