ਨਿਊਯਾਰਕ ’ਚ ਮੈਡੀਕੇਡ ਘੁਟਾਲੇ ਦੀ ਜਾਂਚ: ਐੱਬ.ਬੀ.ਆਈ. ਨੇ ਦਰਜਨਾਂ ਬਾਲਗ ਦੇਖਭਾਲ ਕੇਂਦਰਾਂ ’ਤੇ ਮਾਰੇ ਛਾਪੇ

ਨਿਊਯਾਰਕ ’ਚ ਮੈਡੀਕੇਡ ਘੁਟਾਲੇ ਦੀ ਜਾਂਚ: ਐੱਬ.ਬੀ.ਆਈ. ਨੇ ਦਰਜਨਾਂ ਬਾਲਗ ਦੇਖਭਾਲ ਕੇਂਦਰਾਂ ’ਤੇ ਮਾਰੇ ਛਾਪੇ

ਨਿਊਯਾਰਕ, 22 ਅਕਤੂਬਰ (ਅਰਜਨ ਰਿਆੜ, ਧੀਰਜ ਨਿਊਯਾਰਕ)-   ਅਮਰੀਕਾ ਵਿੱਚ ਸਰਕਾਰੀ ਸਿਹਤ ਸਹਾਇਤਾ ਯੋਜਨਾ ਮੈਡੀਕੇਡ ਨਾਲ ਕਥਿਤ ਧੋਖਾਧੜ੍ਹੀ ਦੇ ਮਾਮਲੇ ਵਿੱਚ ਫੈੱਡਰਲ ਜਾਂਚ ਏਜੰਸੀ  ਅਤੇ ਨਿਊਯਾਰਕ ਰਾਜ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਮੰਗਲਵਾਰ, 20 ਅਕਤੂਬਰ ਨੂੰ ਨਿਊਯਾਰਕ ਸ਼ਹਿਰ ਦੇ ਕਈ ਬਾਲਗ ਦੇਖਭਾਲ ਕੇਂਦਰਾਂ ’ਤੇ ਛਾਪੇ ਮਾਰੇ। ਇਹ ਕਾਰਵਾਈ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਦੀ ਜਾਂਚ ਤਹਿਤ ਕੀਤੀ ਗਈ ਹੈ। 
100 ਤੋਂ ਵੱਧ ਕੇਂਦਰ ਜਾਂਚ ਦੇ ਘੇਰੇ ਵਿੱਚ
ਮੀਡੀਆ ਰਿਪੋਰਟਾਂ ਅਨੁਸਾਰ, ਜਾਂਚ ਦਾ ਦਾਇਰਾ ਨਿਊਯਾਰਕ ਸ਼ਹਿਰ ਦੇ 100 ਤੋਂ ਵੱਧ ਸੋਸ਼ਲ ਐਡਲਟ ਡੇਅ ਕੇਅਰ ਕੇਂਦਰਾਂ ਅਤੇ ਸੇਵਾ ਪ੍ਰਦਾਤਾਵਾਂ ਤੱਕ ਫ਼ੈਲਿਆ ਹੋਇਆ ਹੈ। ਬਰੁਕਲਿਨ, ਕੁਈਨਜ਼, ਸਟੇਟਨ ਆਈਲੈਂਡ ਅਤੇ ਮੈਨਹੈਟਨ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਜਾਂਚ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੂੰ ਕਈ ਥਾਵਾਂ ਤੋਂ ਦਸਤਾਵੇਜ਼, ਕੰਪਿਊਟਰ ਅਤੇ ਹੋਰ ਸਬੂਤ ਇਕੱਠੇ ਕਰਦੇ ਦੇਖਿਆ ਗਿਆ। 
ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਕੁਝ ਸੇਵਾ ਪ੍ਰਦਾਤਾਵਾਂ ਨੇ ਮੈਡੀਕੇਡ ਕੋਲ ਗਲਤ ਬਿੱਲ ਪੇਸ਼ ਕੀਤੇ, ਨਾ ਦਿੱਤੀਆਂ ਗਈਆਂ ਸੇਵਾਵਾਂ ਲਈ ਭੁਗਤਾਨ ਮੰਗਿਆ, ਜਾਂ ਮਨੀ ਲਾਂਡਰਿੰਗ ਅਤੇ ਗੈਰ-ਕਾਨੂੰਨੀ ਕਮਿਸ਼ਨਾਂ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਹੋ ਸਕਦਾ ਹੈ। ਹਾਲਾਂਕਿ, ਜਾਂਚ ਦੇ ਘੇਰੇ ਵਿੱਚ ਆਉਣ ਵਾਲੇ ਹਰ ਕੇਂਦਰ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ। 
ਮੈਡੀਕੇਡ ਦੇ 2.4 ਅਰਬ ਡਾਲਰ ਖਰਚ ਦੀ ਜਾਂਚ
ਐੱਫ.ਬੀ.ਆਈ. ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਜਨਵਰੀ 2019 ਤੋਂ ਅਕਤੂਬਰ 2024 ਤੱਕ ਨਿਊਯਾਰਕ ਵਿੱਚ ਸੋਸ਼ਲ ਐਡਲਟ ਡੇਅ ਕੇਅਰ ਸੇਵਾਵਾਂ ’ਤੇ ਮੈਡੀਕੇਡ ਦੇ ਲਗਭਗ 2.4 ਅਰਬ ਅਮਰੀਕੀ ਡਾਲਰ ਖਰਚ ਹੋਏ। ਜਾਂਚ ਏਜੰਸੀਆਂ ਇਸ ਖੇਤਰ ਵਿੱਚ ਸੰਭਾਵਿਤ ਬੇਨਿਯਮੀਆਂ, ਫੰਡਾਂ ਦੀ ਬਰਬਾਦੀ ਅਤੇ ਧੋਖਾਧੜ੍ਹੀ ਦੇ ਸੰਕੇਤਾਂ ਦੀ ਜਾਂਚ ਕਰ ਰਹੀਆਂ ਹਨ। 
ਮੈਡੀਕੇਡ ਅਮਰੀਕਾ ਦੀ ਸਰਕਾਰੀ ਸਿਹਤ ਸਹਾਇਤਾ ਯੋਜਨਾ ਹੈ, ਜਿਸ ਰਾਹੀਂ ਯੋਗਤਾ ਪੂਰੀ ਕਰਨ ਵਾਲੇ ਘੱਟ ਆਮਦਨ ਵਾਲੇ ਲੋਕਾਂ ਨੂੰ ਸਿਹਤ ਸੇਵਾਵਾਂ ਮਿਲਦੀਆਂ ਹਨ। ਬਾਲਗ ਦੇਖਭਾਲ ਕੇਂਦਰ ਬਜ਼ੁਰਗਾਂ ਅਤੇ ਕੁਝ ਸਰੀਰਕ ਜਾਂ ਮਾਨਸਿਕ ਸਮਰੱਥਾ ਸਬੰਧੀ ਮੁਸ਼ਕਲਾਂ ਵਾਲੇ ਲੋਕਾਂ ਨੂੰ ਭੋਜਨ, ਸਮਾਜਿਕ ਗਤੀਵਿਧੀਆਂ ਅਤੇ ਦਿਨ ਵੇਲੇ ਸਹਾਇਤਾ ਪ੍ਰਦਾਨ ਕਰਦੇ ਹਨ।
ਸਟੇਟਨ ਆਈਲੈਂਡ ਵਿੱਚ ਦੋ ਵਿਅਕਤੀ ਗਿ੍ਰਫ਼ਤਾਰ
ਇਸੇ ਜਾਂਚ ਨਾਲ ਜੁੜੇ ਇੱਕ ਮਾਮਲੇ ਵਿੱਚ ਸਟੇਟਨ ਆਈਲੈਂਡ ਦੇ ਇੱਕ ਬਾਲਗ ਦੇਖਭਾਲ ਕੇਂਦਰ ਦੇ ਮਾਲਕ ਅਤੇ ਪ੍ਰੋਗਰਾਮ ਡਾਇਰੈਕਟਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਦੇ ਦੋਸ਼ਾਂ ਅਨੁਸਾਰ, ਕੇਂਦਰ ਨੇ ਲਗਭਗ ਚਾਰ ਮਹੀਨਿਆਂ ਦੌਰਾਨ 5.30 ਲੱਖ ਡਾਲਰ ਤੱਕ ਦੀ ਕਥਿਤ ਧੋਖਾਧੜ੍ਹੀ ਕੀਤੀ। ਜਾਂਚਕਰਤਾਵਾਂ ਦਾ ਦਾਅਵਾ ਹੈ ਕਿ ਕੁਝ ਅਜਿਹੇ ਲੋਕਾਂ ਦੀਆਂ ਸੇਵਾਵਾਂ ਦੇ ਬਿੱਲ ਵੀ ਪੇਸ ਕੀਤੇ ਗਏ ਜੋ ਉਸ ਸਮੇਂ ਮਿ੍ਰਤਕ ਸਨ ਜਾਂ ਦੇਸ਼ ਤੋਂ ਬਾਹਰ ਸਨ। ਇਹ ਦੋਸ਼ ਹਨ ਅਤੇ ਇਨ੍ਹਾਂ ਬਾਰੇ ਅਦਾਲਤੀ ਕਾਰਵਾਈ ਦੇ ਨਤੀਜੇ ਨੂੰ ਅੰਤਿਮ ਫ਼ੈਸਲਾ ਮੰਨਿਆ ਜਾਣਾ ਚਾਹੀਦਾ ਹੈ।
ਬਜ਼ੁਰਗਾਂ ਦੀਆਂ ਸੇਵਾਵਾਂ ਪ੍ਰਭਾਵਿਤ ਨਾ ਹੋਣ ਦੇਣ ਦਾ ਭਰੋਸਾ
ਨਿਊਯਾਰਕ ਦੀ ਗਵਰਨਰ ਕੈਥੀ ਹੋਕਲ ਨੇ ਕਿਹਾ ਹੈ ਕਿ ਇਹ ਕਾਰਵਾਈ ਸਰਕਾਰੀ ਫੰਡਾਂ ਦੀ ਦੁਰਵਰਤੋਂ ਅਤੇ ਧੋਖਾਧੜ੍ਹੀ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਜਾਂਚ ਕਾਰਨ ਅਸਲ ਵਿੱਚ ਸੇਵਾਵਾਂ ਲੈ ਰਹੇ ਬਜ਼ੁਰਗਾਂ ਨੂੰ ਬੇਸਹਾਰਾ ਨਹੀਂ ਛੱਡਿਆ ਜਾਣਾ ਚਾਹੀਦਾ ਅਤੇ ਉਨ੍ਹਾਂ ਦੀ ਦੇਖਭਾਲ ਜਾਰੀ ਰੱਖਣ ਲਈ ਪ੍ਰਬੰਧ ਕੀਤੇ ਜਾਣਗੇ।