ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਾਂਸ ਵਾਪਸੀ ’ਤੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਤਿੰਨ ਘੰਟੇ ਰੋਕਣ ’ਤੇ ਹੰਗਾਮਾ 

ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਾਂਸ ਵਾਪਸੀ ’ਤੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਤਿੰਨ ਘੰਟੇ ਰੋਕਣ ’ਤੇ ਹੰਗਾਮਾ 

ਹਾਈਕੋਰਟ ਦੀ ਪ੍ਰਵਾਨਗੀ ਨਾਲ ਗਏ ਸੀ ਫਰਾਂਸ, 50 ਹਜ਼ਾਰ ਰੁਪਏ ਦਾ ਚਾਲਾਨ ਕੱਟਿਆ
ਨਵੀਂ ਦਿੱਲੀ, 21 ਅਕਤੂਬਰ (ਪੰਜਾਬੀ ਰਾਈਟਰ)- ਵੇਰਵਿਆਂ ਅਨੁਸਾਰ ਮੁੱਖ ਮੰਤਰੀ ਜਦੋਂ ਫ਼ਰਾਂਸ ਵਾਪਸੀ ਮੌਕੇ ਦਿੱਲੀ ਦੇ ਹਵਾਈ ਅੱਡੇ ’ਤੇ ਰਾਤੀ ਕਰੀਬ 11 ਵਜੇ ਪਹੁੰਚੇ ਤਾਂ ਉਸ ਮੌਕੇ ਉਨ੍ਹਾਂ ਨੂੰ ਕਸਟਮ ਅਧਿਕਾਰੀਆਂ ਨੇ ਸਾਮਾਨ ਆਦਿ ਨਾ ਆਉਣ ਦੇ ਬਹਾਨੇ ਕਈ ਘੰਟੇ ਰੋਕੀ ਰੱਖਿਆ| ‘ਆਪ’ ਦੇ ਬੁਲਾਰੇ ਬਲਤੇਜ ਪੰਨੂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਲ ’ਚ ਇਸ ਗੱਲ ਦੀ ਖਿਝ ਹੈ ਕਿ ਕੇਂਦਰ ਸਰਕਾਰ ਦੇ ਰੋਕਣ ਦੇ ਬਾਵਜੂਦ ਮੁੱਖ ਮੰਤਰੀ ਅਦਾਲਤੀ ਦਖਲ ਨਾਲ ਫ਼ਰਾਂਸ ਕਿਉਂ ਚਲੇ ਗਏ| ਉਨ੍ਹਾਂ ਕਿਹਾ ਕਿ ਦਿੱਲੀ ਦੇ ਹਵਾਈ ਅੱਡੇ ’ਤੇ ਪਹਿਲਾਂ ਸਾਮਾਨ ਦੇ ਬਹਾਨੇ ਮੁੱਖ ਮੰਤਰੀ ਨੂੰ ਰੋਕਿਆ ਅਤੇ ਫਿਰ ਜਦੋਂ ਮੁੱਖ ਮੰਤਰੀ ਹਵਾਈ ਅੱਡੇ ਤੋਂ ਬਾਹਰ ਗੱਡੀ ’ਚ ਬੈਠ ਗਏ ਤਾਂ ਪਿੱਛੋਂ ਆਏ ਅਧਿਕਾਰੀਆਂ ਨੇ ਰੋਕ ਕੇ 50 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ| ਪੰਨੂ ਦਾ ਕਹਿਣਾ ਸੀ ਕਿ ਹਾਈ ਕੋਰਟ ਨੇ ਮੁੱਖ ਮੰਤਰੀ ਨੂੰ ਵਿਦੇਸ਼ ਦੌਰਾਨ ਬਣਦਾ ਪ੍ਰੋਟੋਕਾਲ ਦੇਣ ਦੇ ਹੁਕਮ ਵੀ ਕੀਤੇ ਸਨ|
ਬਲਤੇਜ ਪੰਨੂ ਦਾ ਕਹਿਣਾ ਸੀ ਕਿ ਪ੍ਰੋਟੋਕਾਲ ਮੁਤਾਬਿਕ ਫ਼ਰਾਂਸ ’ਚ ਦੌਰੇ ਦੌਰਾਨ ਮੁੱਖ ਮੰਤਰੀ ਨੂੰ ਭਾਰਤੀ ਕੌਂਸਲੇਟ ਜਨਰਲ ਨੇ ਮਿਲਣਾ ਹੁੰਦਾ ਹੈ ਪ੍ਰੰਤੂ ਉਹ ਵੀ ਮੁੱਖ ਮੰਤਰੀ ਨੂੰ ਮਿਲਣ ਨਹੀਂ ਆਏ| ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਦਾਲਤੀ ਹੁਕਮਾਂ ਅਤੇ ਪ੍ਰੋਟੋਕਾਲ ਦੀ ਵੀ ਉਲੰਘਣਾ ਕੀਤੀ| ਦੱਸਣਯੋਗ ਹੈ ਕਿ ਕੇਂਦਰੀ ਵਿਦੇਸ਼ ਮੰਤਰਾਲੇ ਨੇ ਮੁੱਖ ਮੰਤਰੀ ਨੂੰ ਫ਼ਰਾਂਸ ਜਾਣ ਦੀ ਸਿਆਸੀ ਪ੍ਰਵਾਨਗੀ ਨਹੀਂ ਦਿੱਤੀ ਸੀ ਜਿਸ ਮਗਰੋਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਇਨਕਾਰੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ| ਅਦਾਲਤ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਸੀ| ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 17 ਤੋਂ 21 ਅਕਤੂਬਰ ਤੱਕ ਪੈਰਿਸ ਵਿੱਚ ਹੋਣ ਵਾਲੇ ਕੌਮਾਂਤਰੀ ਫੂਡ ਫੈਸਟੀਵਲ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਫੂਡ ਫੈਸਟੀਵਲ ’ਚ ਮਾਰਕਫੈੱਡ ਦੇ ਉਤਪਾਦ ਲਾਂਚ ਕੀਤੇ ਹਨ| ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ‘ਐਕਸ’ ’ਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਮੁੱਖ ਮੰਤਰੀ ਤੋਂ ਕਈ ਘੰਟੇ ਪੁੱਛਗਿੱਛ ਹੋਈ ਹੈ ਅਤੇ ਅਫ਼ਸਰਾਂ ਦੀ ਬੈਗ ਵੈਰੀਫਿਕੇਸ਼ਨ ਦੇ ਹੁਕਮ ਵੀ ਹੋਏ|