ਪਾਮ ਬੀਚ ਕਾਊਂਟੀ ਵਿੱਚ ਰਿਹਾਇਸ਼ੀ ਇਲਾਕੇ ਦੀ ਸੜ੍ਹਕ ’ਤੇ ਡਿੱਗਿਆ ਲੀਅਰਜੈੱਟ-60,
ਹਾਦਸੇ ਤੋਂ ਬਾਅਦ ਲੱਗੀ ਭਿਆਨਕ ਅੱਗ; ਜਾਂਚ ਵਿੱਚ ਮੌਸਮ ਅਤੇ ਜਹਾਜ਼ ’ਤੇ ਬਰਫ਼ ਜੰਮਣ ਦੇ ਪਹਿਲੂਆਂ ਦੀ ਜਾਂਚ
ਫਲੋਰੀਡਾ, 3 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਐਤਵਾਰ ਨੂੰ ਇੱਕ ਭਿਆਨਕ ਹਵਾਈ ਹਾਦਸਾ ਵਾਪਰਿਆ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ। ਨੌਂ ਵਿਅਕਤੀਆਂ ਨੂੰ ਲੈ ਕੇ ਜਾ ਰਿਹਾ ਲੀਅਰਜੈੱਟ-60 ਜਹਾਜ਼ ਪਾਮ ਬੀਚ ਕਾਊਂਟੀ ਦੇ ਰਿਹਾਇਸ਼ੀ ਇਲਾਕੇ ਵਿੱਚ ਸੜ੍ਹਕ ਉੱਤੇ ਆ ਡਿੱਗਿਆ। ਜਹਾਜ਼ ਜ਼ਮੀਨ ਨਾਲ ਟਕਰਾਉਂਦੇ ਹੀ ਭਿਆਨਕ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਜਾਣਕਾਰੀ ਅਨੁਸਾਰ ਇਹ ਜਹਾਜ਼ ਟੈਕਸਾਸ ਦੇ ਆਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਹਾਮਾਸ ਦੇ ਨਾਰਥ ਐਲੀਉਥੇਰਾ ਹਵਾਈ ਅੱਡੇ ਵੱਲ ਜਾ ਰਿਹਾ ਸੀ। ਜਹਾਜ਼ ਦਾ ਰਜਿਸਟ੍ਰੇਸ਼ਨ ਨੰਬਰ 722 ਸੀ। ਐਤਵਾਰ ਦੁਪਹਿਰ ਕਰੀਬ 12:50 ਵਜੇ ਇਹ ਗ੍ਰੀਨਏਕਰਜ਼ ਇਲਾਕੇ ਵਿੱਚ ਅਚਾਨਕ ਬੇਕਾਬੂ ਹੋ ਕੇ ਤੇਜ਼ੀ ਨਾਲ ਹੇਠਾਂ ਵੱਲ ਡਿੱਗਣ ਲੱਗਾ। ਹਵਾਈ ਆਵਾਜਾਈ ਨਾਲ ਜੁੜੇ ਅੰਕੜਿਆਂ ਅਨੁਸਾਰ ਜਹਾਜ਼ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹਜ਼ਾਰਾਂ ਫੁੱਟ ਦੀ ਉਚਾਈ ਗੁਆ ਦਿੱਤੀ। ਇਸ ਦੀ ਹੇਠਾਂ ਡਿੱਗਣ ਦੀ ਰਫ਼ਤਾਰ 20 ਹਜ਼ਾਰ ਫੁੱਟ ਪ੍ਰਤੀ ਮਿੰਟ ਤੋਂ ਵੀ ਵੱਧ ਦਰਜ ਕੀਤੀ ਗਈ। ਆਖਰਕਾਰ ਜਹਾਜ਼ ਮਿਲਟਰੀ ਟ੍ਰੇਲ ਸੜ੍ਹਕ ਉੱਤੇ ਕ੍ਰੈਸ਼ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸੜ੍ਹਕ ਵਿੱਚ ਵੱਡਾ ਟੋਆ ਪੈ ਗਿਆ ਅਤੇ ਜਹਾਜ਼ ਦਾ ਮਲਬਾ ਆਲੇ-ਦੁਆਲੇ ਖਿੱਲਰ ਗਿਆ। ਬਿਜਲੀ ਦੀਆਂ ਤਾਰਾਂ ਵੀ ਨੁਕਸਾਨੀਆਂ ਗਈਆਂ ਅਤੇ ਅਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਉੱਠਣ ਲੱਗੇ। ਹਾਦਸੇ ਵਾਲੀ ਥਾਂ ਨੇੜੇ ਮੋਬਾਈਲ ਹੋਮ ਕਮਿਊਨਿਟੀ ਅਤੇ ਕਈ ਕਾਰੋਬਾਰੀ ਅਦਾਰੇ ਸਥਿਤ ਹਨ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਹਾਦਸੇ ਤੋਂ ਕੁਝ ਘੰਟਿਆਂ ਬਾਅਦ ਨੌਂ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਤ੍ਰਾਸਦੀ ਕਰਾਰ ਦਿੰਦਿਆਂ ਮਿ੍ਰਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਹਵਾਈ ਆਵਾਜਾਈ ਕੰਟਰੋਲਰਾਂ ਨਾਲ ਹੋਈ ਆਖਰੀ ਰੇਡੀਓ ਗੱਲਬਾਤ ਵਿੱਚ ਪਾਇਲਟਾਂ ਨੇ ਜਹਾਜ਼ ਦੇ ਬੇਕਾਬੂ ਹੋਣ ਅਤੇ ਤੇਜ਼ੀ ਨਾਲ ਹੇਠਾਂ ਡਿੱਗਣ ਬਾਰੇ ਜਾਣਕਾਰੀ ਦਿੱਤੀ ਸੀ। ਪਾਇਲਟ ਨੇ ਐਮਰਜੈਂਸੀ ਸੰਦੇਸ਼ ਵੀ ਭੇਜਿਆ ਸੀ। ਗੱਲਬਾਤ ਦੌਰਾਨ ਪਾਇਲਟ ਵੱਲੋਂ ਜਹਾਜ਼ ਦੇ ਜ਼ਮੀਨ ਨਾਲ ਟਕਰਾਉਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਇਸ ਤੋਂ ਬਾਅਦ ਸੰਪਰਕ ਟੁੱਟ ਗਿਆ।
ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ
ਅਮਰੀਕਾ ਦੇ ਨੈਸਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫੈੱਡਰਲ ਏਵੀਏਸ਼ਨ ਐਡਮਿਨਿਸ਼ਟ੍ਰੇਸ਼ਨ ਵੀ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਤੋਂ ਪਹਿਲਾਂ ਜਹਾਜ਼ ਦੇ ਪਾਇਲਟਾਂ ਨੇ ਉਚਾਈ ਉੱਤੇ ਬਰਫ਼ ਜੰਮਣ, ਤੇਜ਼ ਹਵਾਵਾਂ ਅਤੇ ਖਰਾਬ ਮੌਸਮ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਬਾਰੇ ਹਵਾਈ ਕੰਟਰੋਲਰਾਂ ਨੂੰ ਜਾਣਕਾਰੀ ਦਿੱਤੀ ਸੀ। ਜਾਂਚ ਅਧਿਕਾਰੀ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕਿ ਕੀ ਖ਼ਰਾਬ ਮੌਸਮ ਅਤੇ ਜਹਾਜ ਉੱਤੇ ਬਰਫ ਜੰਮਣ ਕਾਰਨ ਇਹ ਹਾਦਸਾ ਵਾਪਰਿਆ।
ਹਾਦਸੇ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਮਿਲਟਰੀ ਟ੍ਰੇਲ ਸੜ੍ਹਕ ਨੂੰ ਦੋਵੇਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ। ਨੇੜਲੇ ਮੋਬਾਈਲ ਹੋਮ ਇਲਾਕੇ ਦੇ ਲਗਭਗ 600 ਵਸਨੀਕਾਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਉੱਥੋਂ ਹਟਾਉਣ ਦੀ ਕਾਰਵਾਈ ਕੀਤੀ ਗਈ। ਅਧਿਕਾਰੀਆਂ ਅਨੁਸਾਰ ਮੁੱਢਲੀ ਜਾਣਕਾਰੀ ਵਿੱਚ ਜ਼ਮੀਨ ਉੱਤੇ ਕਿਸੇ ਹੋਰ ਵਿਅਕਤੀ ਦੀ ਮੌਤ ਜਾਂ ਗੰਭੀਰ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਸੀ। ਜਹਾਜ਼ ਵਿੱਚ ਸਵਾਰ ਮਿ੍ਰਤਕਾਂ ਦੀ ਪਛਾਣ ਸਬੰਧੀ ਅਧਿਕਾਰਤ ਜਾਣਕਾਰੀ ਜਾਰੀ ਕੀਤੀ ਜਾਣੀ ਬਾਕੀ ਸੀ। ਫ਼ਿਲਹਾਲ ਜਾਂਚ ਏਜੰਸੀਆਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ।

.jpg)
.jpg)
.jpg)
.jpg)














































.jpg)











.jpg)








.jpg)




























.jpg)


