ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ ’ਤੇ ਗੋਲੀਬਾਰੀ; ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਜ਼ਿੰਮੇਵਾਰੀ

ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ ’ਤੇ ਗੋਲੀਬਾਰੀ; ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਜ਼ਿੰਮੇਵਾਰੀ

ਮੁੰਬਈ, 18 ਅਕਤੂਬਰ (ਪੰਜਾਬੀ ਰਾਈਟਰ)- ਅਦਾਕਾਰ ਟਾਈਗਰ ਸ਼ਰੌਫ ਅੱਜ ਸ਼ਾਮ ਮੁੰਬਈ ਦੇ ਜੁਹੂ ਇਲਾਕੇ ਵਿੱਚ ਉਸ ਉੱਪਰ ਹੋਈ ਗੋਲੀਬਾਰੀ ਦੀ ਘਟਨਾ ’ਚ ਵਾਲ-ਵਾਲ ਬਚ ਗਿਆ। ਪੁਲੀਸ ਮੁਤਾਬਕ ਇਸ ਘਟਨਾ ਵਿੱਚ ਅਦਾਕਾਰ ਦਾ ਡਰਾਈਵਰ ਅਤੇ ਇੱਕ ਆਟੋ ਰਿਕਸਾ ਚਾਲਕ ਜ਼ਖ਼ਮੀ ਹੋ ਗਏ। ਇਹ ਘਟਨਾ ਜੁਹੂ ਥਾਣੇ ਅਧੀਨ ਪੈਂਦੇ ਪੁਸ਼ਪਾ ਪਾਰਕ ਨੇੜੇ ਵਾਪਰੀ। ਮੁੱਢਲੀਆਂ ਰਿਪੋਰਟਾਂ ਅਨੁਸਾਰ ਇੱਕ ਅਣਪਛਾਤੇ ਵਿਅਕਤੀ ਨੇ ਟਾਈਗਰ ਸ਼ਰੌਫ ਅਤੇ ਉਸ ਦੇ ਦੋਸਤ ’ਤੇ ਗੋਲੀਬਾਰੀ ਕੀਤੀ। ਘਟਨਾ ਦੀ ਵਾਇਰਲ ਹੋਈ ਵੀਡੀਓ ਅਣਪਛਾਤਾ ਵਿਅਕਤੀ ਅਦਾਕਾਰ ਦੀ ਕਾਰ ’ਤੇ ਗੋਲੀਆਂ ਚਲਾਉਂਦਾ ਹੋਇਆ ਦਿਸ ਰਿਹਾ ਹੈ। ਹਮਲਾਵਰ ਨੇ ਟਾਈਗਰ ਸ਼ਰੌਫ ’ਤੇ ਤਿੰਨ ਗੋਲੀਆਂ ਚਲਾਈਆਂ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮਾਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀਆਂ ਹਨ। ਅਦਾਕਾਰ ਦੇ ਪਿਤਾ ਜੈਕੀ ਸ਼ਰੌਫ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਪੁੱਤਰ ਸੁਰੱਖਿਅਤ ਹੈ ਅਤੇ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ।
ਲਾਰੈਂਸ ਬਿਸ਼ਨੋਈ ਗਰੋਹ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ
ਇਸ ਘਟਨਾ ਲਈ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਜ਼ਿੰਮੇਵਾਰੀ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਵਿੱਚ ਮੁੰਬਈ ਦੇ ਜੂਹੂ ਇਲਾਕੇ ਵਿੱਚ ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ਬਾਹਰ ਵੀ ਗੋਲੀਬਾਰੀ ਹੋਈ ਸੀ। ਉਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਸੋਸ਼ਲ ਮੀਡੀਆ ਖਾਤੇ ਵੱਲੋਂ ਲੈਣ ਦਾ ਦਾਅਵਾ ਕੀਤਾ ਗਿਆ ਸੀ।
ਮੁੱਖ ਮੰਤਰੀ ਵੱਲੋਂ ਟਾਈਗਰ ਨਾਲ ਗੱਲਬਾਤ; ਦੋਸ਼ੀਆਂ ਦੀ ਛੇਤੀ ਗਿ੍ਰਫ਼ਤਾਰੀ ਦਾ ਭਰੋਸਾ
ਟਾਈਗਰ ਸ਼ਰੌਫ ਦੀ ਕਾਰ ’ਤੇ ਗੋਲੀਬਾਰੀ ਦੀ ਘਟਨਾ ਮਗਰੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫ਼ੜਨਵੀਸ ਨੇ ਅਦਾਕਾਰ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਮੁਲਜ਼ਮਾਂ ਨੂੰ ਛੇਤੀ ਕਾਬੂ ਕਰਨ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਦਾਕਾਰ ਨਾਲ ਖੜ੍ਹੀ ਹੈ ਅਤੇ ਪੁਲੀਸ ਹਮਲਾਵਰਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਜਲਦੀ ਗਿ੍ਰਫ਼ਤਾਰ ਕਰੇਗੀ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਅਨੁਸਾਰ, ਫ਼ੜਨਵੀਸ ਨੇ ਇਸ ਘਟਨਾ ਬਾਰੇ ਜਾਣਕਾਰੀ ਲੈਣ ਲਈ ਮੁੰਬਈ ਪੁਲੀਸ ਕਮਿਸ਼ਨਰ ਨਾਲ ਵੀ ਗੱਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਤੇਜ਼ੀ ਨਾਲ ਜਾਂਚ ਕਰਨ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਗੋਲੀਬਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਫ਼ੜਨ ਲਈ ਪੁਲੀਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਗਰੋਹ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੁੰਬਈ ਤੇ ਇਸ ਦੇ ਵਸਨੀਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜ਼ੀਹ ਹੈ। ਸ਼ਿੰਦੇ ਨੇ ਕਿਹਾ ਕਿ ਭਾਵੇਂ ਕੋਈ ਮਸ਼ਹੂਰ ਹਸਤੀ ਹੋਵੇ ਜਾਂ ਆਮ ਨਾਗਰਿਕ, ਉਸ ਦੀ ਸੁਰੱਖਿਆ ਯਕੀਨੀ ਬਣਾਉਣਾ ਪੁਲੀਸ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ 1990ਵਿਆਂ ਵਿੱਚ ਮੁੰਬਈ ਵਿੱਚ ਹੋਈਆਂ ਗਰੋਹਾਂ ਦੀਆਂ ਲੜਾਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਵੀ ਮੁੰਬਈ ਪੁਲੀਸ ਨੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਕਾਨੂੰਨ ਵਿਵਸਥਾ ਕਾਇਮ ਰੱਖੀ ਸੀ।
ਮੁੰਬਈ ਪੁਲੀਸ ਨੇ ਜਾਂਚ ਲਈ ਬਣਾਈਆਂ 15 ਟੀਮਾਂ
ਮੁੰਬਈ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਲਈ 15 ਟੀਮਾਂ ਬਣਾਈਆਂ ਹਨ। ਪੁਲੀਸ ਅਨੁਸਾਰ, ਐਤਵਾਰ ਸ਼ਾਮ ਜਦੋਂ ਟਾਈਗਰ ਸ਼ਰੌਫ ਆਪਣੀ ਕਾਰ ਵਿੱਚ ਇੱਕ ਮੈਦਾਨ ਤੋਂ ਨਿਕਲ ਰਹੇ ਸਨ ਤਾਂ ਉੱਥੇ ਉਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹੋਏ ਸਨ। ਇਸੇ ਭੀੜ ਵਿੱਚੋਂ ਉਨ੍ਹਾਂ ਦੀ ਕਾਰ ’ਤੇ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਵਿੱਚ ਟਾਈਗਰ ਸ਼ਰੌਫ ਵਾਲ-ਵਾਲ ਬਚ ਗਏ। ਉਨ੍ਹਾਂ ਦੇ ਡਰਾਈਵਰ ਫਿਰਦੋਸ ਦੀ ਖੱਬੀ ਬਾਂਹ ਵਿੱਚ ਗੋਲੀ ਲੱਗੀ, ਜਦਕਿ ਇੱਕ ਆਟੋ ਰਿਕਸ਼ਾ ਚਾਲਕ ਵੀ ਜ਼ਖ਼ਮੀ ਹੋਇਆ। ਪੁਲੀਸ ਹਮਲਾਵਰਾਂ ਦੀ ਪਛਾਣ ਕਰਨ ਅਤੇ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਲਾਉਣ ਵਿੱਚ ਜੁਟੀ ਹੋਈ ਹੈ।