ਅਮਰੀਕਾ ਦੇ ਅਹਿਮ ਸੂਬਿਆਂ ’ਚ ਟਰੰਪ ਵਿਰੋਧੀ ਡੈਮੋਕਰੈਟਾਂ ਦੇ ਅੱਗੇ ਚੱਲਣ ਦੇ ਸੰਕੇਤ

ਅਮਰੀਕਾ ਦੇ ਅਹਿਮ ਸੂਬਿਆਂ ’ਚ ਟਰੰਪ ਵਿਰੋਧੀ ਡੈਮੋਕਰੈਟਾਂ ਦੇ ਅੱਗੇ ਚੱਲਣ ਦੇ ਸੰਕੇਤ

ਵਾਸ਼ਿੰਗਟਨ, 4 ਨਵੰਬਰ (ਪੰਜਾਬੀ ਰਾਈਟਰ)- ਅਮਰੀਕਾ ’ਚ ਅੱਜ ਬਹੁਤ ਹੀ ਅਹਿਮ ਮੱਧਕਾਲੀ ਚੋਣਾਂ ਲਈ ਵੋਟਰ ਪੋਲਿੰਗ ਬੂਥਾਂ ਵੱਲ ਜਾ ਰਹੇ ਹਨ। 23 ਕਰੋੜ ਤੋਂ ਵੱਧ ਯੋਗ ਵੋਟਰ ਆਪਣੇ ਹੱਕ ਦੀ ਵਰਤੋਂ ਕਰ ਕੇ ਤੈਅ ਕਰਨਗੇ ਕਿ ਕਾਂਗਰਸ (ਅਮਰੀਕੀ ਸੰਸਦ) ’ਚ ਸੱਤਾ ਕਿਸ ਦੇ ਪੱਖ ’ਚ ਹੋਵੇਗੀ। ਚੋਣਾਂ ਦੇ ਅਗਾਊਂ ਅਨੁਮਾਨਾਂ ਤੋਂ ਸੰਕੇਤ ਮਿਲ ਰਿਹਾ ਹੈ ਕਿ ਕਈ ਅਹਿਮ ਸੂਬਿਆਂ ’ਚ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਅੱਗੇ ਚੱਲ ਰਹੀ ਹੈ। ਪ੍ਰਤੀਨਿਧ ਸਭਾ (ਹੇਠਲਾ ਸਦਨ) ਦੀਆਂ ਸਾਰੀਆਂ 435 ਸੀਟਾਂ ਅਤੇ ਸੈਨੇਟ ਦੀਆਂ 100 ’ਚੋਂ 35 ਸੀਟਾਂ ਲਈ ਚੋਣਾਂ ਹੋ ਰਹੀਆਂ ਹਨ; 36 ਸੂਬਿਆਂ ਦੇ ਵੋਟਰ ਆਪਣੇ ਗਵਰਨਰ ਵੀ ਚੁਣਨਗੇ। ਫ਼ਿਲਹਾਲ ਕਾਂਗਰਸ ਦੇ ਦੋਵਾਂ ਸਦਨਾਂ ’ਤੇ ਰਿਪਬਲਿਕਨਜ਼ ਦਾ ਕੰਟਰੋਲ ਹੈ। ਏ.ਬੀ.ਸੀ ਨਿਊਜ਼ ਅਨੁਸਾਰ 5.7 ਕਰੋੜ ਤੋਂ ਵੱਧ ਅਮਰੀਕੀ ਪਹਿਲਾਂ ਹੀ ‘ਅਰਲੀ ਵੋਟਿੰਗ’ (ਸਮੇਂ ਤੋਂ ਪਹਿਲਾਂ ਮਤਦਾਨ) ਰਾਹੀਂ ਵੋਟ ਪਾ ਚੁੱਕੇ ਹਨ। ਡੈਮੋਕਰੈਟਾਂ ਨੂੰ ਬਹੁਮਤ ਲਈ ਸੈਨੇਟ ’ਚ ਚਾਰ ਅਤੇ ਪ੍ਰਤੀਨਿਧ ਸਭਾ ’ਚ 3 ਵਾਧੂ ਸੀਟਾਂ ਦੀ ਲੋੜ ਹੈ।
ਅਮਰੀਕੀ ਅੰਕੜਾ ਮਾਹਿਰ ਨੈੱਟ ਸਿਲਵਰ ਅਤੇ ਫ਼ਲਿਪਰ 2026 ਮੱਧਕਾਲੀ ਚੋਣਾਂ ਦੇ ਅਗਾਊਂ ਅਨੁਮਾਨ ਅਨੁਸਾਰ ਟੈਕਸਸ, ਓਹਾਇਓ, ਮਿਸ਼ੀਗਨ, ਮੇਨ ਅਤੇ ਆਇਓਵਾ ਜਿਹੇ ਅਹਿਮ ਸੂਬਿਆਂ ’ਚ ਡੈਮੋਕਰੈਟਿਕ ਉਮੀਦਵਾਰ ਪੋਲਿੰਗ ਔਸਤ ’ਚ ਅੱਗੇ ਚੱਲ ਰਹੇ ਹਨ। ਅਗਾਊਂ ਅਨੁਮਾਨ ਅਨੁਸਾਰ ਟੈਕਸਸ ਵਿੱਚ ਡੈਮੋਕਰੈਟਸ ਨੂੰ 3.3, ਓਹਾਇਓ ਵਿੱਚ 3, ਮਿਸੀਗਨ ਵਿੱਚ 4.9, ਮੇਨ ਵਿੱਚ 3.9 ਅਤੇ ਆਇਓਵਾ ਵਿੱਚ 1.1 ਅੰਕਾਂ ਦੀ ਲੀਡ ਹਾਸਲ ਹੈ। ਜੌਰਜੀਆ ਅਤੇ ਉੱਤਰੀ ਕੈਰੋਲੀਨਾ ਵਿੱਚ ਮੁਕਾਬਲਾ ਬਹੁਤਾ ਸਖ਼ਤ ਨਹੀਂ ਦਿਖ ਰਿਹਾ; ਕੰਸਾਸ ਸੈਨੇਟ ਦੀ ਦੌੜ ਵਿੱਚ ਡੈਮੋਕਰੈਟਿਕ ਉਮੀਦਵਾਰ ਪੋਲਿੰਗ ਔਸਤ ਵਿੱਚ 4 ਫੀਸਦ ਅੰਕਾਂ ਨਾਲ ਅੱਗੇ ਹਨ।
ਜ਼ਿਆਦਾਤਰ ਚੋਣ ਸਰਵੇਖਣਾਂ ਤੋਂ ਸੰਕੇਤ ਮਿਲ ਰਿਹਾ ਹੈ ਕਿ ਨਤੀਜੇ ਰਿਪਬਲਿਕਨ ਪਾਰਟੀ ਲਈ ਮਾੜੇ ਹੋ ਸਕਦੇ ਹਨ। ਚੋਣਾਂ ਵਾਲੇ ਦਿਨ ਰਿਪਬਲਿਕਨ ਪਾਰਟੀ ਕੋਲ ਦੋਵਾਂ ਸਦਨਾਂ ’ਚ ਬਹੁਤ ਮਾਮੂਲੀ ਲੀਡ ਹੈ। ਪ੍ਰਤੀਨਿਧ ਸਭਾ ’ਚ ਸਪੀਕਰ ਮਾਈਕ ਜੌਹਨਸਨ ਕੋਲ 218 ਰਿਪਬਲਿਕਨ ਅਤੇ ਇੱਕ ਆਜ਼ਾਦ ਮੈਂਬਰ ਹੈ; ਡੈਮੋਕਰੈਟਿਕ ਪਾਰਟੀ ਕੋਲ 214 ਮੈਂਬਰ ਹਨ। ਉੱਥੇ ਦੋ ਸੀਟਾਂ ਖਾਲੀ ਹਨ ਜਿਸ ਦਾ ਮਤਲਬ ਹੈ ਕਿ ਡੈਮੋਕਰੈਟਿਕ ਪਾਰਟੀ ਨੂੰ ਬਹੁਮਤ (218 ਸੀਟਾਂ) ਤੱਕ ਪੁੱਜਣ ਲਈ ਤਿੰਨ ਹੋਰ ਸੀਟਾਂ ਦੀ ਲੋੜ ਹੈ। ਸੈਨੇਟ ’ਚ ਸਥਿਤੀ 53-47 ਦੀ ਹੈ ਜਿੱਥੇ ਡੈਮੋਕਰਟੈਸ ਨੂੰ ਬਹੁਮਤ ਲਈ ਚਾਰ ਹੋਰ ਸੀਟਾਂ ਦਰਕਾਰ ਹਨ।