ਝੋਟਾ ਕਤਲ ਕਾਂਡ: ਐਕਸ਼ਨ ਕਮੇਟੀ ਨੇ ਮੁੱਖ ਮੰਤਰੀ ਤੇ ਡੀ.ਜੀ.ਪੀ. ਦੇ ਅਸਤੀਫ਼ੇ ਤੱਕ ਪੋਸਟਮਾਰਟਮ ਤੋਂ ਕਰਵਾਉਣ ਤੋਂ ਕੀਤਾ ਇਨਕਾਰ

ਝੋਟਾ ਕਤਲ ਕਾਂਡ: ਐਕਸ਼ਨ ਕਮੇਟੀ ਨੇ ਮੁੱਖ ਮੰਤਰੀ ਤੇ ਡੀ.ਜੀ.ਪੀ. ਦੇ ਅਸਤੀਫ਼ੇ ਤੱਕ ਪੋਸਟਮਾਰਟਮ ਤੋਂ ਕਰਵਾਉਣ ਤੋਂ ਕੀਤਾ ਇਨਕਾਰ

25 ਅਕਤੂਬਰ ਨੂੰ ਪੰਜਾਬ ਭਰ ਵਿੱਚ ‘ਝਾੜੂ’ ਸਾੜਨ ਦਾ ਐਲਾਨ ਪੰਜਾਬ ਸਰਕਾਰ ਨੇ 14 ਵਿਚੋਂ 12 ਮੰਗਾਂ ਮੰਨੀਆਂ 
ਮਾਨਸਾ, 23 ਅਕਤੂਬਰ (ਪੰਜਾਬੀ ਰਾਈਟਰ)- ਪਰਵਿੰਦਰ ਸਿੰਘ ਝੋਟਾ ਇਨਸਾਫ਼ ਕਮੇਟੀ ਅਤੇ ਐੱਸ.ਆਈ.ਟੀ ਦਰਮਿਆਨ ਹੋਈ ਤੀਸਰੀ ਮੀਟਿੰਗ ਵਿਚ ਵੀ ਗੱਲ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਇਨਸਾਫ ਕਮੇਟੀ ਨੇ ਆਪਣੀਆਂ ਮੁੱਖ ਮੰਗਾਂ ਵਿਚ ਮੁੱਖ ਮੰਤਰੀ ਅਤੇ ਡੀ.ਜੀ.ਪੀ ਦਾ ਅਸਤੀਫ਼ਾ ਮੰਗਿਆ ਪਰ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਮੰਗ ਪੂਰੀ ਕਰਨੀ ਉਨ੍ਹਾਂ ਦੇ ਅਧਿਕਾਰ ਵਿਚ ਨਹੀਂ ਹੈ।
ਇਸ ਤੋਂ ਬਾਅਦ ਇਨਸਾਫ਼ ਕਮੇਟੀ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਕੋਲ ਸਰਕਾਰ ਉਹ ਕਮੇਟੀ ਬਣਾ ਕੇ ਭੇਜੇ ਜਿਹੜੀ ਮੁੱਖ ਮੰਤਰੀ ਅਤੇ ਡੀ.ਜੀ.ਪੀ ਦੇ ਅਸਤੀਫੇ ਦੀ ਮੰਗ ਪੂਰੀ ਕਰਨ ਦਾ ਅਧਿਕਾਰ ਰੱਖਦੀ ਹੋਵੇ ਬੇਸ਼ੱਕ ਉਹ ਪੰਜਾਬ ਦਾ ਮੰਤਰੀ ਮੰਡਲ ਹੋਵੇ। ਸਿੱਟ ਵਲੋਂ ਇਨਸਾਫ਼ ਕਮੇਟੀ ਦੀਆਂ 12 ਮੰਗਾਂ ਸਵੀਕਾਰ ਕਰਕੇ ਉਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਮੁੱਖ ਮੰਤਰੀ ਅਤੇ ਡੀ.ਜੀ.ਪੀ ਦੇ ਅਸਤੀਫ਼ੇ ਸਬੰਧੀ ਕੋਈ ਸਹਿਮਤੀ ਨਹੀਂ ਬਣ ਸਕੀ। ਪਰਵਿੰਦਰ ਝੋਟਾ ਇਨਸਾਫ਼ ਕਮੇਟੀ ਵਲੋਂ ਸੰਘਰਸ਼ ਜਾਰੀ ਰੱਖਣ ਅਤੇ 25 ਅਕਤੂਬਰ ਦਿਨ ਐਤਵਾਰ ਨੂੰ ਸੂਬੇ ਭਰ ਵਿਚ ਝਾੜੂ ਫ਼ੂਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਇਨਸਾਫ਼ ਕਮੇਟੀ ਨੇ ਇਹ ਵੀ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਉਣ ਵਾਲੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਪਰਵਿੰਦਰ ਝੋਟਾ ਨੂੰ ਸ਼ਰਧਾਂਜਲੀ ਦੇ ਕੇ ਬੁੱਤਾ ਸਾਰ ਦਿੱਤਾ। ਜਦੋਂ ਕਿ ਇਸ ਕਤਲ ਅਤੇ ਨਸ਼ੇ ’ਤੇ ਗੱਲਬਾਤ ਅਤੇ ਬਹਿਸ ਹੋਣੀ ਚਾਹੀਦੀ ਸੀ। ਵਿਰੋਧੀਆਂ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਸਪੀਕਰ ਨੇ ਵੀ ਸਰਕਾਰ ਦਾ ਪੱਖ ਲਿਆ।
ਪੰਜਾਬ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਅਪਨੀਤ ਰਿਆਤ, ਕੰਵਲਜੀਤ ਕੌਰ ਬਰਾੜ, ਡੀ.ਸੀ ਨਵਜੋਤ ਕੌਰ ਅਤੇ ਡੀ.ਆਈ.ਜੀ ਹਰਜੀਤ ਸਿੰਘ ਦੀ ਇਨਸਾਫ਼ ਕਮੇਟੀ ਦੀ ਲੰਬੀ ਮੀਟਿੰਗ ਹੋਈ ਪਰ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗੀ। ਸਿੱਟ ਨੇ ਅਗਲੀ ਮੀਟਿੰਗ ਵਿਚ ਹੱਲ ਨਿਕਲਣ ਦਾ ਭਰੋਸਾ ਦਿੱਤਾ। ਇਨਸਾਫ਼ ਕਮੇਟੀ ਨੇ ਝੋਟਾ ਦੀ ਪਤਨੀ ਮਨਪ੍ਰੀਤ ਕੌਰ, ਮਣਿਕ ਗੋਇਲ, ਗੁਰਜੰਟ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਨਾਲ ਸਰਕਾਰ ਦੀ ਉਹ ਕਮੇਟੀ ਆ ਕੇ ਗੱਲ ਕਰੇ, ਜਿਸ ਕੋਲ ਸਾਰੀਆਂ ਮੰਗਾਂ ਸਵੀਕਾਰ ਕਰਨ ਦਾ ਅਧਿਕਾਰ ਅਤੇ ਸ਼ਕਤੀ ਹੋਵੇ। ਇਨਸਾਫ਼ ਕਮੇਟੀ ਨੇ ਆਪਣੀਆਂ 12 ਮੰਗਾਂ ਤੋਂ ਇਲਾਵਾ ਵਾਰ ਵਾਰ ਮੁੱਖ ਮੰਤਰੀ ਅਤੇ ਡੀ.ਜੀ.ਪੀ ਦੇ ਅਸਤੀਫ਼ੇ ਦੇ ਨਾਲ ਨਾਲ ਖਿਆਲਾ ਵਿਖੇ ਬਣਨ ਵਾਲੇ ਟਰੌਮਾ ਸੈਂਟਰ ਦਾ ਨਾਮ ਪਰਵਿੰਦਰ ਝੋਟਾ ਦੇ ਨਾਮ ਰੱਖਣ ਦੀ ਮੰਗ ਕੀਤੀ। ਸਿੱਟ ਦਾ ਕਹਿਣਾ ਹੈ ਕਿ ਜਦੋਂ ਇਹ ਸੈਂਟਰ ਬਣ ਜਾਵੇਗਾ ਤਾਂ ਪਰਵਿੰਦਰ ਝੋਟੇ ਦਾ ਨਾਂ ਦਿੱਤਾ ਜਾਵੇਗਾ ਪਰ ਇਨਸਾਫ਼ ਕਮੇਟੀ ਇਸ ਨਾਲ ਸਹਿਮਤ ਨਹੀਂ ਹੋਈ। ਸਿੱਟ ਦੀ ਅਗਵਾਈ ਕਰਦਿਆਂ ਅਪਨੀਤ ਰਿਆਤ ਨੇ ਕਿਹਾ ਕਿ ਸਰਕਾਰ ਨੇ ਇਨਸਾਫ ਕਮੇਟੀ ਦੀਆਂ ਬਹੁਤੀਆਂ ਮੰਗਾਂ ਮੰਨ ਲਈਆਂ ਹਨ। ਸਰਕਾਰ ਨੇ ਨਸ਼ਿਆਂ ਤੇ ਕਾਰਵਾਈ ਕਰਦਿਆਂ ਬਿਨਾਂ ਡਾਕਟਰ ਦੀ ਪਰਚੀ ਤੋਂ ਪ੍ਰੀਗਾਬਾਲਿਨ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਨਾਲ ਨਾਲ ਨਵੀਆਂ ਮੰਗਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਉੱਧਰ ਧਰਨੇ ਵਿਚ ਬੋਲਦਿਆਂ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਇਸ ਪ੍ਰਤੱਖ ਕਤਲ ਕੇਸ ਵਿਚ ਪੋਸਟ ਮਾਰਟਮ ਦੀ ਬਹੁਤੀ ਲੋੜ ਨਹੀਂ। ਪੋਸਟ ਮਾਰਟਮ ਦੀ ਜ਼ਰੂਰਤ ਉਨ੍ਹਾਂ ਕੇਸਾਂ ਵਿਚ ਪੈਂਦੀ ਹੈ, ਜਿੱਥੇ ਮੌਤ ਦੇ ਕਾਰਨਾਂ, ਮੁਲਜ਼ਮ ਦਾ ਅਤਾ ਪਤਾ ਅਤੇ ਕੋਈ ਸਬੂਤ ਨਾ ਹੋਣ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਉਪਰੰਤ ਮਿ੍ਰਤਕ ਦੇਹ ਛੇਤੀ ਖਰਾਬ ਹੋਣਾ ਸ਼ੁਰੂ ਹੋ ਜਾਂਦੀ ਹੈ।
ਹਮੀਰ ਸਿੰਘ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਇਸ ਕਤਲ ਅਤੇ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਵਿਧਾਨ ਸਭਾ ਵਿਚ ਬਹਿਸ ਅਤੇ ਚਰਚਾ ਹੋਣੀ ਚਾਹੀਦੀ ਸੀ ਪਰ ਸਰਕਾਰ ਨੇ ਝੋਟਾ ਨੂੰ ਸ਼ਰਧਾਂਜਲੀ ਦੇ ਕੇ ਖਾਨਾਪੂਰਤੀ ਕਰ ਦਿੱਤੀ। ਵਿਰੋਧੀਆਂ ਨੂੰ ਬੋਲਣ ਦਾ ਸਮਾਂ ਨਾ ਦੇਣਾ ਵੀ ਇਕ ਧੱਕੇਸ਼ਾਹੀ ਹੈ।
ਪਰਵਿੰਦਰ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਝੋਟਾ ਦਾ ਅੰਤਿਮ ਸੰਸਕਾਰ ਨਾ ਕਰਨਾ ਅਤੇ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਣਾ ਵਿਰੋਧੀ ਪਾਰਟੀਆਂ ਦੀ ਨਹੀਂ, ਬਲਕਿ ਇਨਸਾਫ਼ ਕਮੇਟੀ ਅਤੇ ਪਰਿਵਾਰ ਦੀ ਮੰਗ ਹੈ ਕਿਉਂਕਿ ਇਸ ਘਟਨਾ ਲਈ ਨੈਤਿਕ ਤੌਰ ’ਤੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਹੀ ਜ਼ਿੰਮੇਵਾਰ ਹਨ। ਇਸ ਮੌਕੇ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵੀ ਪੁੱਜੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਧੰਨਾ ਮੱਲ ਗੋਇਲ, ਹਰਦੀਪ ਸਿੱਧੂ, ਲੱਖਾ ਸਿਧਾਣਾ, ਭਾਨਾ ਸਿੱਧੂ, ਕਿਸਾਨ ਆਗੂਆਂ ਬਿਕਰਮ ਮੋਫ਼ਰ, ਪਰਮਪਾਲ ਕੌਰ ਮਲੂਕਾ ਆਦਿ ਨੇ ਵੀ ਸੰਬੋਧਨ ਕੀਤਾ।