ਸੀ.ਬੀ.ਆਈ. ਨੇ ਝੋਟਾ ਮਾਮਲੇ ’ਚ ਕਾਰਵਾਈ ਕੀਤੀ ਸ਼ੁਰੂ, ਚੰਡੀਗੜ੍ਹ ’ਚ ਕੇਸ ਦਰਜ

ਸੀ.ਬੀ.ਆਈ. ਨੇ ਝੋਟਾ ਮਾਮਲੇ ’ਚ ਕਾਰਵਾਈ ਕੀਤੀ ਸ਼ੁਰੂ, ਚੰਡੀਗੜ੍ਹ ’ਚ ਕੇਸ ਦਰਜ

ਐੱਫ.ਆਈ.ਆਰ. ’ਚ ਅਸ਼ਵਨੀ ਕੁਮਾਰ ਤੇ ਅਣਪਛਾਤੇ ਵਿਅਕਤੀਆਂ ਦੇ ਨਾਮ ਸ਼ਾਮਲ; ਜਾਂਚ ਲਈ ਮਾਹਿਰਾਂ ਦੀ ਵਿਸ਼ੇਸ਼ ਟੀਮ ਬਣਾਈ
ਚੰਡੀਗੜ੍ਹ, 22 ਅਕਤੂਬਰ (ਪੰਜਾਬੀ ਰਾਈਟਰ)- ਸੀ.ਬੀ.ਆਈ. ਨੇ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਕੇਸ ਸਬੰਧੀ ਬੁੱਧਵਾਰ ਨੂੰ ਚੰਡੀਗੜ੍ਹ ਦੇ ਸਪੈਸ਼ਲ ਕ੍ਰਾਈਮ ਬਰਾਂਚ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਦੀ ਟੀਮ ਨੇ ਮੰਗਲਵਾਰ ਰਾਤ ਹੀ ਮਾਮਲੇ ਦੀ ਜਾਂਚ ਵਿੱਢਣ ਸਾਰ ਮਾਨਸਾ ਦੇ ਥਾਣਾ ਸਿਟੀ-2 ਤੋਂ ਕੇਸ ਨਾਲ ਸਬੰਧਤ ਰਿਕਾਰਡ ਹਾਸਲ ਕਰ ਲਿਆ ਸੀ। ਸੀ.ਬੀ.ਆਈ. ਦੇ ਡੀ.ਆਈ.ਜੀ. ਡਾ. ਨਵਦੀਪ ਸਿੰਘ ਬਰਾੜ ਵੱਲੋਂ ਦਰਜ ਕੀਤੇ ਕੇਸ ’ਚ ਅਸ਼ਵਨੀ ਕੁਮਾਰ ਤੇ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਮਲੇ ਦੀ ਜਾਂਚ ਮੁਕੰਮਲ ਕਰਨ ਲਈ ਚਾਰ ਮਹੀਨਿਆਂ ਦਾ ਸਮਾਂ ਦਿੱਤਾ ਹੈ।
ਸੀ.ਬੀ.ਆਈ. ਨੇ ਭਾਰਤੀ ਨਿਆਂ ਸੰਹਿਤਾ-2023 ਦੀਆਂ ਵੱਖ-ਵੱਖ ਧਾਰਾਵਾਂ ਤੋਂ ਇਲਾਵਾ ਅਸਲਾ ਐਕਟ-1959 ਦੀ ਧਾਰਾ 25 ਤੇ 27 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਅਸ਼ਵਨੀ ਕੁਮਾਰ ਅਤੇ ਉਸ ਦੀ ਪਤਨੀ ਇਸ ਵੇਲੇ ਮਾਨਸਾ ਪੁਲੀਸ ਦੀ ਹਿਰਾਸਤ ਵਿੱਚ ਹਨ। ਕੇਂਦਰੀ ਏਜੰਸੀ ਵੱਲੋਂ ਬਣਾਈ ਵਿਸ਼ੇਸ਼ ਟੀਮ ਵਿੱਚ ਫ਼ੌਰੈਂਸਿਕ ਮਾਹਿਰਾਂ, ਡਰੱਗ ਕੰਟਰੋਲਰਾਂ ਅਤੇ ਜੀ.ਐੱਸ.ਟੀ. ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਪੁਲੀਸ ਨੇ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਸਾਲਾਸਰ ਤੋਂ ਗਿ੍ਰਫ਼ਤਾਰ ਕੀਤਾ ਸੀ। ਇਸ ਮਾਮਲੇ ’ਚ ਇਨਸਾਫ਼ ਲਈ ਮਾਨਸਾ ’ਚ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਮੋਰਚਾ ਵੀ ਜਾਰੀ ਹੈ।
ਗ੍ਰਹਿ ਵਿਭਾਗ ਪੰਜਾਬ ਨੇ 20 ਅਕਤੂਬਰ ਨੂੰ ਦਿੱਲੀ ਪੁਲੀਸ ਐਸਟੈਬਲਿਸ਼ਮੈਂਟ (ਸੀ.ਬੀ.ਆਈ.) ਐਕਟ ਦੀ ਧਾਰਾ 6 ਤਹਿਤ ਮਾਨਸਾ ਵਿੱਚ ਦਰਜ ਐੱਫ.ਆਈ.ਆਰ. ਨੰਬਰ 269 ਮਿਤੀ 14 ਅਕਤੂਬਰ 2026 ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਦੀ ਸਹਿਮਤੀ ਮਗਰੋਂ ਕੇਂਦਰੀ ਅਮਲਾ ਅਤੇ ਸਿਖਲਾਈ ਵਿਭਾਗ ਨੇ ਇਸ ਉਪਰੋਕਤ ਕੇਸ ਲਈ ਸੀ.ਬੀ.ਆਈ. ਦੇ ਦਾਇਰਾ ਅਖਤਿਆਰ ਅਤੇ ਤਾਕਤਾਂ ਨੂੰ ਪੰਜਾਬ ਤੱਕ ਵਧਾ ਦਿੱਤਾ ਹੈ।
ਤਤਕਾਲੀ ਅਮਰਿੰਦਰ ਸਿੰਘ ਸਰਕਾਰ ਨੇ 9 ਨਵੰਬਰ 2020 ਨੂੰ ਸੀ.ਬੀ.ਆਈ. ਨੂੰ ਪੰਜਾਬ ਰਾਜ ’ਚ ਜਾਂਚ ਲਈ ਦਿੱਤੀ ਆਮ ਸਹਿਮਤੀ ਵਾਪਸ ਲੈ ਲਈ ਸੀ। ਹੁਣ ਪਰਵਿੰਦਰ ਸਿੰਘ ਝੋਟਾ ਕਤਲ ਕੇਸ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੀ.ਬੀ.ਆਈ. ਨੂੰ ਜਾਂਚ ਲਈ ਸਹਿਮਤੀ ਦਿੱਤੀ ਹੈ। ਸੀ.ਬੀ.ਆਈ. ਨੇ ਮਾਮਲੇ ਦੀ ਜਾਂਚ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਪੰਜਾਬ ਭਾਜਪਾ ਵੱਲੋਂ ਸੀ.ਬੀ.ਆਈ. ਜਾਂਚ ਦੇ ਘੇਰੇ ’ਚ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆਂ ਅਤੇ ਸੰਗਰੂਰ ਦੇ ਪਿੰਡ ਤੂਰਬੰਜਾਰਾ ’ਚ ਵਾਪਰੀ ਘਟਨਾ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਪੀ.ਜੀ.ਆਈ. ਚੰਡੀਗੜ੍ਹ ਵਿੱਚ ਹੋਵੇਗਾ ਪੋਸਟ ਮਾਰਟਮ
ਪਰਵਿੰਦਰ ਸਿੰਘ ਝੋਟਾ ਦਾ ਪੋਸਟ ਮਾਰਟਮ ਪੀ.ਜੀ.ਆਈ. ਚੰਡੀਗੜ੍ਹ ਵਿੱਚ ਮਾਹਿਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ ਅਤੇ ਇਹ ਸਥਾਨਕ ਮੈਜਿਸਟਰੇਟ ਦੀ ਹਾਜ਼ਰੀ ’ਚ ਹੋਵੇਗਾ। ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੁੱਖ ਮੰਗਾਂ ’ਚ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਦੇ ਪੈਨਲ ਤੋਂ ਪੋਸਟ ਮਾਰਟਮ ਕਰਵਾਉਣ ਦੀ ਮੰਗ ਵੀ ਸ਼ਾਮਲ ਹੈ।