ਵਪਾਰ, ਰੱਖਿਆ, ਤਕਨਾਲੋਜੀ ਅਤੇ ਖੋਜ ਖੇਤਰਾਂ ’ਚ ਸਹਿਯੋਗ ਵਧਾਉਣ ਦਾ ਉਪਰਾਲਾ
ਵਿਨੀਪੈੱਗ, 31 ਅਕਤੂਬਰ (ਪੰਜਾਬੀ ਰਾਈਟਰ)- ਦੁਨੀਆ ਵਿੱਚ ਵਧ ਰਹੇ ਸਿਆਸੀ ਤਣਾਅ, ਆਰਥਿਕ ਅਸਥਿਰਤਾ ਅਤੇ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਕਨੇਡਾ ਅਤੇ ਯੂਰੋਪੀ ਯੂਨੀਅਨ ਨੇ ਆਪਣੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਨਵੀਂ ਰਣਨੀਤਕ ਭਾਈਵਾਲੀ ‘ਅਲਾਇੰਸ ਫ਼ਾਰ ਦਿ ਫ਼ਿਊਚਰ’ ਦਾ ਐਲਾਨ ਕੀਤਾ ਹੈ। ਇਸ ਪਹਿਲ ਦਾ ਮੁੱਖ ਮਕਸਦ ਦੋਵਾਂ ਧਿਰਾਂ ਵਿਚਾਲੇ ਵਪਾਰ, ਤਕਨਾਲੋਜੀ, ਰੱਖਿਆ, ਊਰਜਾ ਅਤੇ ਖੋਜ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਹੈ। ਦੋਵੇਂ ਧਿਰਾਂ ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਹਮਾਇਤ ਜਾਰੀ ਰੱਖਣਗੀਆਂ। ਇਸ ਤਹਿਤ ਰੂਸ ਵਿਰੁੱਧ ਦਬਾਅ ਵਧਾਉਣ ਅਤੇ ਯੂਕਰੇਨ ਦੀ ਮੁੜ ਉਸਾਰੀ ਵਿੱਚ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ ਗਈ। ਮੌਂਟਰੀਅਲ ਵਿੱਚ ਹੋਏ 21ਵੇਂ ਕਨੇਡਾ-ਯੂਰੋਪੀ ਯੂਨੀਅਨ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰੋਪੀ ਕੌਂਸਲ ਦੇ ਪ੍ਰਧਾਨ ਅੰਤੋਨੀਓ ਕੋਸਟਾ ਅਤੇ ਯੂਰੋਪੀ ਕਮਿਸਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯਨ ਨਾਲ ਮਿਲ ਕੇ ਇਸ ਨਵੇਂ ਗੱਠਜੋੜ ਦੀ ਸ਼ੁਰੂਆਤ ਕੀਤੀ। ਇਸ ਮੌਕੇ ਦੋਵਾਂ ਧਿਰਾਂ ਨੇ 20 ਤੋਂ ਵੱਧ ਨਵੇਂ ਕਦਮਾਂ ਦਾ ਐਲਾਨ ਕੀਤਾ ਅਤੇ ਕਈ ਹੋਰ ਸਮਝੌਤਿਆਂ ਲਈ ਗੱਲਬਾਤ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਇਸ ਸਾਂਝੇਦਾਰੀ ਨਾਲ ਆਮ ਲੋਕਾਂ ਨੂੰ ਵਸਤਾਂ ਤੇ ਸੇਵਾਵਾਂ ਦੇ ਵਧੇਰੇ ਬਦਲ ਮਿਲਣਗੇ ਅਤੇ ਕੀਮਤਾਂ ਘਟਾਉਣ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ ਕਾਰੋਬਾਰੀਆਂ ਲਈ ਨਵੇਂ ਬਾਜ਼ਾਰ ਖੁੱਲ੍ਹਣਗੇ ਅਤੇ ਨੌਜਵਾਨਾਂ ਨੂੰ ਕਨੇਡਾ ਤੇ ਯੂਰੋਪ ਵਿੱਚ ਪੜ੍ਹਾਈ ਤੇ ਕੰਮ ਕਰਨ ਅਤੇ ਰਹਿਣ ਦੇ ਵਧੇਰੇ ਮੌਕੇ ਮਿਲਣਗੇ। ਵਪਾਰ ਦੇ ਖੇਤਰ ਵਿੱਚ ਦੋਵਾਂ ਧਿਰਾਂ ਨੇ ਮੁਕਾਬਲੇਬਾਜੀ ਸਬੰਧੀ ਸਮਝੌਤੇ ਦੀ ਗੱਲਬਾਤ ਮੁਕੰਮਲ ਕੀਤੀ ਹੈ, ਜਿਸ ਨਾਲ ਕੰਪਨੀਆਂ ਵੱਲੋਂ ਕੀਤੀਆਂ ਜਾਂਦੀਆਂ ਗੈਰ-ਮੁਕਾਬਲੇਬਾਜੀ ਗਤੀਵਿਧੀਆਂ ਨੂੰ ਨੱਥ ਪਾਉਣ ਵਿੱਚ ਮਦਦ ਮਿਲੇਗੀ। ਡਿਜੀਟਲ ਵਪਾਰ ਸਬੰਧੀ ਨਵੇਂ ਸਮਝੌਤੇ ਨਾਲ ਕਨੇਡੀਅਨ ਕੰਪਨੀਆਂ ਲਈ ਯੂਰੋਪੀ ਬਾਜ਼ਾਰ ਵਿੱਚ ਔਨਲਾਈਨ ਵਸਤਾਂ ਅਤੇ ਸੇਵਾਵਾਂ ਵੇਚਣਾ ਸੌਖਾ ਹੋਵੇਗਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਗੱਠਜੋੜ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਸੀ ਭਰੋਸੇ ’ਤੇ ਆਧਾਰਿਤ ਹੈ। ਉਨ੍ਹਾਂ ਮੁਤਾਬਕ ਇਸ ਦਾ ਉਦੇਸ਼ ਦੋਵਾਂ ਪਾਸਿਆਂ ਦੇ ਲੋਕਾਂ ਲਈ ਵਧੇਰੇ ਖੁਸ਼ਹਾਲ ਜੀਵਨ, ਨਵੇਂ ਮੌਕੇ ਅਤੇ ਆਰਥਿਕ ਸੁਰੱਖਿਆ ਯਕੀਨੀ ਬਣਾਉਣਾ ਹੈ।
.jpg)
.jpg)
.jpg)

.jpg)














































.jpg)











.jpg)








.jpg)




























.jpg)


