1 ਨਵੰਬਰ ਦੀ ਕਾਂਗਰਸ ਰੈਲੀ ’ਤੇ ’84 ਦੇ ਸਿੱਖ ਕਤਲੇਆਮ ਪੀੜਤਾਂ ਨੇ ਜਤਾਇਆ ਸਖ਼ਤ ਇਤਰਾਜ਼!

1 ਨਵੰਬਰ ਦੀ ਕਾਂਗਰਸ ਰੈਲੀ ’ਤੇ ’84 ਦੇ ਸਿੱਖ ਕਤਲੇਆਮ ਪੀੜਤਾਂ ਨੇ ਜਤਾਇਆ ਸਖ਼ਤ ਇਤਰਾਜ਼!

ਭਾਜਪਾ ਸੰਸਦ ਮੈਂਬਰ ਸਤਨਾਮ ਸੰਧੂ ਦੀ ਅਗਵਾਈ ’ਚ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ     
ਨਵੀਂ ਦਿੱਲੀ, 30 ਅਕਤੂਬਰ (ਪੰਜਾਬੀ ਰਾਈਟਰ)- 1984 ਦੇ ਸਿੱਖ ਕਤਲੇਆਮ ਪੀੜਤਾਂ ਦੇ ਪਰਿਵਾਰਾਂ ਨੇ ਅੱਜ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਕਾਂਗਰਸ ਦੀ ਰੈਲੀ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਸਿੱਖਾਂ ਦੇ ਸੋਗ ਵਾਲੇ ਦਿਨ ਦਾ ਅਪਮਾਨ ਕਰਾਰ ਦਿੱਤਾ। ਇਹ ਇਤਰਾਜ਼ 1984 ਦੰਗਾ ਪੀੜਤ ਵੈੱਲਫ਼ੇਅਰ ਸੁਸਾਇਟੀ ਦੇ ਇੱਕ ਵਫ਼ਦ ਵੱਲੋਂ ਪ੍ਰਗਟਾਇਆ ਗਿਆ, ਜਿਸ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਪਰਿਵਾਰਾਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਮੁੜ ਵਸੇਬੇ ਲਈ ਰਾਜਪਾਲ ਨੂੰ ਦਖਲ ਦੇਣ ਦੀ ਅਪੀਲ ਕੀਤੀ। ਵਫ਼ਦ ਨੇ ਰਾਜਪਾਲ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਪੰਜਾਬ ਸਰਕਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਬੰਧਤ ਹੁਕਮਾਂ ਨੂੰ ਲਾਗੂ ਕਰੇ। ਸੰਧੂ ਨੇ ਕਿਹਾ ਕਿ 1984 ਦੇ ਪੀੜਤਾਂ ਦਾ ਮੁੜ ਵਸੇਬਾ ਕਿਸੇ ਵੀ ਸਰਕਾਰ ਦਾ ਅਹਿਸਾਨ ਨਹੀਂ ਬਲਕਿ ਉਸਦੀ ਜ਼ਿੰਮੇਵਾਰੀ ਹੈ।
ਵਫਦ ਨੇ ਪੀੜਤ ਪਰਿਵਾਰਾਂ ਲਈ ਮਕਾਨਾਂ ਅਤੇ ਫਲੈਟਾਂ ਦੀ ਅਲਾਟਮੈਂਟ ਤੇ ਕਬਜੇ, ਕਾਰੋਬਾਰ ਲਈ ਬੂਥ, ਰੈੱਡ ਕਾਰਡ ਅਤੇ ਰੁਜ਼ਗਾਰ ਦੇ ਮੁੱਦੇ ਉਠਾਏ। ਮੈਂਬਰਾਂ ਨੇ ਕਿਹਾ ਕਿ ਸਰਕਾਰੀ ਫ਼ੈਸਲਿਆਂ ਅਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਕਈ ਪਰਿਵਾਰ ਅਜੇ ਵੀ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ। ਉਨ੍ਹਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਤੋਂ ਲੰਬਿਤ ਪਏ ਮਾਮਲਿਆਂ ਦੀ ਸਥਿਤੀ ਬਾਰੇ ਰਿਪੋਰਟ ਮੰਗਣ ਅਤੇ ਇਹ ਯਕੀਨੀ ਬਣਾਉਣ ਕਿ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ। ਉਨ੍ਹਾਂ ਕਿਹਾ ਕਿ ਪਰਿਵਾਰਾਂ ਨੂੰ ਦਹਾਕਿਆਂ ਤੱਕ ਇੰਤਜ਼ਾਰ ਕਰਵਾਉਣਾ ਸਿਰਫ ਬੇਇਨਸਾਫੀ ਨੂੰ ਹੋਰ ਡੂੰਘਾ ਕਰਨਾ ਹੈ। ਵਫਦ ਵਿੱਚ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ, ਸਕੱਤਰ ਦਲਜੀਤ ਸਿੰਘ, ਚੇਅਰਮੈਨ ਗੁਰਦੇਵ ਸਿੰਘ, ਇੰਦਰਪਾਲ ਸਿੰਘ, ਧਰਮਿੰਦਰ ਸਿੰਘ, ਸੁਰਜੀਤ ਸਿੰਘ (ਡੀ.ਪੀ.), ਭੁਪਿੰਦਰ ਕੌਰ, ਰਾਜਵੰਤ ਕੌਰ, ਸੰਗੀਤਾ ਕੌਰ ਅਤੇ ਇੱਕ ਵਿਧਵਾ ਗੁਰਦੇਵ ਕੌਰ ਸਾਮਲ ਸਨ।
ਪੀੜਤਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸੇਸ ਸੁਧਾਈ ਅਤੇ ਚੋਣ ਕਮਿਸ਼ਨ ਵਿਰੁੱਧ ਰਾਹੁਲ ਗਾਂਧੀ ਵੱਲੋਂ ਸੱਦੀ ਗਈ ਇਹ ਰੈਲੀ ਸਿੱਖਾਂ ਦੇ ਦਰਦ ਪ੍ਰਤੀ ਪਾਰਟੀ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦੀ ਹੈ। 1 ਨਵੰਬਰ 1984 ਦਾ ਉਹ ਦਿਨ ਹੈ ਜਦੋਂ ਦਿੱਲੀ ਵਿੱਚ ਸਿੱਖਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਲਈ ਇਹ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਅਤੇ ਉਸ ਇਨਸਾਫ ਦਾ ਹਿਸਾਬ ਮੰਗਣ ਦਾ ਦਿਨ ਹੈ ਜੋ ਅਜੇ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਸੇ ਸਹਿਰ ਅਤੇ ਉਸੇ ਤਰੀਕ ਨੂੰ ਸਿਆਸੀ ਤਾਕਤ ਦਾ ਪ੍ਰਦਰਸਨ ਕਰਨਾ ਉਨ੍ਹਾਂ ਦੇ ਜ਼ਖ਼ਮਾਂ ਨੂੰ ਮੁੜ ਕੁਰੇਦਣ ਵਾਂਗ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਅਤੇ ਕਾਂਗਰਸ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ, ਤਾਂ ਕੋਈ ਹੋਰ ਤਰੀਕ ਚੁਣੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਇਨਸਾਫ਼ ਅਤੇ ਸੰਵਿਧਾਨ ਦੀਆਂ ਗੱਲਾਂ ਕਰਦੀ ਹੈ, ਉਹ ਆਪਣੇ ਅਤੀਤ ਦੀ ਜਵਾਬਦੇਹੀ ਤੋਂ ਬਚ ਨਹੀਂ ਸਕਦੀ। ਉਨ੍ਹਾਂ ਐਲਾਨ ਕੀਤਾ ਕਿ ਉਹ ਇਸ ਰੈਲੀ ਦਾ ਵਿਰੋਧ ਕਰਨਗੇ ਅਤੇ ਰਾਹੁਲ ਗਾਂਧੀ ਦੇ ਪੁਤਲੇ ਫੂਕਣਗੇ। ਉੱਥੇ ਹੀ ਸਤਨਾਮ ਸਿੰਘ ਸੰਧੂ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ 1 ਨਵੰਬਰ ਸਿੱਖ ਕੌਮ ਲਈ ਡੂੰਘੀ ਪੀੜਾ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਉਸ ਦਿਨ ਦਿੱਲੀ ਵਿੱਚ ਸਿਆਸੀ ਭੀੜ ਇਕੱਠੀ ਕਰਨਾ ਪੀੜਤਾਂ ਦੇ ਦੁੱਖਾਂ ਪ੍ਰਤੀ ਬੇਰੁਖੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ਼, ਮੁੜ ਵਸੇਬੇ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਦੀ ਲੜਾਈ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਹਰ ਪੱਧਰ ’ਤੇ ਖੜ੍ਹੇ ਰਹਿਣਗੇ।