ਨਿਊਯਾਰਕ ਦੇ ਸੈਂਟਰਲ ਪਾਰਕ ’ਚ ਔਰਤ ਨਾਲ ਜਬਰ-ਜਨਾਹ, ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ; ਸਾਬਕਾ ਪੁਲਿਸ ਅਧਿਕਾਰੀ ਨੇ ਦਿੱਤੀ ਰਾਏ!

ਨਿਊਯਾਰਕ ਦੇ ਸੈਂਟਰਲ ਪਾਰਕ ’ਚ ਔਰਤ ਨਾਲ ਜਬਰ-ਜਨਾਹ, ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ; ਸਾਬਕਾ ਪੁਲਿਸ ਅਧਿਕਾਰੀ ਨੇ ਦਿੱਤੀ ਰਾਏ!

ਨਿਊਯਾਰਕ, 26 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਚਾਕੂ ਦੀ ਨੋਕ ’ਤੇ 39 ਸਾਲਾ ਔਰਤ ਨਾਲ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਸ਼ਹਿਰ ਦੀ ਸੁਰੱਖਿਆ ਅਤੇ ਨਿਗਰਾਨੀ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵਧ ਗਈ ਹੈ| ਪੁਲਿਸ ਮੁਲਜਮ ਦੀ ਭਾਲ ਕਰ ਰਹੀ ਹੈ, ਜਦਕਿ ਨਿਊਯਾਰਕ ਪੁਲਿਸ ਵਿਭਾਗ ਦੇ ਇੱਕ ਸਾਬਕਾ ਕਮਾਂਡਰ ਨੇ ਇਸ ਮਾਮਲੇ ਵਿੱਚ ਜਾਂਚ ਅਤੇ ਪਾਰਕ ਦੀ ਸੁਰੱਖਿਆ ਬਾਰੇ ਆਪਣੀ ਰਾਏ ਪੇਸ਼ ਕੀਤੀ ਹੈ| ਪੁਲਿਸ ਅਨੁਸਾਰ, ਇਹ ਘਟਨਾ ਸ਼ਨੀਵਾਰ, 24 ਅਕਤੂਬਰ ਦੀ ਰਾਤ ਨੂੰ ਵਾਪਰੀ| ਰਾਤ ਕਰੀਬ 8:30 ਵਜੇ ਇੱਕ ਅਣਪਛਾਤਾ ਵਿਅਕਤੀ ਈਸਟ 66ਵੀਂ ਸਟ੍ਰੀਟ ਅਤੇ ਫਿਫਥ ਐਵੇਨਿਊ ਦੇ ਨੇੜੇ ਇੱਕ 39 ਸਾਲਾ ਔਰਤ ਕੋਲ ਆਇਆ| ਉਹ ਕਥਿਤ ਤੌਰ ’ਤੇ ਚਾਕੂ ਦਿਖਾ ਕੇ ਔਰਤ ਨੂੰ ਪਾਰਕ ਦੇ ਇੱਕ ਇਕਾਂਤ ਇਲਾਕੇ ਵਿੱਚ ਲੈ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ|
ਪੀੜਤਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ| ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਤਾਜ਼ਾ ਰਿਪੋਰਟਾਂ ਮੁਤਾਬਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ| ਸਾਬਕਾ ਲੈਫ਼ਟੀਨੈਂਟ ਅਤੇ ਕਮਾਂਡਰ ਆਫ ਡਿਟੈਕਟਿਵਜ਼ ਰਾਲਫ਼ ਸਿਲੈਂਟੋ ਨੇ ਮੀਡੀਆ ਨੂੰ ਆਪਣੀ ਰਾਏ ਦਿੰਆਂਿ ਦੱਸਿਆ ਕਿ ਜਾਂਚਕਰਤਾ ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਤੱਕ ਪਹੁੰਚਣ ਲਈ ਕਿਹੜੇ ਸਬੂਤਾਂ ਦੀ ਭਾਲ ਕਰ ਸਕਦੇ ਹਨ| ਰਿਪੋਰਟ ਦਾ ਕੇਂਦਰ ਪਾਰਕ ਦੀ ਸੁਰੱਖਿਆ ਅਤੇ ਨਿਗਰਾਨੀ ਕੈਮਰਿਆਂ ਦੀ ਭੂਮਿਕਾ ਵੀ ਸੀ| ਪੁਲਿਸ ਅਨੁਸਾਰ, ਮੁਲਜ਼ਮ ਦੀ ਉਮਰ 30 ਸਾਲ ਦੇ ਕਰੀਬ ਹੈ| ਉਸ ਨੇ ਕਾਲੇ ਰੰਗ ਦੀ ਹੁੱਡ ਵਾਲੀ ਜੈਕਟ, ਕਾਲੀ ਪੈਂਟ ਪਾਈ ਹੋਈ ਸੀ ਅਤੇ ਪਿੱਠ ’ਤੇ ਕਾਲਾ ਬੈਗ ਸੀ| ਜਾਂਚਕਰਤਾਵਾਂ ਨੇ ਅਜੇ ਤੱਕ ਉਸ ਦੀ ਤਸਵੀਰ ਜਾਂ ਸਕੈਚ ਜਾਰੀ ਨਹੀਂ ਕੀਤਾ ਸੀ| ਇਸ ਘਟਨਾ ਤੋਂ ਕੁਝ ਦਿਨ ਪਹਿਲਾਂ, 18 ਅਕਤੂਬਰ ਨੂੰ ਵੀ ਸੈਂਟਰਲ ਪਾਰਕ ਵਿੱਚ 32 ਸਾਲਾ ਔਰਤ ’ਤੇ ਹਮਲਾ ਕਰਕੇ ਉਸ ਨੂੰ ਲੁੱਟਣ ਦੀ ਰਿਪੋਰਟ ਸਾਹਮਣੇ ਆਈ ਸੀ| ਤਿੰਨ ਵਿਅਕਤੀਆਂ ਵੱਲੋਂ ਕੀਤੇ ਗਏ ਇਸ ਕਥਿਤ ਹਮਲੇ ਨੇ ਪਾਰਕ ਵਿੱਚ ਸੁਰੱਖਿਆ ਪ੍ਰਬੰਧਾਂ ਬਾਰੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ| ਪੁਲਿਸ ਦੇ ਅੰਕੜਿਆਂ ਮੁਤਾਬਕ, 2026 ਵਿੱਚ ਸੈਂਟਰਲ ਪਾਰਕ ਵਿੱਚ ਅਜਿਹੇ ਜਿਨਸੀ ਅਪਰਾਧਾਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਵਧੀ ਹੈ| ਐੱਨ.ਵਾਈ.ਪੀ.ਡੀ. ਨੇ ਪਾਰਕ ਦੇ ਰਸਤਿਆਂ ਅਤੇ ਦਰੱਖਤਾਂ ਵਾਲੇ ਇਕਾਂਤ ਇਲਾਕਿਆਂ ਵਿੱਚ ਵਰਦੀਧਾਰੀ ਪੁਲਿਸ ਦੀ ਗਸਤ ਵਧਾਉਣ ਦੀ ਗੱਲ ਵੀ ਕਹੀ ਹੈ| 
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਘਟਨਾ ਜਾਂ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਹੈ ਤਾਂ ਉਹ  ਕ੍ਰਾਈਮ ਸਟਾਪਰਜ਼ ਨਾਲ 1-800-577- (8477) ’ਤੇ ਸੰਪਰਕ ਕਰੇ| ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ| ਇਸ ਘਟਨਾ ਨੇ ਮੁੜ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਵੱਡੇ ਸ਼ਹਿਰੀ ਪਾਰਕਾਂ ਵਿੱਚ ਸੁਰੱਖਿਆ ਕੈਮਰੇ, ਰਾਤ ਦੀ ਗਸ਼ਤ ਅਤੇ ਐਮਰਜੈਂਸੀ ਸਹਾਇਤਾ ਨੂੰ ਹੋਰ ਪ੍ਰਭਾਵਸ਼ਾਲੀ ਕਿਵੇਂ ਬਣਾਇਆ ਜਾ ਸਕਦਾ ਹੈ?