ਕੈਲੀਫੋਰਨੀਆ ’ਚ ਮੈਡੀਕੇਅਰ ਧੋਖਾਧੜ੍ਹੀ ਮਾਮਲੇ ’ਚ ਡਾ. ਹਨੀ ਮਲਿਕ ਗਿ੍ਰਫਤਾਰ 

ਕੈਲੀਫੋਰਨੀਆ ’ਚ ਮੈਡੀਕੇਅਰ ਧੋਖਾਧੜ੍ਹੀ ਮਾਮਲੇ ’ਚ ਡਾ. ਹਨੀ ਮਲਿਕ ਗਿ੍ਰਫਤਾਰ 

2 ਅਰਬ ਡਾਲਰ ਦੇ ਕਥਿਤ ਘੁਟਾਲੇ ’ਚ 15 ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼
ਨਿਊਯਾਰਕ, 25 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿੱਚ ਸਿਹਤ ਸੇਵਾਵਾਂ ਨਾਲ ਜੁੜੀ ਕਥਿਤ ਧੋਖਾਧੜ੍ਹੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਫੈੱਡਰਲ ਅਧਿਕਾਰੀਆਂ ਨੇ ਡਾ. ਹਨੀ ਮਲਿਕ ਨੂੰ ਗਿ੍ਰਫ਼ਤਾਰ ਕੀਤਾ ਹੈ। ਅਮਰੀਕੀ ਨਿਆਂ ਵਿਭਾਗ ਅਨੁਸਾਰ, 22 ਅਕਤੂਬਰ 2026 ਨੂੰ ਐਲਾਨੀ ਗਈ ਕਾਰਵਾਈ ਦੌਰਾਨ 15 ਵਿਅਕਤੀਆਂ ਵਿਰੁੱਧ ਕਥਿਤ ਸਿਹਤ ਬੀਮਾ ਧੋਖਾਧੜ੍ਹੀ ਦੇ ਮਾਮਲਿਆਂ ਵਿੱਚ ਦੋਸ ਲਗਾਏ ਗਏ। ਇਨ੍ਹਾਂ ਮਾਮਲਿਆਂ ਵਿੱਚ ਸਰਕਾਰੀ ਅਤੇ ਨਿੱਜੀ ਸਿਹਤ ਬੀਮਾ ਯੋਜਨਾਵਾਂ ਨੂੰ ਲਗਭਗ 2 ਅਰਬ ਡਾਲਰ ਦੇ ਕਥਿਤ ਨੁਕਸਾਨ ਨਾਲ ਜੋੜਿਆ ਗਿਆ ਹੈ। 
ਮੀਡੀਆ ਰਿਪੋਰਟਾਂ ਮੁਤਾਬਿਕ ਐੱਫ.ਬੀ.ਆਈ. ਦੇ ਅਧਿਕਾਰੀਆਂ ਨੇ ਲਾਸ ਏਂਜਲਸ ਦੇ ਤਰਜਾਨਾ ਇਲਾਕੇ ਵਿੱਚ ਸਵੇਰੇ ਕਰੀਬ 6 ਵਜੇ ਇੱਕ ਵੱਡੇ ਮਹਿਲ ’ਤੇ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ 61 ਸਾਲਾ ਹਨੀ ਮਲਿਕ ਨੂੰ ਹਿਰਾਸਤ ਵਿੱਚ ਲਿਆ ਗਿਆ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਮਲਿਕ ਨੇ ਆਪਣੇ ਆਪ ਨੂੰ ਮੈਡੀਕਲ ਡਾਕਟਰ ਵਜੋਂ ਪੇਸ਼ ਕਰਦਿਆਂ ਮਰੀਜ਼ਾਂ ਨੂੰ ਧਮਨੀਆਂ ਵਿੱਚ ਜੰਮੀ ਚਰਬੀ ਹਟਾਉਣ ਵਾਲੇ ਇਲਾਜ ਦੀ ਸਲਾਹ ਦਿਤੀ ਗਈ, ਭਾਵੇਂ ਮਰੀਜ਼ ਨੂੰ ਇਸ ਦੀ ਲੋੜ ਨਾ ਹੀ ਹੋਵੇ। 
ਅਮਰੀਕੀ ਨਿਆਂ ਵਿਭਾਗ ਅਨੁਸਾਰ, ਹਨੀ ਮਲਿਕ ਅਤੇ ਦਿਲ ਤੇ ਛਾਤੀ ਦੀ ਸਰਜਰੀ ਦੇ ਮਾਹਿਰ ਡਾ. ਹੈਰੋਲਡ ਤਬਾਈ ’ਤੇ ਲਗਭਗ 135 ਮਿਲੀਅਨ ਡਾਲਰ ਦੇ ਮੈਡੀਕੇਅਰ ਬਿਲਿੰਗ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਦੋਵੇਂ ਲਾਸ ਏਂਜਲਸ ਇਲਾਕੇ ਵਿੱਚ ਦੋ ਮੈਡੀਕਲ ਕਲੀਨਿਕਾਂ ਦੇ ਸਾਂਝੇ ਮਾਲਕ ਸਨ। ਦੋਸ਼ ਪੱਤਰ ਮੁਤਾਬਕ, ਸਾਲ 2016 ਤੋਂ ਅਗਸਤ 2023 ਤੱਕ ਕਲੀਨਿਕਾਂ ਵੱਲੋਂ ਲਗਭਗ 134.95 ਮਿਲੀਅਨ ਡਾਲਰ ਦੇ ਦਾਅਵੇ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ ਮੈਡੀਕੇਅਰ ਨੇ ਲਗਭਗ 54.8 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਕੁਝ ਮਰੀਜ਼ਾਂ ਦੀਆਂ ਬੇਲੋੜੀਆਂ ਸਰਜਰੀਆਂ ਕੀਤੀਆਂ ਗਈਆਂ ਅਤੇ ਕਈ ਮਾਮਲਿਆਂ ਵਿੱਚ ਮੁੜ ਸਰਜਰੀ ਕਰਕੇ ਬੀਮਾ ਰਾਸ਼ੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। 
ਹਨੀ ਮਲਿਕ ਵਿਰੁੱਧ ਕੋਵਿਡ-19 ਦੌਰਾਨ ਦਿੱਤੇ ਜਾਂਦੇ ਪੇਅਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਕਰਜ਼ੇ ਦੀ ਅਰਜ਼ੀ ਨਾਲ ਸਬੰਧਤ ਬੈਂਕ ਧੋਖਾਧੜ੍ਹੀ ਦੇ ਦੋ ਵਾਧੂ ਦੋਸ਼ ਵੀ ਲਗਾਏ ਗਏ ਹਨ। ਸਰਕਾਰੀ ਦੋਸ਼ਾਂ ਮੁਤਾਬਕ, 2021 ਵਿੱਚ ਪੇਸ਼ ਕੀਤੀ ਅਰਜ਼ੀ ਵਿੱਚ ਕਾਰੋਬਾਰ ਦੀ ਆਮਦਨ ਘਟਣ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਅਤੇ ਕਰਜ਼ੇ ਦੀ ਰਕਮ ਕਥਿਤ ਤੌਰ ’ਤੇ ਨਿੱਜੀ ਖਰਚਿਆਂ ਸਮੇਤ ਹੋਰ ਕੰਮਾਂ ਲਈ ਵਰਤੀ ਗਈ। 
ਅਮਰੀਕੀ ਨਿਆਂ ਵਿਭਾਗ ਵੱਲੋਂ 22 ਅਕਤੂਬਰ 2026 ਨੂੰ ਐਲਾਨੀ ਗਈ ਇਸ ਵਿਆਪਕ ਕਾਰਵਾਈ ਵਿੱਚ ਨਸਾ ਛੁਡਾਊ ਕੇਂਦਰਾਂ, ਹਾਸਪਿਸ ਸੇਵਾਵਾਂ ਅਤੇ ਮੈਡੀਕਲ ਇਲਾਜ ਨਾਲ ਸਬੰਧਤ ਕਥਿਤ ਧੋਖਾਧੜ੍ਹੀ ਦੇ ਹੋਰ ਮਾਮਲੇ ਵੀ ਸ਼ਾਮਲ ਹਨ। ਵਿਭਾਗ ਮੁਤਾਬਕ, ਸਾਰੇ ਮਾਮਲਿਆਂ ਵਿੱਚ ਸਰਕਾਰੀ ਅਤੇ ਨਿੱਜੀ ਸਿਹਤ ਬੀਮਾ ਪ੍ਰੋਗਰਾਮਾਂ ਨੂੰ ਕੁੱਲ 1.8 ਅਰਬ ਡਾਲਰ ਤੋਂ ਵੱਧ ਦੇ ਕਥਿਤ ਨੁਕਸਾਨ ਨਾਲ ਜੋੜਿਆ ਗਿਆ ਹੈ। ਐੱਫ.ਬੀ.ਆਈ., ਆਈ.ਆਰ.ਐੱਸ. ਅਤੇ ਹੋਰ ਫੈੱਡਰਲ ਏਜੰਸੀਆਂ ਜਾਂਚ ਕਰ ਰਹੀਆਂ ਹਨ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਾਰੇ ਦੋਸ਼ ਹਨ, ਅਦਾਲਤ ਵੱਲੋਂ ਦੋਸ਼ ਸਾਬਤ ਹੋਣ ਦਾ ਫ਼ੈਸਲਾ ਨਹੀਂ। ਅਮਰੀਕੀ ਕਾਨੂੰਨ ਅਨੁਸਾਰ, ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਮੁਲਜ਼ਮਾਂ ਨੂੰ ਬੇਕਸੂਰ ਮੰਨਿਆ ਜਾਂਦਾ ਹੈ।